Visa fraud: ਵੀਜ਼ਾ ਧੋਖਾਧੜੀ ਖ਼ਿਲਾਫ਼ ਕੁਰੂਕਸ਼ੇਤਰ ਵਿੱਚ ਜਾਗਰੂਕਤਾ ਅਭਿਆਨ, ਬ੍ਰਿਟਿਸ਼ ਹਾਈ ਕਮਿਸ਼ਨ ਵੱਲੋਂ ਨੌਜਵਾਨਾਂ ਨੂੰ ਚੇਤਾਵਨੀ
PTC Web Desk: British High Commission ਵੱਲੋਂ ਵੀਜ਼ਾ ਧੋਖਾਧੜੀ ਵਿਰੁੱਧ ਜਾਗਰੂਕਤਾ ਫੈਲਾਉਣ ਲਈ ਕੁਰੂਕਸ਼ੇਤਰ (Kurukshetra) ਵਿੱਚ ‘ਵੀਜ਼ਾ ਫਰਾਡ ਤੋਂ ਬਚੋ’ ਮੁਹਿੰਮ ਤਹਿਤ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ।
ਇਸ ਤਹਿਤ Indira Gandhi National College ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿੱਚ ਫੋਟੋ ਪ੍ਰਦਰਸ਼ਨੀ ਲਗਾਈ ਗਈ। ਪ੍ਰਦਰਸ਼ਨੀ ਦਾ ਮੂਲ ਉਦੇਸ਼ ਵਿਦਿਆਰਥੀਆਂ ਨੂੰ ਵੀਜ਼ਾ ਧੋਖਾਧੜੀ ਦੇ ਵਧਦੇ ਮਾਮਲਿਆਂ ਅਤੇ ਗੈਰ-ਕਾਨੂੰਨੀ ਪ੍ਰਵਾਸ ਨਾਲ ਜੁੜੇ ਖਤਰਨਾਕ ਨਤੀਜਿਆਂ ਬਾਰੇ ਜਾਣੂ ਕਰਵਾਉਣਾ ਸੀ।
ਇਸ ਮੌਕੇ ‘ਤੇ Alba Smeriglio ਅਤੇ Charlotte Abbott ਸਮੇਤ ਕਾਲਜ ਪ੍ਰਬੰਧਕ ਮੌਜੂਦ ਰਹੇ। ਪ੍ਰਦਰਸ਼ਨੀ ਵਿੱਚ ਅਸਲੀ ਘਟਨਾਵਾਂ ਅਤੇ ਦ੍ਰਿਸ਼ਮਾਨ ਮਾਧਿਅਮਾਂ ਰਾਹੀਂ ਦੱਸਿਆ ਗਿਆ ਕਿ ਧੋਖੇਬਾਜ਼ ਕਿਸ ਤਰ੍ਹਾਂ ਲੋਕਾਂ ਨੂੰ ਫਸਾਉਂਦੇ ਹਨ ਅਤੇ ਗਲਤ ਰਾਹ ਚੁਣਨ ਦੇ ਕੀ ਨਤੀਜੇ ਨਿਕਲ ਸਕਦੇ ਹਨ।
ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਕਿ ਵਿਦੇਸ਼ ਜਾਣ ਤੋਂ ਪਹਿਲਾਂ ਸਿਰਫ਼ ਪ੍ਰਮਾਣਿਤ ਸਰੋਤਾਂ ਤੋਂ ਜਾਣਕਾਰੀ ਲੈਣ ਅਤੇ ਕਿਸੇ ਵੀ ਸ਼ਾਰਟਕਟ ਤੋਂ ਬਚਣ।
ਇਸ ਤੋਂ ਬਾਅਦ ਟੀਮ ਨੇ village Ajrani ਦਾ ਦੌਰਾ ਕਰਕੇ ਪਿੰਡ ਵਾਸੀਆਂ ਨਾਲ ਸਿੱਧੀ ਗੱਲਬਾਤ ਕੀਤੀ। ਉਨ੍ਹਾਂ ਨੂੰ ਵੀਜ਼ਾ ਧੋਖਾਧੜੀ ਦੇ ਤਰੀਕਿਆਂ ਬਾਰੇ ਸਚੇਤ ਕਰਦੇ ਹੋਏ ਕਿਹਾ ਗਿਆ ਕਿ ਯਾਤਰਾ ਅਤੇ ਪ੍ਰਵਾਸ ਸਬੰਧੀ ਜਾਣਕਾਰੀ ਲਈ ਕੇਵਲ ਅਧਿਕਾਰਤ ਪਲੇਟਫਾਰਮਾਂ ‘ਤੇ ਹੀ ਭਰੋਸਾ ਕੀਤਾ ਜਾਵੇ।
ਲੋਕਾਂ ਦੀ ਸਹਾਇਤਾ ਲਈ ਹਾਈ ਕਮਿਸ਼ਨ ਵੱਲੋਂ ਸ਼ੁਰੂ ਕੀਤਾ ਗਿਆ ਵਟਸਐਪ ਚੈਟਬਾਟ ਵੀ ਪ੍ਰਚਾਰਿਤ ਕੀਤਾ ਗਿਆ, ਜੋ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿੱਚ ਯੂਕੇ ਯਾਤਰਾ ਸਬੰਧੀ ਸਹੀ ਅਤੇ ਪ੍ਰਮਾਣਿਤ ਜਾਣਕਾਰੀ ਦਿੰਦਾ ਹੈ। ਇਸ ਦੇ ਨਾਲ ਹੀ ਇੱਕ ਵਟਸਐਪ ਹੈਲਪਲਾਈਨ ਨੰਬਰ ਰਾਹੀਂ ਵੀ ਵੀਜ਼ਾ ਪ੍ਰਕਿਰਿਆ ਅਤੇ ਧੋਖਾਧੜੀ ਤੋਂ ਬਚਾਅ ਬਾਰੇ ਮਦਦ ਪ੍ਰਾਪਤ ਕੀਤੀ ਜਾ ਸਕਦੀ ਹੈ।
‘ਵੀਜ਼ਾ ਫਰਾਡ ਤੋਂ ਬਚੋ’ ਮੁਹਿੰਮ ਰਾਹੀਂ ਬ੍ਰਿਟਿਸ਼ ਹਾਈ ਕਮਿਸ਼ਨ ਵੱਲੋਂ ਸਿੱਖਿਆ ਸੰਸਥਾਵਾਂ ਅਤੇ ਸਥਾਨਕ ਸਮੁਦਾਇਕ ਸੰਗਠਨਾਂ ਨਾਲ ਮਿਲ ਕੇ ਲੋਕਾਂ ਨੂੰ ਸੁਰੱਖਿਅਤ ਅਤੇ ਕਾਨੂੰਨੀ ਪ੍ਰਵਾਸ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਜੋ ਉਹ ਧੋਖਾਧੜੀ ਤੋਂ ਬਚ ਸਕਣ ਅਤੇ ਸਹੀ ਮਾਰਗ ਦੀ ਚੋਣ ਕਰ ਸਕਣ।
- PTC NEWS