Russia Luna-25: ਲੈਂਡਿੰਗ ਤੋਂ ਪਹਿਲਾਂ Luna 25 ਹੋਇਆ ਕਰੈਸ਼
Russia Luna-25 : : ਪੁਲਾੜ 'ਚ ਭੇਜੇ ਗਏ ਰੂਸ ਦੇ ਚੰਦਰਮਾ ਮਿਸ਼ਨ ਨੂੰ ਵੱਡਾ ਝਟਕਾ ਲੱਗਾ ਹੈ। ਚੰਦਰਮਾ ਦੀ ਸਤ੍ਹਾ 'ਤੇ ਉਤਰਨ ਜਾ ਰਿਹਾ ਰੂਸ ਦਾ ਲੂਨਾ-25 ਇੱਕ ਬੇਕਾਬੂ ਘੇਰੇ ਵਿੱਚ ਘੁੰਮਣ ਮਗਰੋਂ ਚੰਦਰਮਾ 'ਤੇ ਹਾਦਸਾਗ੍ਰਸਤ ਹੋ ਗਿਆ ਹੈ। ਰੂਸੀ ਪੁਲਾੜ ਏਜੰਸੀ ਰੋਸਕੋਸਮੌਸ ਨੇ ਖੁਦ ਇਸ ਦੀ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਰੂਸ ਨੇ 47 ਸਾਲ ਬਾਅਦ ਚੰਦਰਮਾ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ, ਜੋ 21 ਅਗਸਤ ਨੂੰ ਚੰਦਰਮਾ ਦੀ ਸਤ੍ਹਾ 'ਤੇ ਉਤਰਨਾ ਸੀ।
20 ਅਗਸਤ ਨੂੰ, ਰੂਸੀ ਪੁਲਾੜ ਏਜੰਸੀ ਰੋਸਕੋਸਮੌਸ ਨੇ ਲੂਨਾ-25 ਦੀ ਅਸਫਲਤਾ 'ਤੇ ਆਪਣੇ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਪੁਲਾੜ ਯਾਨ ਕੰਟਰੋਲ ਗੁਆ ਬੈਠਾ ਅਤੇ ਚੰਦਰਮਾ ਨਾਲ ਟਕਰਾ ਗਿਆ। ਏਜੰਸੀ ਮੁਤਾਬਕ ਮਾਨਵ ਰਹਿਤ ਵਾਹਨ ਨੇ ਚੰਦਰਮਾ ਦੇ ਦੱਖਣੀ ਧਰੁਵ 'ਤੇ ਸਾਫਟ ਲੈਂਡਿੰਗ ਕਰਨੀ ਸੀ। ਲੂਨਾ-25 ਦੇ ਕਰੈਸ਼ ਹੋਣ ਕਾਰਨ ਰੂਸ ਦੀ ਪੁਲਾੜ ਏਜੰਸੀ ਨੂੰ ਵੱਡਾ ਨੁਕਸਾਨ ਹੋਇਆ ਹੈ। ਇਸ ਮਿਸ਼ਨ ਲਈ ਰੂਸ ਨੇ ਪਾਣੀ ਵਾਂਗ ਪੈਸਾ ਵਹਾਇਆ ਸੀ।
ਲੈਂਡਿੰਗ ਤੋਂ ਪਹਿਲਾਂ ਤਕਨੀਕੀ ਖਰਾਬੀ
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਖਬਰ ਆਈ ਸੀ ਕਿ ਰੂਸ ਦੇ ਮੂਨ-ਮਿਸ਼ਨ ਲੂਨਾ-25 'ਚ ਲੈਂਡਿੰਗ ਤੋਂ ਪਹਿਲਾਂ ਤਕਨੀਕੀ ਖਰਾਬੀ ਆ ਗਈ ਸੀ। ਜਿਸ ਤੋਂ ਬਾਅਦ ਰੂਸ ਦੀ ਪੁਲਾੜ ਏਜੰਸੀ 'ਚ ਹਲਚਲ ਮਚ ਗਈ ਪਰ ਮਾਨਵ ਰਹਿਤ ਵਾਹਨ ਦੇ ਨਿਰਧਾਰਿਤ ਲੈਂਡਿੰਗ ਤੋਂ ਇਕ ਦਿਨ ਪਹਿਲਾਂ ਹੀ ਇਸ ਦੇ ਕਰੈਸ਼ ਹੋਣ ਦੀ ਪੁਸ਼ਟੀ ਹੋ ਗਈ। ਲੂਨਾ-25 ਦੀ ਲਾਂਚਿੰਗ ਦੌਰਾਨ ਵਿਗਿਆਨੀਆਂ ਨੇ ਦਾਅਵਾ ਕੀਤਾ ਸੀ ਕਿ ਇਹ ਜੰਮੇ ਹੋਏ ਪਾਣੀ ਅਤੇ ਕੀਮਤੀ ਤੱਤਾਂ ਦਾ ਪਤਾ ਲਗਾ ਸਕਦਾ ਹੈ। ਹਾਲਾਂਕਿ ਇਹ ਮਿਸ਼ਨ ਪੂਰਾ ਹੋਣ ਤੋਂ ਪਹਿਲਾਂ ਹੀ ਅਸਫਲ ਹੋ ਗਿਆ।
ਰੂਸ ਨੇ ਚੰਦਰਯਾਨ-3 ਤੋਂ ਬਾਅਦ ਚੰਦਰਮਾ ਮਿਸ਼ਨ ਦੀ ਸ਼ੁਰੂਆਤ ਕੀਤੀ
ਰੂਸ ਨੇ ਚੰਦਰਮਾ ਵੱਲ ਪੁਲਾੜ ਯਾਨ ਭੇਜਣ ਤੋਂ ਕੁਝ ਦਿਨ ਪਹਿਲਾਂ ਭਾਰਤ ਨੇ ਵੀ ਆਪਣਾ ਚੰਦਰਯਾਨ-3 ਭੇਜਿਆ ਸੀ। ਰਿਪੋਰਟ ਮੁਤਾਬਕ ਦੋਵਾਂ ਦਾ ਟੀਚਾ ਚੰਦਰਮਾ ਦੇ ਉਸ ਹਿੱਸੇ ਵਿੱਚ ਲੈਂਡ ਕਰਨ ਦਾ ਸੀ, ਜਿੱਥੇ ਅੱਜ ਤੱਕ ਕੋਈ ਵੀ ਸਫ਼ਲਤਾਪੂਰਵਕ ਲੈਂਡ ਨਹੀਂ ਕਰ ਸਕਿਆ ਹੈ।
200 ਮਿਲੀਅਨ ਡਾਲਰ ਪਾਣੀ ਵਿੱਚ ਚਲਾ ਗਿਆ
ਹਾਲਾਂਕਿ ਰੂਸ ਨੇ ਲੂਨਾ-25 ਦੇ ਬਜਟ ਦਾ ਅਧਿਕਾਰਤ ਐਲਾਨ ਨਹੀਂ ਕੀਤਾ ਪਰ ਮੀਡੀਆ ਰਿਪੋਰਟਾਂ ਮੁਤਾਬਕ ਇਸ ਮਿਸ਼ਨ 'ਤੇ ਰੂਸ ਨੇ ਕਰੀਬ 20 ਕਰੋੜ ਡਾਲਰ (16,63,14,00,000 ਰੁਪਏ) ਖਰਚ ਕੀਤੇ ਹਨ। ਇਹ ਨਿਵੇਸ਼ ਵਾਹਨ ਦੇ ਵਿਲੱਖਣ ਡਿਜ਼ਾਈਨ, ਵਿਸ਼ੇਸ਼ਤਾਵਾਂ ਅਤੇ ਕਾਰਜਸ਼ੀਲਤਾ 'ਤੇ ਕੀਤਾ ਗਿਆ ਸੀ, ਯਾਨੀ ਇਸ ਮਿਸ਼ਨ ਦੇ ਨਾਕਾਮ ਰਹਿਣ ਕਾਰਨ ਰੂਸ ਨੂੰ 16 ਅਰਬ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ।
- PTC NEWS