Ludhiana School Accident: ਲੁਧਿਆਣਾ ਦੇ ਪਿੰਡ ਬੱਦੋਵਾਲ ਵਿਖੇ ਸਕੂਲ ’ਚ ਲੈਂਟਰ ਡਿੱਗਣ ਕਾਰਨ ਵਾਪਰਿਆ ਹਾਦਸਾ, 1 ਮਹਿਲਾ ਅਧਿਆਪਕ ਦੀ ਮੌਤ
Ludhiana School Accident: ਲੁਧਿਆਣਾ ਦੇ ਬੱਦੇਵਾਲ ਵਿਖੇ ਸਰਕਾਰੀ ਸਕੂਲ ਦੇ ਸਟਾਫ ਰੂਮ ਦਾ ਲੇਂਟਰ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਲੇਂਟਰ ਡਿੱਗਣ ਕਾਰਨ 4 ਮਹਿਲਾ ਅਧਿਆਪਕ ਮਲਬੇ ਹੇਠਾਂ ਦਬ ਗਈਆਂ ਸੀ। ਜਿਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ ਹੈ।
ਇੱਕ ਅਧਿਆਪਕ ਦੀ ਹੋਈ ਮੌਤ
ਦੱਸ ਦਈਏ ਕਿ ਇਸ ਹਾਦਸੇ ਦੌਰਾਨ ਮਲਬੇ ਹੇਠਾਂ ਦੱਬੇ ਮਹਿਲਾ ਅਧਿਆਪਕਾਂ ਚੋਂ ਤਿੰਨ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਜਦਕਿ 1 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ। ਇਸ ਭਿਆਨਕ ਹਾਦਸੇ ’ਚ ਜ਼ਖਮੀ ਹੋਈ ਮਹਿਲਾ ਅਧਿਆਪਕ ਦੀ ਮੌਤ ਹੋ ਗਈ ਹੈ। ਜਿਸਦੀ ਪਛਾਣ ਰਵਿੰਦਰ ਕੌਰ ਵਜੋਂ ਹੋਈ ਹੈ। ਜੋ ਕਿ ਅੰਗਰੇਜ਼ੀ ਦੀ ਅਧਿਆਪਕਾ ਸੀ।
ਇਸ ਤਰ੍ਹਾਂ ਵਾਪਰਿਆ ਸੀ ਹਾਦਸਾ
ਜਾਣਕਾਰੀ ਅਨੁਸਾਰ ਇਸ ਸਕੂਲ ਦੀ ਸਥਾਪਨਾ 1960 ਵਿੱਚ ਹੋਈ ਸੀ। ਖਸਤਾਹਾਲ ਹੋਣ ਕਾਰਨ ਸਕੂਲ ਵਿੱਚ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਇਹ ਹਾਦਸਾ ਵਾਪਰਿਆ।
ਸਿੱਖਿਆ ਮੰਤਰੀ ਨੇ ਜਤਾਇਆ ਦੁੱਖ
ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦੁੱਖ ਜਾਹਿਰ ਕਰਦੇ ਹੋਏ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਦੋਵਾਲ (ਜ਼ਿਲ੍ਹਾ ਲੁਧਿਆਣਾ) ਤੋਂ ਬਹੁਤ ਹੀ ਦੁਖਦਾਈ ਸੂਚਨਾ ਮਿਲੀ ਹੈ ਕਿ ਸਕੂਲ਼ ਬਿਲਡਿੰਗ ਦੀ ਉਸਾਰੀ ਦੌਰਾਨ ਲੈਂਟਰ ਡਿੱਗਣ ਕਰਕੇ ਚਾਰ ਅਧਿਆਪਕ ਮਲਬੇ ਹੇਠ ਦੱਬੇ ਗਏ ਜਿੰਨਾਂ ਵਿੱਚੋਂ ਇੱਕ ਅਧਿਆਪਕ ਦੀ ਮੌਤ ਹੋਣ ਬਾਰੇ ਪਤਾ ਲੱਗਿਆ ਹੈ। ਮੈਂ ਸਿੱਖਿਆ ਵਿਭਾਗ ਦੇ ਸਾਰੇ ਅਫਸਰਾਂ ਅਤੇ ਜ਼ਿਲਾ ਪ੍ਰਸਾਸ਼ਨ ਲੁਧਿਆਣਾ ਨੂੰ ਤੁਰੰਤ ਹਰ ਸੰਭਵ ਸਹਾਇਤਾ ਪਹੁੰਚਾਉਣ ਬਾਰੇ ਕਹਿ ਦਿੱਤਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਮੈਜਿਸਟ੍ਰੇਟ ਜਾਂਚ ਕੀਤੀ ਜਾਵੇਗੀ। ਐਨਡੀਆਰਐਫ ਵੱਲੋਂ ਰੈਸਕਿਊ ਆਪਰੇਸ਼ਨ ਚਲਾਇਆ ਗਿਆ ਸੀ। ਜਿਨ੍ਹਾਂ ਨੇ ਚਾਰਾਂ ਮਹਿਲਾ ਅਧਿਆਪਕਾਂ ਨੂੰ ਬਾਹਰ ਕੱਢਿਆ ਹੈ।
ਸਾਂਸਦ ਬਿੱਟੂ ਨੇ ਪੰਜਾਬ ਸਰਕਾਰ ’ਤੇ ਚੁੱਕੇ ਸਵਾਲ
ਸਾਂਸਦ ਰਵਨੀਤ ਬਿੱਟੂ ਨੇ ਪੰਜਾਬ ਸਰਕਾਰ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦੇ ਸਿੰਗਾਪੁਰ ਮਾਡਲ ਦੀ ਤਸਵੀਰ ਹੈ।
ਇਹ ਵੀ ਪੜ੍ਹੋ: Punjab School Closed: ਪੰਜਾਬ ’ਚ ਹੜ੍ਹਾਂ ਦੀ ਸਥਿਤੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਦਾ ਅਹਿਮ ਫੈਸਲਾ, ਇਸ ਤਰੀਕ ਤੱਕ ਸਕੂਲ ਰਹਿਣਗੇ ਬੰਦ
- PTC NEWS