15 ਸਾਲ ਬਾਅਦ ਪੰਜਾਬ 'ਚ ਕਣਕ ਦੀ ਪੈਦਾਵਾਰ ਘਟੀ
ਚੰਡੀਗੜ੍ਹ : ਪੰਜਾਬ ਵਿੱਚ ਪੰਦਰਾਂ ਸਾਲਾਂ ਬਾਅਦ ਕਣਕ ਦੀ ਪੈਦਾਵਾਰ ਘਟੀ। ਖ਼ਰੀਦ ਏਜੰਸੀਆਂ ਅਜੇ ਤੱਕ ਕਣਕ ਖਰੀਦ ਦਾ 100 ਲੱਖ ਮੀਟ੍ਰਿਕ ਟਨ ਦੇ ਅੰਕੜੇ ਉਤੇ ਵੀ ਨਹੀਂ ਪੁੱਜੀਆਂ ਹਨ। ਫੂਡ ਕਾਰਪੋਰੇਸ਼ਨ ਅਤੇ ਹੋਰ ਸਰਕਾਰੀ ਏਜੰਸੀਆਂ ਸਮੇਤ ਬੀਤੇ ਦਿਨ ਤੱਕ 83.49 ਲੱਖ ਮੀਟ੍ਰਿਕ ਟਨ ਹੀ ਕਣਕ ਖਰੀਦੀ ਗਈ। ਪਿਛਲੇ ਸਾਲ ਪੰਜਾਬ ਵਿਚੋਂ ਰਿਕਾਰਡਤੋੜ 132.14 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ। 2007 ਅਤੇ 2006 ਦੌਰਾਨ ਕਣਕ ਦੀ ਖ਼ਰੀਦ ਕ੍ਰਮਵਾਰ 70.99 ਅਤੇ 69.07 ਲੱਖ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਕੀਤੀ ਗਈ ਸੀ। ਇਨ੍ਹਾਂ ਦੋਨੋਂ ਸਾਲਾਂ ਦੌਰਾਨ ਵੀ ਨਿੱਜੀ ਵਪਾਰੀਆਂ ਵੱਲੋਂ ਕਣਕ ਦੀ ਖ਼ਰੀਦ 13.12 ਅਤੇ 9.18 ਲੱਖ ਮੀਟ੍ਰਿਕ ਟਨ ਕਣਕ ਦੀ ਖ਼ਰੀਦ ਗਈ ਸੀ। ਇਸ ਸਾਲ ਵੀ ਬੀਤੀ ਸ਼ਾਮ ਤਕ ਨਿੱਜੀ ਵਪਾਰੀਆਂ ਵੱਲੋਂ 4. 61 ਲੱਖ ਮੀਟ੍ਰਿਕ ਟਨ ਕਣਕ ਖ਼ਰੀਦੀ ਗਈ ਹੈ। ਭਾਵੇਂ ਕਿ ਨਿੱਜੀ ਵਪਾਰੀਆਂ ਵੱਲੋਂ ਪਿਛਲੇ ਸਾਲ 2021 ਵਿੱਚ 1.14 ਲੱਖ ਮੀਟ੍ਰਿਕ ਟਨ, 2020 ਵਿੱਚ 1.93 ਮੀਟ੍ਰਿਕ ਟਨ, 2019 ਵਿੱਚ 2.80 ਮੀਟ੍ਰਿਕ ਟਨ ਅਤੇ 2018 ਵਿੱਚ 2.06 ਲੱਖ ਮੀਟ੍ਰਿਕ ਟਨ ਕਣਕ ਖ਼ਰੀਦੀ ਗਈ ਸੀ। ਆਉਂਦੇ 3 ਦਿਨਾਂ ਦੌਰਾਨ ਨਿੱਜੀ ਵਪਾਰੀਆਂ ਵੱਲੋਂ ਖ਼ਰੀਦ ਦਾ ਅੰਕੜਾ 5 ਲੱਖ ਮੀਟ੍ਰਿਕ ਟਨ ਤੋਂ ਟੱਪ ਜਾਏਗਾ। ਮਾਹਿਰਾਂ ਅਨੁਸਾਰ ਇਸ ਸਾਲ ਕਣਕ ਦਾ ਝਾੜ 33 ਫੀਸਦੀ ਘਟਿਆ ਹੈ। ਹੁਣ ਤਕ ਪੰਜਾਬ ਵਿੱਚ ਲਗਪਗ ਡੇਢ ਦਰਜਨ ਦੇ ਕਰੀਬ ਕਿਸਾਨਾਂ ਵੱਲੋਂ ਕਣਕ ਦੇ ਝਾੜ ਘਟਣ ਕਰਕੇ ਖੁਦਕੁਸ਼ੀਆਂ ਕੀਤੀਆਂ ਜਾ ਚੁੱਕੀਆਂ ਹਨ। ਪਟਿਆਲਾ ਦੇ ਸਨੌਰ ਹਲਕੇ ਵਿੱਚ ਵੀ 45 ਸਾਲਾ ਹਰਜਿੰਦਰ ਸਿੰਘ ਵੱਲੋਂ ਇਸ ਦੇ ਚਲਦਿਆਂ ਖੁਦਕੁਸ਼ੀ ਕੀਤੀ ਗਈ ਸੀ। ਸਨੌਰ ਹਲਕੇ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਨੂੰ ਨੈਸ਼ਨਲ ਕਲੈਮਿਟੀ ਐਲਾਨਿਆ ਜਾਵੇ ਅਤੇ ਡਿਜਾਸਟਰ ਮੈਨੇਜਮੈਂਟ ਫੰਡ ਵਿੱਚੋਂ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਵੇ। ਪੰਜਾਬ ਵਿੱਚ ਕਣਕ ਦੀ ਪੈਦਾਵਰ ਘੱਟਣਾ ਕਾਫੀ ਚਿੰਤਾ ਦਾ ਵਿਸ਼ਾ ਹੈ। ਇਸ ਤੋਂ ਇਲਾਵਾ ਇਸ ਵਾਰ ਕਣਕ ਦਾ ਝਾੜ ਵੀ ਕਾਫੀ ਘੱਟ ਨਿਕਲਿਆ ਹੈ, ਜਿਸ ਕਾਰਨ ਕਿਸਾਨ ਕਾਫੀ ਪਰੇਸ਼ਾਨ ਹਨ। ਝਾੜ ਘੱਟ ਨਿਕਲਣ ਕਾਰਨ ਕਿਸਾਨਾਂ ਵੱਲੋਂ ਖ਼ੁਦਕੁਸ਼ੀਆਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਤੋਂ ਇਲਾਵਾ ਕਣਕ ਦੇ ਦਾਣੇ ਦੇ ਪੂਰੀ ਤਰ੍ਹਾਂ ਵਿਕਸਿਤ ਨਾ ਹੋਣ ਕਾਰਨ ਖ਼ਰੀਦ ਏਜੰਸੀਆਂ ਨੇ ਬੀਤੇ ਦਿਨੀਂ ਆਪਣੇ ਹੱਥ ਪਿੱਛੇ ਖਿੱਚ ਲਏ ਸਨ, ਜਿਸ ਕਾਰਨ ਕਿਸਾਨਾਂ ਦੀਆਂ ਪਰੇਸ਼ਾਨੀਆਂ ਕਾਫੀ ਵੱਧ ਗਈਆਂ ਸਨ। ਹਾਲਾਂਕਿ ਮੀਟਿੰਗ ਤੋਂ ਬਾਅਦ ਇਹ ਮਸਲਾ ਹੱਲ ਹੋ ਗਿਆ ਸੀ। ਇਸ ਤਰ੍ਹਾਂ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਸਰਕਾਰ ਨੂੰ ਵਾਜਿਬ ਪਾਲਿਸੀਆਂ ਬਣਾਉਣੀਆਂ ਚਾਹੀਦੀਆਂ ਹਨ ਤਾਂ ਕਿ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਦੇ ਰਾਹ ਤੋਂ ਰੋਕਿਆ ਜਾ ਸਕੇ। ਇਹ ਵੀ ਪੜ੍ਹੋ : ਕਿਸਾਨਾਂ 'ਤੇ ਮਹਿੰਗਾਈ ਦੀ ਮਾਰ, ਡੀਏਪੀ ਪ੍ਰਤੀ ਗੱਟਾ 150 ਰੁਪਏ ਹੋਈ ਮਹਿੰਗੀ