Punjab Cabinet Meeting: ਪੰਜਾਬ ਕੈਬਨਿਟ ਮੀਟਿੰਗ ’ਚ ਕੀਤੀ ਗਈ ਗ੍ਰਾਂਟਾਂ ’ਚ ਕਟੌਤੀ, ਜਾਣੋ ਹੋਰ ਕਿਹੜੇ ਫੈਸਲਿਆਂ ’ਤੇ ਲੱਗੀ ਮੋਹਰ
Punjab Cabinet Meeting Update: ਪੰਜਾਬ ਮੰਤਰੀ ਮੰਡਲ ਦੀ ਅੱਜ ਹੋਈ ਮੀਟਿੰਗ ਵਿੱਚ ਕਈ ਅਹਿਮ ਫੈਸਲੇ ਲਏ ਗਏ। ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਹੋਈ ਕੈਬਨਿਟ ਮੀਟਿੰਗ ’ਚ ਮੁੱਖ ਮੰਤਰੀ ਭਗਵੰਤ ਮਾਨ ਸਣੇ ਹੋਰ ਕੈਬਨਿਟ ਮੰਤਰੀਆਂ ਨੂੰ ਮਿਲਣ ਵਾਲੀਆਂ ਗ੍ਰਾਂਟਾਂ ਵਿੱਚ ਕਟੌਤੀ ਕੀਤੀ ਗਈ। ਮੁੱਖ ਮੰਤਰੀ ਦੀ ਸਾਲਾਨਾ ਗ੍ਰਾਂਟ 50 ਕਰੋੜ ਰੁਪਏ ਤੋਂ 37 ਕਰੋੜ ਰੁਪਏ ਕਰ ਦਿੱਤੀ ਗਈ ਹੈ। ਜਦਕਿ ਕੈਬਨਿਟ ਮੰਤਰੀਆਂ ਨੂੰ ਦਿੱਤੀ ਜਾਣ ਵਾਲੀ ਡੇਢ ਕਰੋੜ ਰੁਪਏ ਦੀ ਗ੍ਰਾਂਟ ਘਟਾ ਕੇ 1 ਕਰੋੜ ਰੁਪਏ ਕਰ ਦਿੱਤੀ ਗਈ ਹੈ।
ਗ੍ਰਾਂਟਾਂ ਵਿੱਚ ਕੀਤੀ ਗਈ ਕਟੌਤੀ
ਦੱਸ ਦਈਏ ਕਿ ਕੈਬਨਿਟ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਉਨ੍ਹਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸਿੰਚਾਈ ਵਿਭਾਗ ਦੀ 2021-22 ਦੀ ਸਾਲਾਨਾ ਰਿਪੋਰਟ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਚਾਰ ਕੈਦੀਆਂ ਦੀ ਅਗਾਊਂ ਰਿਹਾਈ ਲਈ ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜਦਕਿ ਇਕ ਕੈਦੀ ਦੀ ਰਿਹਾਈ ਰਿਪੋਰਟ ਨੂੰ ਰੱਦ ਕਰ ਦਿੱਤਾ ਗਿਆ।
ਕਈ ਅਸਾਮੀਆਂ ਦਾ ਕੀਤਾ ਐਲਾਨ
ਇਸ ਤੋਂ ਇਲਾਵਾ 12ਵੀਂ ਜਮਾਤ ਤੱਕ ਦੇ ਸਕੂਲਾਂ ਵਿੱਚ ਵਿਜ਼ਿਟਿੰਗ ਫੈਕਲਟੀ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਨਾਲ ਹੀ ਪ੍ਰਸ਼ਾਸਨਿਕ ਸੁਧਾਰ ਵਿਭਾਗ 'ਚ 20 ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ। ਸਿਹਤ ਵਿਭਾਗ ਦੀ ਮੁਹਾਲੀ ਇਕਾਈ ਲਈ 484 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਇਸ 'ਤੇ 60 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ।
ਭਲਕੇ ਤੋਂ ਸ਼ੁਰੂ ਹੋਣਗੀਆਂ ‘ਖੇਡਣ ਵਤਨ ਪੰਜਾਬ ਦੀਆਂ’
ਦੂਜੇ ਪਾਸੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਵਿੱਚ ਖੇਡਾਂ ਦਾ ਵਧੀਆ ਮਾਹੌਲ ਸਿਰਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਲਕੇ 29 ਅਗਸਤ ਨੂੰ ‘ਖੇਡਣ ਵਤਨ ਪੰਜਾਬ ਦੀਆਂ’ ਖੇਡਾਂ ਸ਼ੁਰੂ ਹੋਣਗੀਆਂ, ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਿਰਕਤ ਕਰਨਗੇ।
ਇਹ ਵੀ ਪੜ੍ਹੋ: ਜਲਦ ਜਨਤਾ ਦੇ ਸਪੁਰਦ ਕੀਤੇ ਜਾਣਗੇ ਸ਼ਹੀਦ ਊਧਮ ਸਿੰਘ ਦੇ ਉਂਗਲਾਂ ਦੇ ਨਿਸ਼ਾਨ
- PTC NEWS