ਉਦੈਪੁਰ 'ਚ ਸਿਰ ਕਲਮ ਦੀ ਘਟਨਾ ਮਗਰੋਂ ਸਥਿਤੀ ਤਣਾਅਪੂਰਨ, ਕਰਫਿਊ ਵਿਚਕਾਰ ਇੰਟਰਨੈਟ ਬੰਦ
ਕਤਲ ਦੇ 4 ਘੰਟੇ ਬਾਅਦ ਦੋ ਮੁਲਜ਼ਮਾਂ ਗ਼ੌਸ ਮੁਹੰਮਦ ਤੇ ਰਿਆਜ਼ ਜੱਬਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। NIA ਤੇ SIT ਉਦੈਪੁਰ ਪਹੁੰਚ ਗਈ ਹੈ। ਪੁੱਛਗਿੱਛ ਤੋਂ ਬਾਅਦ ਐਨਆਈਏ ਜਾਂਚ ਆਪਣੇ ਹੱਥਾਂ ਵਿੱਚ ਲੈ ਸਕਦੀ ਹੈ। ਐਸਆਈਟੀ ਟੀਮ 'ਚ ਏਡੀਜੀ ਅਸ਼ੋਕ ਰਾਠੌੜ ਸਮੇਤ ਚਾਰ ਲੋਕ ਉਦੈਪੁਰ ਪਹੁੰਚ ਚੁੱਕੇ ਹਨ। ਟੇਲਰ ਕਨ੍ਹਈਆ ਲਾਲ ਸਾਹੂ ਦਾ ਮੰਗਲਵਾਰ ਦੁਪਹਿਰ ਨੂੰ ਦੁਕਾਨ 'ਚ ਦਾਖਲ ਹੋ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਦੋਸ਼ੀਆਂ ਨੇ ਘਟਨਾ ਦੀ ਵੀਡੀਓ ਵੀ ਬਣਾਈ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਧਮਕੀ ਦਿੱਤੀ। ਕਤਲ ਤੋਂ ਬਾਅਦ ਪਰਿਵਾਰ ਨੇ ਕੁਝ ਮੰਗਾਂ ਰੱਖੀਆਂ ਸਨ। ਇਸ 'ਤੇ ਸਹਿਮਤੀ ਤੋਂ ਬਾਅਦ ਕਨ੍ਹਈਆ ਲਾਲ ਦੀ ਲਾਸ਼ ਨੂੰ ਮੁਰਦਾਘਰ 'ਚ ਰਖਵਾਇਆ ਗਿਆ ਹੈ। ਪੋਸਟਮਾਰਟਮ ਤੋਂ ਬਾਅਦ ਅੰਤਿਮ ਸੰਸਕਾਰ ਕੀਤਾ ਜਾਵੇਗਾ। ਰਿਸ਼ਤੇਦਾਰਾਂ ਨੂੰ 31 ਲੱਖ ਰੁਪਏ ਤੇ ਦੋਵਾਂ ਪੁੱਤਰਾਂ ਨੂੰ ਨੌਕਰੀ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਥਾਣਾ ਧਨਮੰਡੀ ਦੇ ਏਐਸਆਈ ਭੰਵਰਲਾਲ ਨੂੰ ਲਾਪਰਵਾਹੀ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਦੋਵੇਂ ਹਮਲਾਵਰ ਮੰਗਲਵਾਰ ਨੂੰ ਕੱਪੜੇ ਦਾ ਮਾਪ ਦੇਣ ਦੇ ਬਹਾਨੇ ਕਨ੍ਹਈਆ ਲਾਲ ਦੀ ਦੁਕਾਨ 'ਚ ਦਾਖਲ ਹੋਏ ਸਨ। ਇਸ ਲਈ ਉਨ੍ਹਾਂ ਨੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਕਾਰਨ ਉਦੈਪੁਰ ਵਿੱਚ ਦਿਨ ਭਰ ਮਾਹੌਲ ਤਣਾਅਪੂਰਨ ਬਣਿਆ ਰਿਹਾ। ਕਤਲੇਆਮ ਦੇ ਵਿਰੋਧ ਵਿਚ ਲੋਕ ਸੜਕਾਂ 'ਤੇ ਉਤਰ ਆਏ। ਮਾਮਲੇ ਤੋਂ ਨਾਰਾਜ਼ ਲੋਕਾਂ ਦੇ ਧਰਨੇ ਦੌਰਾਨ ਪ੍ਰਦਰਸ਼ਨਕਾਰੀਆਂ ਦੀ ਪੁਲਿਸ ਨਾਲ ਕਈ ਵਾਰ ਝੜਪ ਵੀ ਹੋਈ। ਉਦੈਪੁਰ ਦਾ ਸਮੁੱਚਾ ਪ੍ਰਸ਼ਾਸਨਿਕ ਅਮਲਾ ਮੌਕੇ 'ਤੇ ਮੌਜੂਦ ਰਿਹਾ। ਕਨ੍ਹਈਆ ਲਾਲ ਦਾ ਕਤਲ ਕਰਨ ਤੋਂ ਬਾਅਦ ਮੁਲਜ਼ਮ ਮੁਹੰਮਦ ਰਿਆਜ਼ ਅਤੇ ਮੁਹੰਮਦ ਗ਼ੌਸ ਆਪਣੇ ਬਾਈਕ ਉਤੇ ਫਰਾਰ ਹੋਣ ਲਈ ਨਿਕਲੇ ਸਨ ਪਰ ਇਸ ਦੌਰਾਨ ਡੀਐਸਟੀ ਦੀ ਟੀਮ ਨੇ ਰਾਜਸਮੰਦ ਪੁਲਿਸ ਦੀ ਮਦਦ ਨਾਲ ਦੋਵੇਂ ਮੁਲਜ਼ਮਾਂ ਨੂੰ ਭੀਮ ਇਲਾਕੇ ਤੋਂ ਗ੍ਰਿਫ਼ਤਾਰ ਕਰ ਲਿਆ। ਡੀਐਸਟੀ ਟੀਮ ਦੇ ਪ੍ਰਹਿਲਾਦ ਸਿੰਘ ਨੂੰ ਮਿਲੀ ਸੂਹ ਦੇ ਆਧਾਰ ਉਤੇ ਡੀਐਸਟੀ ਟੀਮ ਨੇ ਦੋਵਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਮੋਟਰਸਾਈਕਲ ਉਤੇ ਸਵਾਰ ਹੋ ਕੇ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਨਾਕਾਬੰਦੀ ਕਰਕੇ ਕਾਬੂ ਕਰ ਲਿਆ ਗਿਆ।
ਸੂਤਰਾਂ ਦਾ ਕਹਿਣਾ ਹੈ ਕਿ ਕਨ੍ਹਈਆ ਲਾਲ ਨੇ ਭਾਜਪਾ ਦੀ ਸਾਬਕਾ ਆਗੂ ਨੂਪੁਰ ਸ਼ਰਮਾ ਵੱਲੋਂ ਪੈਗੰਬਰ ਮੁਹੰਮਦ ਬਾਰੇ ਕੀਤੀ ਵਿਵਾਦਤ ਟਿੱਪਣੀ ਦਾ ਸੋਸ਼ਲ ਮੀਡੀਆ ਉਤੇ ਹਮਾਇਤ ਕੀਤੀ ਸੀ, ਜਿਸ ਕਾਰਨ ਉਸ ਦਾ ਕਤਲ ਕੀਤਾ ਗਿਆ ਹੈ। ਕਤਲ ਸਬੰਧੀ ਵੀਡੀਓ ਵਾਇਰਲ ਹੋਣ ਮਗਰੋਂ ਉਦੈਪੁਰ ਵਿੱਚ ਤਣਾਅ ਪੈਦਾ ਹੋ ਗਿਆ। ਸਥਾਨਕ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ। ਮੁੱਖ ਮੰਤਰੀ ਗਹਿਲੋਤ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਉਦੈਪੁਰ ਦੇ ਐੱਸਪੀ ਮਨੋਜ ਕੁਮਾਰ ਨੇ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਇਹ ਵੀ ਪੜ੍ਹੋ : ਆਨੰਦਪੁਰ ਸਾਹਿਬ 'ਚ ਭਾਰੀ ਮੀਂਹ, ਵੱਖ-ਵੱਖ ਜ਼ਿਲ੍ਹਿਆਂ 'ਚ ਬੱਦਲਵਾਈ