Harpreet Kaur : ਫਰੀਦਕੋਟ ਦੇ ਸਧਾਰਨ ਪਰਿਵਾਰ ਦੀ ਧੀ ਹੋਈ ਟਰਾਂਟੋ ਪੁਲਿਸ ਵਿਚ ਭਰਤੀ
Harpreet Kaur: ਜ਼ਿਲ੍ਹਾ ਫ਼ਰੀਦਕੋਟ ਦੇ ਪਿੰਡ ਬੁਰਜ ਹਰੀਕਾ ਦੇ ਸਤਨਾਮ ਸਿੰਘ ਬਰਾੜ ਦੀ ਪੁੱਤਰੀ ਹਰਪ੍ਰੀਤ ਕੌਰ ਬਰਾੜ, ਜੋ ਦਸ ਸਾਲ ਪਹਿਲਾਂ ਇੰਜੀਨੀਅਰਿੰਗ ਦੀ ਡਿਗਰੀ ਕਰਨ ਤੋਂ ਬਾਅਦ ਉੱਚ ਸਿੱਖਿਆ ਲਈ ਕੈਨੇਡਾ ਗਈ ਸੀ, ਦੀ ਕੈਨੇਡਾ ਪੁਲਿਸ ਵਿੱਚ ਭਰਤੀ ਹੋਈ ਹੈ। ਹਰਪ੍ਰੀਤ ਨੇ ਦੋ ਦਿਨ ਪਹਿਲਾਂ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਪੁਲਿਸ ਕਾਂਸਟੇਬਲ ਰੈਂਕ ਦਾ ਚਾਰਜ ਸੰਭਾਲਿਆ ਸੀ। ਕੈਨੇਡਾ ਗਈ ਹਰਪ੍ਰੀਤ ਕੌਰ ਬਰਾੜ ਦੇ ਪਿਤਾ ਸਤਨਾਮ ਸਿੰਘ ਬਰਾੜ ਨੇ ਦੱਸਿਆ ਕਿ ਭਾਈ ਮਹਾਂ ਸਿੰਘ ਕਾਲਜ ਸ੍ਰੀ ਮੁਕਤਸਰ ਸਾਹਿਬ ਤੋਂ ਬੀਟੈੱਕ ਕਰਨ ਤੋਂ ਬਾਅਦ ਉਨ੍ਹਾਂ ਦੀ ਲੜਕੀ ਹਰਪ੍ਰੀਤ ਕੌਰ ਬਰਾੜ ਨਵੰਬਰ 2013 ਵਿੱਚ ਉੱਚ ਸਿੱਖਿਆ ਲਈ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਗਈ ਸੀ। ਇਸ ਦੇ ਨਾਲ ਹੀ ਪੜ੍ਹਾਈ ਤੋਂ ਬਾਅਦ ਪੁਲਿਸ ਭਰਤੀ ਦੀ ਲਾਜ਼ਮੀ ਪ੍ਰੀਖਿਆ ਪਾਸ ਕੀਤੀ। ਕਰੀਬ ਛੇ ਮਹੀਨੇ ਦੀ ਸਖ਼ਤ ਸਿਖਲਾਈ ਤੋਂ ਬਾਅਦ ਉਨ੍ਹਾਂ ਨੇ 6 ਜੂਨ ਨੂੰ ਚਾਰਜ ਸੰਭਾਲ ਲਿਆ ਸੀ।

ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦੀਆਂ ਤਿੰਨ ਧੀਆਂ ਅਤੇ ਇੱਕ ਪੁੱਤਰ ਵਿੱਚੋਂ ਸਭ ਤੋਂ ਵੱਡੀ ਹਰਪ੍ਰੀਤ ਕੌਰ ਤੋਂ ਇਲਾਵਾ ਉਸ ਦੀ ਛੋਟੀ ਲੜਕੀ ਵੀ ਕੈਨੇਡਾ ਵਿੱਚ ਪੜ੍ਹ ਰਹੀ ਹੈ। ਦੂਜੇ ਪਾਸੇ ਹਰਪ੍ਰੀਤ ਕੌਰ ਦੇ ਕੈਨੇਡੀਅਨ ਪੁਲਿਸ 'ਚ ਭਰਤੀ ਹੋਣ ਦੀ ਖ਼ਬਰ ਮਿਲਦਿਆਂ ਹੀ ਲੋਕ ਉਸ ਨੂੰ ਵਧਾਈ ਦੇਣ ਲਈ ਪਿੰਡ ਬੁਰਜ ਹਰੀਕਾ 'ਚ ਉਸ ਦੇ ਚਾਚੇ ਦੇ ਘਰ ਵੀ ਪਹੁੰਚ ਰਹੇ ਹਨ।
ਲੜਕੀ ਦੇ ਚਾਚੇ, ਤਾਏ,ਪਿੰਡ ਦੇ ਸਰਪੰਚ ਅਤੇ ਗ੍ਰੰਥੀ ਸਿੰਘ ਨੇ ਲੜਕੀ ਅਤੇ ਲੜਕੀ ਦੇ ਮਾਤਾ ਪਿਤਾ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਪਰਿਵਾਰ ਨੂੰ ਤਾਂ ਮਾਣ ਮਹਿਸੂਸ ਹੋਣਾ ਸੀ ਕਿ ਉਹਨਾਂ ਦੀ ਲੜਕੀ ਨੇ ਵਿਦੇਸ਼ ਵਿੱਚ ਪੁਲਿਸ ਵਿੱਚ ਭਰਤੀ ਹੋ ਕੇ ਨਾਮ ਰੋਸ਼ਨ ਕੀਤਾ ਹੈ। ਅਸੀਂ ਖੁਦ ਇਹ ਮਹਿਸੂਸ ਕਰ ਰਹੇ ਹਾਂ ਕਿ ਸਾਡੀ ਖੁਦ ਦੀ ਲੜਕੀ ਨੇ ਇਹ ਮੰਜ਼ਿਲ ਹਾਸਿਲ ਕਰ ਲਈ ਹੈ ।ਜਿਸਨੇ ਪਿੰਡ ਦਾ ਫਰੀਦਕੋਟ ਜ਼ਿਲ੍ਹੇ ਅਤੇ ਪੰਜਾਬ ਦਾ ਨਾਮ ਪੂਰੀ ਦੁਨੀਆ 'ਚ ਰੋਸ਼ਨ ਕਰ ਦਿੱਤਾ ਹੈ।
- PTC NEWS