ਖੇਤੀਬਾੜੀ

ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਚਿੱਟੀ ਮੱਖੀ ਨਾਲ ਪ੍ਰਭਾਵਿਤ ਨਰਮਾ ਫਾਰਮਾਂ ਨੂੰ ਅਪਣਾਉਣ ਲਈ ਖੇਤੀਬਾੜੀ ਵਿਭਾਗ ਨੂੰ ਨਿਰਦੇਸ਼

By Joshi -- August 19, 2017 12:08 pm -- Updated:Feb 15, 2021

ਚਾਰ ਜ਼ਿਲਿਆਂ ਵਿਚ 1000 ਨੁਮਾਇਸ਼ ਫਾਰਮ ਅਪਣਾਏ ਜਾਣਗੇ

ਖੇਤੀਬਾੜੀ ਵਿਭਾਗ ਨੂੰ ਜਾਅਲੀ ਕੀਟਨਾਸ਼ਕਾਂ ਦੀ ਸਪਲਾਈ ਵਿਰੁੱਧ ਤਿੱਖਾ ਹੱਲਾ ਬੋਲਣ ਦੇ ਵੀ ਹੁਕਮ

ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀਬਾੜੀ ਵਿਭਾਗ ਨੂੰ ਮਾਨਸਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਨਾਂ ਦੇ ਚਾਰ ਜ਼ਿਲਿਆਂ ਦੇ ਹਰੇਕ ਪਿੰਡ ਵਿਚ ਚਿੱਟੀ ਮੱਖੀ ਨਾਲ ਨੁਕਸਾਨੀ ਗਈ ਨਰਮੇ ਦੀ ਫਸਲ ਦੇ ਪਲਾਟ ਅਪਨਾਉਣ ਲਈ ਆਖਿਆ ਹੈ। ਇਨਾਂ ਜ਼ਿਲਿਆਂ ਵਿਚ ਨਰਮੇ ਦੀ ਸਭ ਤੋਂ ਵੱਧ ਫਸਲ ਹੁੰਦੀ ਹੈ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇੱਕ ਉੱਚ ਪੱਧਰੀ ਮੀਟਿੰਗ ਤੋਂ ਬਾਅਦ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੰਗਠਤ ਕੀਟ ਪ੍ਰਬੰਧਨ (ਆਈ.ਪੀ.ਐਮ) ਬਾਰੇ ਜਾਗਰੂਕ ਕਰਨ ਲਈ ਨੁਮਾਇਸ਼ ਲਾਉਣ ਵਾਸਤੇ ਇਨਾਂ ਪਲਾਟਾਂ ਦੀ ਵਰਤੋਂ ਕਰਨ ਲਈ ਆਖਿਆ ਹੈ। ਮੁੱਖ ਮੰਤਰੀ ਨੇ ਇਸ ਮੀਟਿੰਗ ਦੌਰਾਨ ਚਿੱਟੀ ਮੱਖੀ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲਿਆ।

ਮੁੱਖ ਮੰਤਰੀ ਨੇ ਕੀੜਿਆਂ-ਮਕੌੜਿਆਂ ਖਾਸਕਰ ਚਿੱਟੀ ਮੱਖੀ ਤੋਂ ਨਰਮੇ ਨੂੰ ਬਚਾਉਣ ਲਈ ਅਤਿਆਧੁਨਿਕ ਤਕਨਾਲੋਜੀ ਬਾਰੇ ਨਰਮਾ ਉਤਪਾਦਕਾਂ ਨੂੰ ਜਾਗਰੂਕ ਕਰਨ ਲਈ ਇਨਾਂ ਨੁਮਾਇਸ਼ਾਂ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਹਨ।

ਬੁਲਾਰੇ ਅਨੁਸਾਰ ਇਸ ਤਰਾਂ ਦੇ ਕੁੱਲ 1000 ਨੁਮਾਇਸ਼ ਫਾਰਮ ਖੇਤੀਬਾੜੀ ਵਿਭਾਗ ਵੱਲੋਂ ਅਪਣਾਏ ਜਾਣਗੇ। ਖੇਤੀਬਾੜੀ ਵਿਕਾਸ ਅਫਸਰਾਂ ਅਤੇ ਖੇਤੀਬਾੜੀ ਅਫਸਰਾਂ ਦੇ ਨਾਲ ਵਿਚਾਰ ਵਟਾਂਦਰੇ ਰਾਹੀਂ ਫੀਲਡ ਸਟਾਫ ਅਤੇ ਸਕਾਊਟ ਸਿਫਾਰਸ਼ ਕੀਤੇ ਕੀਟਨਾਸ਼ਕਾਂ ਅਤੇ ਨਦੀਨ-ਨਾਸ਼ਕਾਂ ਦੀ ਵਰਤੋਂ ਵਾਸਤੇ ਮੁਢਲੀ ਸਿਖਲਾਈ ਦੇਣ ਤੋਂ ਇਲਾਵਾ ਇਨਾਂ ਨੁਮਾਇਸ਼ ਕੇਂਦਰਾਂ ਵਿਚ ਰਸਾਇਣਕ ਖਾਦਾਂ ਅਤੇ ਹੋਰ ਖਾਦਾਂ ਦੀ ਢੁੱਕਵੀਂ ਵਰਤੋਂ ਕਰਨ ਬਾਰੇ ਜਾਣਕਾਰੀ ਦੇਣਗੇ। ਇਹ ਕੇਂਦਰ ਚਿੱਟੀ ਮੱਖੀ ਕਾਰਨ ਪ੍ਰਭਾਵਿਤ ਹੋਏ ਕਿਸਾਨਾਂ ਵਿਚ ਵਿਸ਼ਵਾਸ ਬਹਾਲ ਕਰਨ ਲਈ ਮਦਦਗਾਰ ਹੋਣਗੇ।

ਮਾਨਸਾ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਸੰਗਰੂਰ, ਬਰਨਾਲਾ ਅਤੇ ਫਰੀਦਕੋਟ ਨਾਂ ਦੇ ਸੱਤ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਮੁੱਖ ਖੇਤੀਬਾੜੀ ਅਧਿਕਾਰੀਆਂ ਨੇ ਮੀਟਿੰਗ ਵਿਚ ਹਿੱਸਾ ਲਿਆ ਅਤੇ ਮੁੱਖ ਮੰਤਰੀ ਦੀ ਮਾਨਸਾ ਖੇਤਰ ਦੇ ਪਿਛਲੇ ਹਫਤੇ ਦੇ ਦੌਰੇ ਤੋਂ ਬਾਅਦ ਦੇ ਹਾਲਤਾਂ ਬਾਰੇ ਉਨਾਂ ਨੂੰ ਜਾਣੂ ਕਰਵਾਇਆ।
ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਚਿੱਟੀ ਮੱਖੀ ਨਾਲ ਪ੍ਰਭਾਵਿਤ ਨਰਮਾ ਫਾਰਮਾਂ ਨੂੰ ਅਪਣਾਉਣ ਲਈ ਖੇਤੀਬਾੜੀ ਵਿਭਾਗ ਨੂੰ ਨਿਰਦੇਸ਼ਮੀਟਿੰਗ ਵਿਚ ਦੱਸਿਆ ਗਿਆ ਕਿ ਨਰਮੇ ਦੀ ਕਾਸ਼ਤ ਹੇਠ ਕੁੱਲ 3.82 ਲੱਖ ਹੈਕਟੇਅਰ ਰਕਬੇ ਵਿਚੋਂ ਸਿਰਫ 18.1 ਹੈਕਟੇਅਰ ਰਕਬਾ ਚਿੱਟੀ ਮੱਖੀ ਕਾਰਨ ਪ੍ਰਭਾਵਿਤ ਹੋਇਆ ਹੈ। ਬਠਿੰਡਾ ਜ਼ਿਲੇ ਵਿਚ ਕੁੱਲ 140000 ਹੈਕਟੇਅਰ ਰਕਬੇ ਵਿਚੋਂ ਕੇਵਲ 3.6 ਹੈਕਟੇਅਰ ਰਕਬਾ ਪ੍ਰਭਾਵਿਤ ਹੋਇਆ ਹੈ ਜਦਕਿ ਮਾਨਸਾ ਵਿਚ 86010 ਹੈਕਟੇਅਰ ਰਕਬੇ ਵਿਚੋਂ 10.2 ਹੈਕਟੇਅਰ ਰਕਬਾ ਅਤੇ ਸ੍ਰੀ ਮੁਕਤਸਰ ਸਾਹਿਬ ਵਿਚ 64608 ਹੈਕਟੇਅਰ ਰਕਬੇ ਵਿਚੋਂ 1.6 ਹੈਕਟੇਅਰ ਰਕਬਾ ਪ੍ਰਭਾਵਿਤ ਹੋਇਆ ਹੈ। ਇਸੇ ਤਰਾਂ ਹੀ ਫਾਜ਼ਿਲਕਾ ਵਿਚ ਚਿੱਟੀ ਮੱਖੀ ਕਾਰਨ 74655 ਹੈਕਟੇਅਰ ਰਕਬੇ ਵਿਚੋਂ ਕੇਵਲ 2 ਫੀਸਦੀ ਅਤੇ ਬਰਨਾਲਾ ਵਿਚ 5460 ਹੈਕਟੇਅਰ ਰਕਬੇ ਵਿਚੋਂ 0.7 ਫੀਸਦੀ ਹੈਕਟੇਅਰ ਰਕਬਾ ਪ੍ਰਭਾਵਿਤ ਹੋਇਆ ਹੈ। ਸੰਗਰੂਰ, ਫਰੀਦਕੋਟ ਅਤੇ ਮੋਗਾ ਵਿਖੇ ਚਿੱਟੀ ਮੱਖੀ ਨਾਲ ਕੋਈ ਵੀ ਨੁਕਸਾਨ ਨਹੀਂ ਹੋਇਆ ਹੈ।

ਮੁੱਖ ਮੰਤਰੀ ਨੇ ਮੀਟਿੰਗ ਵਿਚ ਸਪਸ਼ਟ ਕੀਤਾ ਹੈ ਕਿ ਜਾਅਲੀ ਅਤੇ ਘਟੀਆ ਕਿਸਮ ਦੇ ਕੀਟਨਾਸ਼ਕਾਂ ਦੀ ਵਿੱਕਰੀ ਦੇ ਮਾਮਲੇ ਉੱਤੇ ਕਿਸੇ ਵੀ ਤਰਾਂ ਦੀ ਢਿੱਲ ਸਹਿਣ ਨਹੀਂ ਕੀਤੀ ਜਾਵੇਗੀ। ਉਨਾਂ ਨੇ ਇਸ ਤਰਾਂ ਦੇ ਕੀਟਨਾਸ਼ਕਾਂ ਦੀ ਸਪਲਾਈ ਕਰਨ ਵਾਲੇ ਡੀਲਰਾਂ ਵਿਰੁੱਧ ਅਧਿਕਾਰੀਆਂ ਨੂੰ ਤਿੱਖੀ ਕਾਰਵਾਈ ਕਰਨ ਲਈ ਆਖਿਆ ਤਾਂ ਜੋ ਉਨਾਂ ਨੂੰ ਮਿਸਾਲੀ ਸਜ਼ਾ ਯਕੀਨੀ ਬਣਾਈ ਜਾ ਸਕੇ।

ਮੁੱਖ ਮੰਤਰੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ-ਚਾਂਸਲਰ ਡਾ. ਬੀ.ਐਸ. ਢਿੱਲੋਂ ਅਤੇ ਡਾਇਰੈਕਟਰ ਖੇਤੀਬਾੜੀ ਜਸਬੀਰ ਸਿੰਘ ਬੈਂਸ ਨੂੰ ਸਿਫਾਰਸ਼ ਕੀਤੀਆਂ ਕਿਸਮਾਂ ਦੇ ਬੀਜ ਬੀਜਣ ਅਤੇ ਮਿਆਰੀ ਕੀਟਨਾਸ਼ਕਾਂ ਦੀ ਵਰਤੋਂ ਕਰਨ ਵਾਸਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਸਾਂਝੀ ਜਾਗਰੂਕ ਮੁਹਿੰਮ ਆਰੰਭਣ ਲਈ ਆਖਿਆ। ਮੁੱਖ ਮੰਤਰੀ ਨੇ ਪ੍ਰਮੁੱਖ ਸਕੱਤਰ ਸਿੰਚਾਈ ਨੂੰ ਵੀ ਨਹਿਰਾਂ ਦੇ ਆਖੀਰ ਤੱਕ ਢੁੱਕਵੀਂ ਜਲ ਸਪਲਾਈ ਬਿਨਾਂ ਕਿਸੇ ਅੜਚਣ ਤੋਂ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਤਾਂ ਜੋ ਨਰਮੇ ਦੀ ਫਸਲ ਨੂੰ ਚੋਖਾ ਪਾਣੀ ਮਿਲ ਸਕੇ।

ਕੈਪਟਨ ਅਮਰਿੰਦਰ ਸਿੰਘ ਨੇ ਪੀ.ਏ.ਯੂ ਅਤੇ ਖੇਤੀਬਾੜੀ ਵਿਭਾਗ ਨੂੰ ਹੇਠਲੇ ਪੱਧਰ ਉੱਤੇ 24 ਘੰਟੇ ਨਿਗਰਾਨੀ ਰੱਖਣ ਲਈ ਆਖਿਆ ਤਾਂ ਜੋ ਕਿਸੇ ਵੀ ਤਰਾਂ ਦੇ ਕੀੜਿਆਂ-ਮਕੌੜਿਆਂ ਦੇ ਹਮਲੇ ਨੂੰ ਸਮੇਂ ਸਿਰ ਰੋਕਿਆ ਜਾ ਸਕੇ। ਉਨਾਂ ਕਿਹਾ ਕਿ ਪਿੰਡ ਪੱਧਰ ’ਤੇ ਸਕਾਊਟਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਸਕਾਊਟਾਂ ਤੇ ਨਿਗਰਾਨਾਂ ਨੂੰ ਫਸਲ ਦੀ ਰੱਖਿਆ ਕਰਨ ਲਈ ਕਿਸਾਨਾਂ ਨੂੰ ਸਿੱਖਿਆ ਦੇਣ ਸਬੰਧੀ ਕਿਸੇ ਵੀ ਤਰਾਂ ਦੀ ਢਿੱਲ ਲਈ ਜ਼ਿੰਮੇਵਾਰ ਬਣਾਇਆ ਜਾਵੇ।

ਮੁੱਖ ਮੰਤਰੀ ਨੇ ਖੇਤੀਬਾੜੀ ਵਿਭਾਗ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਿਨਾਂ ਸਫਾਈ ਜਾਂ ਗਾਰ ਕੱਢਣ ਲਈ ਕੋਈ ਵੀ ਨਹਿਰ, ਸੂਆ ਜਾਂ ਰਜਵਾਹਾ ਬੰਦ ਨਾ ਕਰਨ ਲਈ ਸਿੰਚਾਈ ਵਿਭਾਗ ਨੂੰ ਨਿਰਦੇਸ਼ ਦਿੱਤੇ। ਉਨਾਂ ਕਿਹਾ ਕਿ ਇਨਾਂ ਦੀ ਸਫਾਈ ਦਾ ਸਹੀ ਸਮਾਂ ਕਣਕ ਦੀ ਕਟਾਈ ਤੋਂ ਬਾਅਦ ਜਾਂ ਝੋਨਾ ਲਾਉਣ ਤੋਂ ਪਹਿਲਾਂ ਦਾ ਹੈ ਤਾਂ ਜੋ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੇ ਸਬੰਧ ਵਿਚ ਕਿਸੇ ਵੀ ਤਰਾਂ ਦੀ ਅਸੁਵਿਧਾ ਨਾ ਆਵੇ। ਉਨਾਂ ਨੇ ਨਰਮਾ ਉਤਪਾਦਕਾਂ ਨੂੰ ਜਲ ਸਪਲਾਈ ਬਹਾਲ ਕਰਨ ਲਈ ਤੁਰੰਤ ਖਾਲਿਆਂ ਵਿਚੋਂ ਗਾਰ ਕੱਢਣ ਅਤੇ ਸਾਫ ਕਰਨ ਲਈ ਪ੍ਰਮੁੱਖ ਸਕੱਤਰ ਸਿੰਚਾਈ ਨੂੰ ਨਿਰਦੇਸ਼ ਦਿੱਤੇ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪ੍ਰਭਾਵੀ ਪ੍ਰਬੰਧਨ ਅਤੇ ਥੋੜਾ ਜਿਹਾ ਮੌਸਮ ਠੀਕ ਹੋਣ ਨਾਲ ਪਿਛਲੇ ਤਿੰਨ ਚਾਰ ਦਿਨਾਂ ਤੋਂ ਫਸਲ ਦੀਆਂ ਹਾਲਤਾਂ ਵਿਚ ਸੁਧਾਰ ਆਇਆ ਹੈ। ਉਨਾਂ ਨੇ ਅੱਗੇ ਦੱਸਿਆ ਕਿ ਪੀ.ਏ.ਯੂ ਅਤੇ ਖੇਤੀਬਾੜੀ ਵਿਭਾਗ ਨੇ ਨਰਮੇ ਦੀ ਫਸਲ ਦੇ ਸਾਂਭੇ ਜਾਣ ਤੱਕ ਇਸ ਦੀ ਸੁਰੱਖਿਆ ਕਰਨ ਲਈ ਸਾਂਝੀ ਕਾਰਜ ਯੋਜਨਾ ਤਿਆਰ ਕੀਤੀ ਹੈ। ਉਹ ਕੁਝ ਪ੍ਰਭਾਵਿਤ ਖੇਤਾਂ ਨੂੰ ਅਪਣਾਉਣਗੇ ਅਤੇ ਕਿਸਾਨਾਂ ਨੂੰ ਫਸਲ ਪ੍ਰਬੰਧਨ ਅਮਲਾਂ ਬਾਰੇ ਨੁਮਾਇਸ਼ਾਂ ਦੌਰਾਨ ਜਾਣਕਾਰੀ ਦੇਣਗੇ।

ਖੇਤੀਬਾੜੀ ਕਮਿਸ਼ਨਰ ਨੇ ਕੀੜਿਆਂ-ਮਕੌੜਿਆਂ ਤੋਂ ਪ੍ਰਭਾਵਿਤ ਹੋਈ ਫਸਲ ਜਾਂ ਗੈਰ-ਮਿਆਰੀ ਬੀਜਾਂ ਦੇ ਕਾਰਨ ਪ੍ਰਭਾਵਿਤ ਹੋਈ ਫਸਲ ਅਤੇ ਦੁਰਪ੍ਰਬੰਧ ਅਤੇ ਖੇਤੀ ਵਸਤਾਂ ਦੇ ਕਾਰਨਾਂ ਦੇ ਨਤੀਜੇ ਵਜੋਂ ਪ੍ਰਭਾਵਿਤ ਹੋਈ ਫਸਲ ਵਿਚ ਅੰਤਰ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨਾਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪਿਛਲੇ ਕੁਝ ਹਫਤਿਆਂ ਦੌਰਾਨ ਚਿੱਟੀ ਮੱਖੀ ਦੇ ਵਿਚ ਵਾਧਾ ਹੋਣ ਦੇ ਬਾਵਜੂਦ ਇਸ ਦਾ ਸਿਫਾਰਸ਼ ਕੀਤੇ ਗਏ ਕੀਟਨਾਸ਼ਕਾਂ ਦੇ ਸਪਰੇਅ ਨਾਲ ਸਫਲਤਾਪੂਰਨ ਪ੍ਰਬੰਧਨ ਕਰਨ ਵਿਚ ਮਦਦ ਮਿਲੀ ਹੈ। ਕੁਝ ਇਲਾਕਿਆਂ ਵਿਚ ਥੋੜਾ ਮੀਂਹ ਵੀ ਪਿਆ ਹੈ। ਨਹਿਰੀ ਪਾਣੀ ਛੱਡਣ ਦੇ ਨਾਲ ਨਮੀ ਦੇ ਦਬਾਅ ਨੂੰ ਘੱਟ ਕਰਨ ਵਿਚ ਮਦਦ ਮਿਲੀ ਹੈ। ਉਨਾਂ ਜ਼ੋਰ ਦੇ ਕੇ ਕਿਹਾ ਕਿ ਚਿੱਟੀ ਮੱਖੀ ਦੇ ਸਬੰਧ ਵਿਚ ਘਬਰਾਉਣ ਦੀ ਲੋੜ ਨਹੀਂ ਹੈ।

ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ ਝੋਨੇ ਤੋਂ ਬਾਅਦ ਇਹ ਸੂਬੇ ਦੀ ਦੂਜੀ ਵੱਡੀ ਸਾਉਣੀ ਦੀ ਫਸਲ ਹੈ। 2016 ਦੀ ਸਾਉਣੀ ਦੌਰਾਨ ਨਰਮੇ ਹੇਠ 2.85 ਲੱਖ ਹੈਕਟੇਅਰ ਰਕਬਾ ਸੀ ਅਤੇ 12.57 ਲੱਖ ਗੰਢਾਂ ਦਾ ਉਤਪਾਦਨ ਹੋਇਆ ਸੀ ਜਿਸ ਦੇ ਅਨੁਸਾਰ ਔਸਤਨ 22.23 ਕੁਇੰਟਲ ਪ੍ਰਤੀ ਹੈਕਟੇਅਰ ਝਾੜ ਨਿਕਲਿਆ ਸੀ। ਸਾਉਣੀ 2017 ਦੇ ਵਾਸਤੇ ਇੱਕ ਕਾਰਜ ਯੋਜਨਾ ਤਿਆਰ ਕੀਤੀ ਗਈ ਹੈ ਜਿਸ ਦੇ ਉਤਪਾਦਨ ਦੇ ਲਈ 4 ਲੱਖ ਹੈਕਟੇਅਰ ਦਾ ਟੀਚਾ ਮਿੱਥਿਆ ਗਿਆ ਸੀ। ਇਸ ਸੀਜ਼ਨ ਦੌਰਾਨ ਅੰਦਾਜ਼ਨ 3.82 ਲੱਖ ਹੈਕਟੇਅਰ ਨਰਮਾ ਬੀਜਿਆ ਗਿਆ ਹੈ। ਮਾਨਸਾ ਵਿਚ 86010, ਬਠਿੰਡਾ ’ਚ 140000, ਸ੍ਰੀ ਮੁਕਤਸਰ ਸਾਹਿਬ ਵਿਚ 64608, ਫਾਜ਼ਿਲਕਾ ਵਿਖੇ 74655, ਸੰਗਰੂਰ ਵਿਖੇ 9215, ਬਰਨਾਲਾ ਵਿਖੇ 5460, ਫਰੀਦਕੋਟ ਵਿਖੇ 1813 ਅਤੇ ਹੋਰਨਾਂ ਜ਼ਿਲਿਆਂ ਵਿਚ 210 ਹੈਕਟੇਅਰ ਰਕਬੇ ਵਿਚ ਨਰਮਾ ਹੈ। ਉਨਾਂ ਦੱਸਿਆ ਕਿ 3.82 ਲੱਖ ਹੈਕਟੇਅਰ ਰਕਬੇ ਵਿਚੋਂ ਤਕਰੀਬਨ 2.76 ਲੱਖ ਹੈਕਟੇਅਰ ਰਕਬਾ ਸਮੇਂ ਸਿਰ 15 ਮਈ ਤੱਕ ਬੀਜਿਆ ਗਿਆ ਅਤੇ 1.06 ਲੱਖ ਹੈਕਟੇਅਰ ਰਕਬੇ ਵਿਚ ਬਿਜਾਈ ਪਿਛੇਤੀ ਹੋਈ।

ਇਸ ਮੌਕੇ ਹਾਜ਼ਰ ਹੋਰਨਾਂ ਵਿਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਧੀਕ ਮੁੱਖ ਸਕੱਤਰ ਵਿਕਾਸ ਐਮ.ਪੀ. ਸਿੰਘ, ਵਿਸ਼ੇਸ਼ ਸਕੱਤਰ ਖੇਤੀਬਾੜੀ ਵਿਕਾਸ ਗਰਗ, ਕਮਿਸ਼ਨਰ ਖੇਤੀਬਾੜੀ ਬਲਵਿੰਦਰ ਸਿੰਘ ਸਿੱਧੂ, ਡਾਇਰੈਕਟਰ ਖੇਤੀਬਾੜੀ ਜਸਬੀਰ ਸਿੰਘ, ਡਿਪਟੀ ਕਮਿਸ਼ਨਰ ਮਾਨਸਾ ਧਰਮਪਾਲ ਅਗਰਵਾਲ, ਡਿਪਟੀ ਕਮਿਸ਼ਨਰ ਬਠਿੰਡਾ ਦਿਪਰਵਾ ਲਾਕਰਾ, ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਸੁਮਿਤ ਜਾਰੰਗਲ, ਡਿਪਟੀ ਕਮਿਸ਼ਨਰ ਫਾਜ਼ਿਲਕਾ ਈਸ਼ਾ ਕਾਲੀਆ, ਡਿਪਟੀ ਕਮਿਸ਼ਨਰ ਬਰਨਾਲਾ ਘਨਸ਼ਿਆਮ ਥੋਰੀ, ਡਿਪਟੀ ਕਮਿਸ਼ਨਰ ਫਰੀਦਕੋਟ ਰਜੀਵ ਪਰਾਸ਼ਰ ਅਤੇ ਡਿਪਟੀ ਕਮਿਸ਼ਨਰ ਸੰਗਰੂਰ ਏ.ਪੀ.ਐਸ. ਵਿਰਕ ਸ਼ਾਮਲ ਸਨ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਵਿਸ਼ੇਸ਼ ਸੱਦੇ ’ਤੇ ਮੀਟਿੰਗ ਵਿਚ ਸ਼ਾਮਲ ਹੋਏ।

—PTC News

 

  • Share