Farmer Union Protest: ਕਿਸਾਨਾਂ ਵੱਲੋਂ ਅੱਜ ਚੰਡੀਗੜ੍ਹ ਕੂਚ ਦਾ ਐਲਾਨ, ਪੁਲਿਸ ਵੱਲੋਂ ਕੀਤੇ ਗਏ ਸਖ਼ਤ ਪ੍ਰਬੰਧ, ਜਾਣੋ ਕਿਸਾਨਾਂ ਦੀਆਂ ਮੰਗਾਂ
Farmer Union Protest: ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਦੀਆਂ ਕੁੱਲ 16 ਕਿਸਾਨ ਯੂਨੀਅਨਾਂ ਨੇ ਅੱਜ ਟਰੈਕਟਰ ਰੈਲੀ ਅਤੇ ਚੰਡੀਗੜ੍ਹ ਘਿਰਾਓ ਦਾ ਸੱਦਾ ਦਿੱਤਾ ਹੈ। ਦਸ ਹਜ਼ਾਰ ਦੇ ਕਰੀਬ ਕਿਸਾਨ ਚੰਡੀਗੜ੍ਹ ਵੱਲ ਮਾਰਚ ਕਰਨ ਦੀ ਯੋਜਨਾ ਬਣਾ ਰਹੇ ਹਨ। ਦੂਜੇ ਪਾਸੇ ਕਿਸਾਨਾਂ ਨੂੰ ਰੋਕਣ ਲਈ ਪੰਜਾਬ ’ਚ ਸੋਮਵਾਰ ਤੋਂ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ ਹਨ।
ਕਿਸਾਨਾਂ ਵੱਲੋਂ ਚੰਡੀਗੜ੍ਹ ਕੂਚ
ਕਿਸਾਨਾਂ ਨੂੰ ਰੋਕਣ ਲਈ ਚੰਡੀਗੜ੍ਹ ਪੁਲਿਸ ਨੇ 4000 ਪੁਲਿਸ ਮੁਲਾਜ਼ਮ ਸਰਹੱਦਾਂ ’ਤੇ ਲਾਏ ਹੋਏ ਹਨ ਤੇ ਮੁਹਾਲੀ ਪੁਲਿਸ ਨੇ 1500 ਪੁਲਿਸ ਮੁਲਾਜ਼ਮ ਡਿਊਟੀ ’ਤੇ ਲਾਏ ਹੋਏ ਹਨ। ਕਿਸਾਨਾਂ ਨੂੰ ਸ਼ਹਿਰ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਸਾਰੀਆਂ ਡਿਵੀਜ਼ਨਾਂ ਦੇ ਡੀਐਸਪੀ ਦੀ ਜ਼ਿੰਮੇਵਾਰੀ ਲਗਾਈ ਗਈ ਹੈ।
ਪੁਲਿਸ ਅਤੇ ਪ੍ਰਸ਼ਾਸਨ ਵੀ ਅਲਰਟ 'ਤੇ
ਦੱਸ ਦਈਏ ਕਿ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਅਤੇ ਪ੍ਰਸ਼ਾਸਨ ਵੀ ਅਲਰਟ 'ਤੇ ਹੈ। ਪੂਰੇ ਸ਼ਹਿਰ ਨੂੰ ਸੀਲ ਕਰ ਦਿੱਤਾ ਗਿਆ ਹੈ। ਚੰਡੀਗੜ੍ਹ ਪੁਲਿਸ ਨੇ ਮੁਹਾਲੀ ਅਤੇ ਪੰਚਕੂਲਾ ਤੋਂ ਸ਼ਹਿਰ ਦੇ ਸਾਰੇ 27 ਐਂਟਰੀ ਪੁਆਇੰਟਾਂ ਨੂੰ ਸੀਲ ਕਰ ਦਿੱਤਾ ਹੈ। ਹਥਿਆਰਾਂ ਨਾਲ ਲੈਸ ਰਿਜ਼ਰਵ ਪੁਲਿਸ ਬਲ ਅਤੇ ਹੋਰ 5.5 ਹਜ਼ਾਰ ਪੁਲਿਸ ਮੁਲਾਜ਼ਮਾਂ ਨੂੰ ਬੈਰੀਕੇਡ ਲਗਾ ਕੇ ਇਨ੍ਹਾਂ ਸੜਕਾਂ 'ਤੇ ਤਾਇਨਾਤ ਕੀਤਾ ਗਿਆ ਹੈ।
ਪੰਜਾਬ ’ਚ ਕਿਸਾਨਾਂ ਵੱਲੋਂ ਜਾਮ
ਦੂਜੇ ਪਾਸੇ ਪੰਜਾਬ ’ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਆਪਣੇ ਸਾਥੀ ਕਿਸਾਨ ਦੀ ਹੋਈ ਮੌਤ ਅਤੇ ਕਿਸਾਨਾਂ ਨੂੰ ਪੁਲਿਸ ਵੱਲੋਂ ਜ਼ਬਰਦਸਤੀ ਹਿਰਾਸਤ ਵਿਚ ਲੈਣ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਨਾ ਮਿਲਣ ਕਰਕੇ ਟੋਲ ਪਲਾਜ਼ਾ ’ਤੇ ਧਰਨਾ ਲਗਾਇਆ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜ਼ਿੰਨ੍ਹੀ ਦੇਰ ਕਿਸਾਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਉਨ੍ਹੀਂ ਦੇਰ ਧਰਨਾ ਜਾਰੀ ਰਹੇਗਾ।
ਬੀਤੇ ਦਿਨ ਕਿਸਾਨ ਦੀ ਹੋਈ ਸੀ ਮੌਤ
ਬੀਤੇ ਦਿਨੀਂ ਸੰਗਰੂਰ ਦੇ ਲੌਂਗੋਵਾਲ ਵਿਖੇ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ ਹੋ ਗਈ ਸੀ ਅਤੇ ਇਸ ਦੌਰਾਨ ਇੱਕ ਕਿਸਾਨ ਦੀ ਮੌਤ ਵੀ ਹੋ ਗਈ। ਇਸ ਘਟਨਾ ’ਤੇ ਚਸ਼ਮਦੀਦ ਦਾ ਕਹਿਣਾ ਹੈ ਕਿ ਪੁਲਿਸ ਦੀ ਗੱਡੀ ਚੜਨ ਤੋਂ ਬਾਅਦ ਕਿਸਾਨ ਦੀ ਮੌਤ ਹੋਈ ਹੈ।
ਇਹ ਹੈ ਕਿਸਾਨਾਂ ਦੀਆਂ ਮੰਗਾਂ
ਉੱਥੇ ਹੀ ਜੇਕਰ ਕਿਸਾਨਾਂ ਦੀਆਂ ਮੰਗਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨ ਹੜ੍ਹ ਪ੍ਰਭਾਵਿਤ ਫਸਲਾਂ ਲਈ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ, ਮ੍ਰਿਤਕਾਂ ਦੇ ਪਰਿਵਾਰਾਂ ਲਈ 10 ਲੱਖ ਰੁਪਏ ਮੁਆਵਜ਼ਾ, ਘੱਗਰ ਅਤੇ ਹੋਰ ਦਰਿਆਵਾਂ ਦਾ ਸਥਾਈ ਹੱਲ ਯੋਜਨਾ ਅਨੁਸਾਰ, ਮਾਰੇ ਗਏ ਪਸ਼ੂਆਂ ਲਈ ਇਕ ਲੱਖ ਰੁਪਏ, ਢਹਿ-ਢੇਰੀ ਹੋਏ ਮਕਾਨਾਂ ਲਈ 5 ਲੱਖ ਰੁਪਏ ਮੁਆਵਜ਼ਾ। ਇਸ ਤੋਂ ਇਲਾਵਾ ਮਨਰੇਗਾ ਸਕੀਮ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਚਲਾਈ ਜਾਵੇ। ਨਾਲ ਹੀ ਕਿਸਾਨਾਂ ਨੇ ਪੂਰੇ ਉੱਤਰ ਭਾਰਤ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ ਕੇਂਦਰ ਸਰਕਾਰ ਤੋਂ 50 ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਜਾਰੀ ਕਰਨ ਦੀ ਵੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: Shiromani Akali Dal Protest: ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਹੜ੍ਹ ਪੀੜਤਾਂ ਦੇ ਹੱਕ ’ਚ ਧਰਨਾ ਪ੍ਰਦਰਸ਼ਨ, ਕੀਤੀ ਜਾ ਰਹੀ ਹੈ ਇਹ ਮੰਗ
- PTC NEWS