Coronavirus India update: 24 ਘੰਟਿਆਂ 'ਚ ਕੋਰੋਨਾ ਦੇ 42,909 ਨਵੇਂ ਮਾਮਲੇ ਆਏ ਸਾਹਮਣੇ, ਕੇਰਲ ਸਭ ਤੋਂ ਪ੍ਰਭਾਵਿਤ
ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਸਿਹਤ ਮੰਤਰਾਲੇ ਵੱਲੋਂ ਸੋਮਵਾਰ ਸਵੇਰੇ ਤਾਜ਼ਾ ਅੰਕੜੇ ਜਾਰੀ ਕੀਤੇ ਗਏ। ਮੰਤਰਾਲੇ ਅਨੁਸਾਰ, ਪਿਛਲੇ 24 ਘੰਟਿਆਂ ਵਿੱਚ 42,909 ਨਵੇਂ ਕੋਰੋਨਾ ਮਾਮਲੇ ਆਏ ਅਤੇ 380 ਕੋਰੋਨਾ ਪੀੜਤ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ। ਇਸ ਦੇ ਨਾਲ ਹੀ 24 ਘੰਟਿਆਂ ਵਿੱਚ 34,763 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ ਭਾਵ ਕੱਲ੍ਹ 7766 ਐਕਟਿਵ ਕੇਸਾਂ ਵਿੱਚ ਵਾਧਾ ਹੋਇਆ ਹੈ।
ਕੇਰਲ ਤੇ ਮਹਾਰਾਸ਼ਟਰ ਸਮੇਤ ਕਈ ਸੂਬਿਆਂ ’ਚ ਕੋਵਿਡ-19 ਦੀ ਤੀਜੀ ਲਹਿਰ ਦੀ ਆਸ਼ੰਕਾ ਨਜ਼ਰ ਆ ਰਹੀ ਹੈ। ਇਸ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਕੇਂਦਰ ਨੇ ਕੋਰੋਨਾ ਪ੍ਰੋਟੋਕਲ ਨੂੰ ਲੈ ਕੇ ਦੇਸ਼ ਭਰ ’ਚ ਨਵੀਆਂ ਗਾਈਡ ਲਾਈਨਜ਼ ਜਾਰੀ ਕਰ ਦਿੱਤੀਆਂ ਤੇ ਇਸ ਦੀ ਮਿਆਦ ਨੂੰ ਵੀ 30 ਸਤੰਬਰ ਤਕ ਵਧਾ ਦਿੱਤਾ ਹੈ। ਹੁਣ ਰੋਜ਼ ਰਾਤ 10 ਵਜੇ ਤੋਂ ਸਵੇਰੇ 6 ਵਜੇ ਤਕ ਸਖ਼ਤ ਪਾਬੰਦੀਆਂ ਲਾਗੂ ਰਹਿਣਗੀਆਂ। ਐਤਵਾਰ ਨੂੰ ਗੋਅ ’ਚ ਕੋਰੋਨਾ ਕਰਫਿਊ ਦੀ ਮਿਆਦ ਵਧਾ ਕੇ 6 ਸਤੰਬਰ ਤਕ ਕਰ ਦਿੱਤੀ ਗਈ ਹੈ।
ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਹੁਣ ਤੱਕ ਕੁੱਲ ਤਿੰਨ ਕਰੋੜ 27 ਲੱਖ 37 ਹਜ਼ਾਰ ਲੋਕ ਪੀੜਤ ਹੋ ਚੁੱਕੇ ਹਨ। ਇਨ੍ਹਾਂ ਵਿੱਚੋਂ 4 ਲੱਖ 38 ਹਜ਼ਾਰ 210 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਅਹਿਮ ਤੇ ਚੰਗੀ ਗੱਲ ਇਹ ਹੈ ਕਿ ਹੁਣ ਤੱਕ 3 ਕਰੋੜ 19 ਲੱਖ 23 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ।
-PTC News