ਕਿੱਧਰ ਨੂੰ ਜਾ ਰਹੀ ਹੈ 'ਆਪ' ਦੀ ਰਾਜਨੀਤੀ ?

By Jashan A - September 05, 2019 2:09 pm

ਕਿੱਧਰ ਨੂੰ ਜਾ ਰਹੀ ਹੈ 'ਆਪ' ਦੀ ਰਾਜਨੀਤੀ ?

ਚੰਡੀਗੜ੍ਹ: ਦੇਸ਼ ਦੀ ਰਾਜਨੀਤੀ ਵਿੱਚ ਵੱਖਰਾ ਕਰਨ ਦੇ ਮਨਸੂਬੇ ਨਾਲ ਆਮ ਆਦਮੀ ਪਾਰਟੀ ਨੇ ਆਪਣੀ ਸ਼ੁਰੂਆਤੀ ਰਾਜਨੀਤੀ ਸ਼ੁਰੂ ਕੀਤੀ।ਦਿੱਲੀ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਭਰਪੂਰ ਹੁੰਗਾਰਾ ਮਿਲਿਆ।ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਸਿਆਸੀ ਧਰਾਤਲ ਤੇ ਇਤਿਹਾਸਿਕ ਜਿੱਤ ਪ੍ਰਾਪਤ ਕੀਤੀ ਤੇ ਆਪ ਦੇ 4 ਸਾਂਸਦ ਮੈਂਬਰ ਚੁਣੇ ਗਏ, ਪਰ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਵਿਚਲਾ ਕਲੇਸ਼ ਆਏ ਦਿਨ ਕਿਸੇ ਨਾ ਕਿਸੇ ਰੂਪ ਵਿੱਚ ਵੇਖਣ ਨੂੰ ਮਿਲਦਾ ਰਿਹਾ ਹੈ।

ਇਸ ਵਿੱਚ ਅਹਿਮ ਗੱਲ ਹੈ ਇਹ ਵੀ ਰਹੀ ਕਿ ਪਾਰਟੀ ਨੇ ਜਿਨੇ ਵੀ ਪੰਜਾਬ ਲਈ ਕਨਵੀਨਰ ਨਿਯੁਕਤ ਕੀਤੇ ਉਨਾਂ ਨੂੰ ਜਲੀਲ ਕਰ ਕੇ ਜਾਂ ਤਾਂ ਪਾਰਟੀ ਚੋਂ ਕੱਢ ਦਿੱਤਾ ਗਿਆ ਤੇ ਜਾਂ ਫਿਰ ਉਹ ਆਪ ਛੱਡ ਕੇ ਚਲੇ ਗਏ। ਸਭ ਤੋਂ ਪਹਿਲਾਂ ਪੰਜਾਬ ਵਿੱਚ ਪਾਰਟੀ ਦਾ ਮੁੱਢ ਬੰਨਣ ਵਾਲੇ ਡਾ.ਦਲਜੀਤ ਸਿੰਘ ਨੂੰ ਪਾਰਟੀ ਨੇ ਢਾਂਚੇ ਚੋਂ ਵਾਲ ਵਾਂਗ ਕੱਢ ਕੇ ਬਾਹਰ ਸੁੱਟ ਦਿੱਤਾ।

AAPਦਲਜੀਤ ਸਿੰਘ,ਜਿੰਨਾਂ ਨੇ ਅੰਨਾ ਹਜਾਰੇ ਅੰਦੋਲਨ ਤੋਂ ਲੈ ਕੇ ਪਾਰਟੀ ਦੀ ਸਥਾਪਨਾ ਤੱਕ ਅਰਵਿੰਦ ਕੇਜਰੀਵਾਲ ਸਮੇਤ ਪਾਰਟੀ ਦੇ ਵੱਡੇ ਆਗੂਆਂ ਦਾ ਸਾਥ ਦਿੱਤਾ। ਲੋਕ ਸਭਾ ਚੋਣਾ 2014 ਤੋਂ ਠੀਕ ਪਹਿਲਾਂ ਆਪ ਨੇ ਦਲਜੀਤ ਸਿੰਘ ਨੂੰ ਪੰਜਾਬ ਦੇ ਜਥੇਬੰਧਕ ਢਾਂਚੇ ਦੀ ਵੱਡੀ ਜ਼ਿੰਮੇਵਾਰੀ ਦਿੱਤੀ,ਪਰ ਲੋਕ ਸਭਾ ਚੋਣਾਂ ਤੋਂ ਠੀਕ ਬਾਅਦ ਉਨਾਂ ਨੇ ਪਾਰਟੀ ਤੋਂ ਕਿਨਾਰਾ ਕਰ ਲਿਆ ਤੇ ਅੱਜ ਕੱਲ ਉਹ ਪਾਰਟੀ ਚ ਕਿਸੇ ਨੇਤਾ ਦੇ ਵੀ ਸ਼ਾਇਦ ਯਾਦ ਵੀ ਨਾ ਹੋਣ।

ਪਾਰਟੀ ਅੰਦਰ ਜਾਨ ਫੂਕਣ ਲਈ ਆਪ ਨੇ ਇਸ ਤੋਂ ਬਾਅਦ ਮਾਝੇ ਦੇ ਘਾਗ ਆਗੂ ਸੁੱਚਾ ਸਿੰਘ ਛੋਟੇਪੁਰ ਨੂੰ ਜ਼ਿੰਮੇਵਾਰੀ ਸੌਪੀ। ਜਿਨਾਂ ਨੇ ਇੱਕ ਮਜ਼ਬੂਤ ਢਾਂਚੇ ਬਣਾ ਕੇ ਕੁਝ ਹੀ ਮਹੀਨਿਆਂ ਅੰਦਰ ਪਾਰਟੀ ਨੂੰ ਪੈਰਾਂ ਸਿਰ ਖੜਾ ਕਰ ਦਿੱਤਾ ਪਰ ਸ਼ਾਇਦ ਛੋਟੇਪੁਰ ਦੀ ਪਾਰਟੀ ਅੰਦਰ ਵਧ ਰਹੀ ਹੈਸੀਅਤ ਸਥਾਨਕ ਲੀਡਰਸ਼ਿਪ ਨੂੰ ਰਾਸ ਨਾ ਆਈ ਤੇ ਉਨਾਂ ਤੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਲਗਾ ਦਿੱਤਾ ਗਿਆ ਤੇ ਇੱਕ ਸਟਿੰਗ ਹੋਣ ਦਾ ਦਾਅਵਾ ਵੀ ਕਰ ਦਿੱਤਾ ਸੀ।

ਉਸ ਸਮੇਂ ਮੀਡੀਆ ਵਲੋਂ ਲਗਾਤਾਰ ਸਟਿੰਗ ਬਾਰੇ ਸਵਾਲ ਕੀਤੇ ਜਾਂਦੇ ਰਹੇ ਪਰ ਪੰਜਾਬ ਲੀਡਰਸ਼ਿਪ ਕਹਿੰਦੀ ਰਹੀ ਹੈ ਕਿ ਸਮਾਂ ਆਉਣ ਤੇ ਸਟਿੰਗ ਜਨਤਕ ਕਰ ਦਿੱਤਾ ਜਾਵੇਗਾ ਪਰ ਅੱਜ ਤੱਕ ਆਮ ਆਦਮੀ ਪਾਰਟੀ ਕੋਲ ਸਮਾਂ ਨਹੀਂ ਲੱਗਾ ਉਸ ਸਟਿੰਗ ਨੂੰ ਦਿਖਾਉਣ ਦਾ ਜਿਸ ਜਰੀਏ ਸੁੱਚਾ ਸਿੰਘ ਛੋਟੇਪੁਰ ਨੂੰ ਸ਼ਿਕਾਰ ਬਣਾਇਆ ਗਿਆ।

ਵਿਧਾਨ ਸਭਾ ਚੋਣਾਂ ਤੋ ਪਹਿਲਾਂ ਆਮ ਆਦਮੀ ਪਾਰਟੀ ਨੇ ਹਰ ਪਿੰਡ ਹਰ ਸ਼ਹਿਰ ਵਿੱਚ ਵਲੰਟੀਅਰਾਂ ਦੀ ਵੱਡੀ ਫੌਜ ਖੜੀ ਕੀਤੀ ਤੇ ਇਸ ਫੌਜ ਦੀ ਕਮਾਨ ਸਿਆਸਤ ਦੇ ਸਿਖਾਂਦਰੂ ਗੁਰਪ੍ਰੀਤ ਸਿੰਘ ਵੜੈਚ ਉਰਫ ਘੁੱਗੀ ਨੂੰ ਬਣਾ ਦਿੱਤਾ ਗਿਆ। ਆਮ ਆਦਮੀ ਪਾਰਟੀ ਵਿੱਚ ਪੈਰ ਰੱਖਣ ਵਾਲੇ ਗੁਰਪ੍ਰੀਤ ਘੁੱਗੀ ਨੇ ਵੀ ਸ਼ੁਰੂਆਤੀ ਦਿਨਾਂ ਕਾਫੀ ਮਿਹਨਤ ਕੀਤੀ ਤਾਂ ਉਧਰ ਪਾਰਟੀ ਨੇ ਉਨਾਂ ਨੂੰ ਬਟਾਲਾ ਤੋਂ ਉਮੀਦਵਾਰ ਵੀ ਐਲਾਨ ਦਿੱਤਾ।

AAPਜਿਵੇਂ ਹੀ ਵਿਧਾਨ ਸਭਾ ਚੋਣਾਂ ਲੰਘੀਆਂ ਤਾਂ ਆਮ ਆਦਮੀ ਪਾਰਟੀ ਚੋਂ ਕਦੋਂ ਘੁੱਗੀ ਦੇ ਖੰਬ ਕੁਤਰ ਦਿੱਤੇ ਗਏ ਸ਼ਾਇਦ ਇਸ ਦਾ ਪਤਾ ਉਨਾਂ ਨੂੰ ਵੀ ਨਾ ਲੱਗਿਆ ਹੋਵੇ। ਇਸ ਦੇ ਨਾਲ ਹੀ ਸਥਾਨਕ ਲੀਡਰਸ਼ਿਪ ਦਾ ਇੱਕ ਹੋਰ ਕਨਵੀਨਰ ਸ਼ਿਕਾਰ ਹੋ ਗਿਆ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦਾ ਦਾਅਵਾ ਸੀ ਕਿ ਪਾਰਟੀ ਸੌ ਸੀਟ ਦੇ ਨੇੜੇ ਤੇੜੇ ਜਿੱਤ ਦਰਜ਼ ਕਰ ਕੇ ਪੰਜਾਬ ਦੀ ਸਿਆਸਤ ਵਿੱਚ ਨਵਾਂ ਧਮਾਕਾ ਕਰੇਗੀ ਪਰ ਪਾਰਟੀ ਮਹਿਜ 20 ਸੀਟਾਂ ਆਕੇ ਸਿਮਟ ਗਈ।

ਦਾਖਾ ਤੋਂ ਵਿਧਾਇਕ ਬਣੇ ਐਚਐਸ ਫੂਲਕਾ ਨੂੰ ਸਦਨ ਦੀ ਜ਼ਿੰਮੇਵਾਰੀ ਦਿੱਤੀ ਗਈ।ਪਰ ਉਨਾਂ ਨੇ ਵੀ ਸਾਲ ਦੌਰਾਨ ਹੀ ਨਿੱਜੀ ਰੁਝੇਵਿਆਂ ਦਾ ਹਵਾਲਾ ਦੇ ਕੇ ਆਗੂ ਵਿਰੋਧੀ ਧਿਰ ਦੇ ਅਹੁਦੇ ਤੋਂ ਛੁੱਟੀ ਲੈ ਲਈ ਪਰ ਹੁਣ ਉਨਾਂ ਨੇ ਪੱਕੇ ਤੌਰ ਤੇ ਹੀ ਬਤੌਰ ਵਿਧਾਇਕ ਵਜੋਂ ਵੀ ਛੁੱਟੀ ਲੈ ਲਈ ਹੈ। ਆਮ ਆਦਮੀ ਪਾਰਟੀ ਨੇ ਇਸ ਤੋਂ ਬਾਅਦ ਇਸ ਵੱਕਾਰੀ ਅਹੁਦੇ ਲਈ ਸੁਖਪਾਲ ਖਹਿਰਾ ਨੂੰ ਜ਼ਿੰਮੇਵਾਰੀ ਦੇ ਦਿੱਤੀ ਪਰ ਇੱਕ ਸਾਲ ਅੰਦਰ ਹੀ ਖਹਿਰਾ ਨੂੰ ਵੀ ਇੱਕ ਟਵੀਟ ਦੇ ਜ਼ਰੀਏ ਹਟਾ ਕੇ ਹਰਪਾਲ ਚੀਮਾ ਨੂੰ ਐਲ਼ਓਪੀ ਲਗਾ ਦਿੱਤਾ ਗਿਆ।

ਵਿਰੋਧੀ ਧਿਰ ਦੇ ਨਵੇਂ ਆਗੂ ਦੀ ਚੋਣ ਨੇ ਪਾਰਟੀ ਅੰਦਰ ਨਵੀਂ ਧੜੇਬੰਦੀ ਦੀ ਸ਼ੁਰੂਆਤ ਕਰ ਦਿੱਤੀ। ਵਿਧਾਇਕ ਖਹਿਰਾ ਨੇ ਆਪਣੇ ਨਾਲ 8 ਹੋਰ ਵਿਧਾਇਕਾਂ ਨੂੰ ਲੈਕੇ ਪਾਰਟੀ ਖਿਲਾਫ ਬਗਾਵਤ ਕਰ ਦਿੱਤੀ ਤਾਂ ਪਾਰਟੀ ਨੇ ਉਨਾਂ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਲਾਂਭੇ ਕਰ ਦਿੱਤਾ। ਜੇਕਰ ਆਮ ਆਦਮੀ ਪਾਰਟੀ ਦੇ ਪਿਛਲੇ ਢਾਈ ਸਾਲਾਂ ਦੀ ਕਾਰਗੁਜਾਰੀ ਤੇ ਨਜ਼ਰ ਮਾਰੀਏ ਤਾਂ ਸਾਫ ਨਜਰ ਆਉਦਾ ਹੈ ਕਿ ਜਿਹੜੇ ਪੰਜਾਬ ਵਾਸੀਆਂ ਨੇ ਆਮ ਆਦਮੀ ਪਾਰਟੀ ਨੂੰ 36 ਲੱਖ ਵੋਟ ਪਾਏ ਜੋ ਕਿ ਕਰੀਬ 25 ਫੀਸਦ ਬਣਦਾ ਹੈ ਪਾਰਟੀ ਨੇ ਹਰ ਪੱਧਰ ਦੇ ਪੰਜਾਬ ਵਾਸੀਆਂ ਨੂੰ ਨਿਰਾਸ਼ ਹੀ ਕੀਤਾ।

ਜੇਕਰ ਵਿਧਾਨ ਸਭਾ ਦੇ ਸਿਰਫ ਪਹਿਲੇ ਤਿੰਨ ਸੈਸ਼ਨ ਛੱਡ ਦਈਏ ਤਾਂ ਪਾਰਟੀ ਵਿਧਾਇਕ ਕਦੇ ਵੀ ਇਕੱਠੇ ਨਜ਼ਰ ਨਹੀਂ ਆਏ।ਧੜੇਬਾਜੀ ਦਾ ਸ਼ਿਕਾਰ ਹੋਈ ਆਮ ਆਦਮੀ ਪਾਰਟੀ ਵਿਧਾਨ ਸਭਾ ਕੰਪਲੈਕਸ ਅੰਦਰ ਵੀ ਆਪਸੀ ਮਤਭੇਦਾਂ ਦਾ ਸ਼ਿਕਾਰ ਰਹੀ । ਪਾਰਟੀ ਅੰਦਰ ਕਈ ਅਜਿਹੇ ਸਮੂਹ ਬਣੇ ਜੋ ਇੱਕ ਦੂਜੇ ਤੋਂ ਵੱਧ ਸਿਆਣੇ ਅਤੇ ਕਾਬਲ ਸਾਬਿਤ ਕਰਨ ਵਿੱਚ ਲੱਗੇ ਹੋਏ ਹਨ।

AAPਦੋ ਵਿਧਾਇਕ ਕਾਂਗਰਸ ਦੀ ਬੇੜੀ ਵਿੱਚ ਸ਼ਾਮਲ ਹੋ ਚੁੱਕੇ ਹਨ ਅਤੇ ਦੋ ਵਿਧਾਇਕ ਨਵੀਂ ਪਾਰਟੀ ਬਣਾ ਕੇ ਪਾਰਟੀ ਨੂੰ ਚੁਣੌਤੀ ਦੇ ਰਹੇ ਹਨ। ਜਦੋਂ ਕਿ ਕੰਵਰ ਸੰਧੂ ਅਤੇ ਜਗਤਾਰ ਜੱਗਾ ਵਰਗੇ ਵਿਧਾਇਕ ਹਾਲੇ ਵੀ ਪਾਰਟੀ ਨਾਲ ਛੱਤੀ ਦਾ ਅੰਕੜਾ ਬਣਾ ਕੇ ਚੱਲ ਰਹੇ ਹਨ।ਉਧਰ ਹੁਣ ਤਾਜੇ ਸਮੀਕਰਨਾਂ ਨੇ ਪਾਰਟੀ ਦੀ ਧੜੇਬੰਦੀ ਨੂੰ ਨਵਾਂ ਰੂਪ ਦੇ ਦਿੱਤਾ ਹੈ ਪਾਰਟੀ ਤੋਂ ਪਹਿਲਾਂ ਹੀ ਨਾਰਾਜ਼ ਚੱਲ ਰਹੇ ਵਿਧਾਇਕ ਪਿਰਮਲ ਸਿੰਘ ਖਾਲਸਾ ਅਤੇ ਜਗਦੇਵ ਸਿੰਘ ਕਮਾਲੂ ਆਪਣੇ ਨਵੇਂ ਸਿਆਸੀ ਬੌਸ ਅਮਨ ਅਰੋੜਾ ਦੀ ਹਾਜਰੀ ਵਿੱਚ ਆਪਣੀ ਰਾਜਨੀਤੀ ਨੂੰ ਅੱਗੇ ਤੋਰ ਰਹੇ ਹਨ।

ਬੇਸ਼ੱਕ ਅਮਨ ਅਰੋੜਾ ਜਨਤਕ ਮੰਚ ਤੇ ਸਭ ਚੰਗਾ ਹੋਣਾ ਦਾ ਦਾਅਵਾ ਕਰਦੇ ਨੇ ਪਰ ਆਫ ਦਿ ਰਿਕਾਰਡ ਜੋ ਗਿਲੇ ਸ਼ਿਕਵੇ ਉਨਾਂ ਦੇ ਪਾਰਟੀ ਨਾਲ ਨਜਰ ਆਉਦੇ ਨੇ ਉਨਾਂ ਤੋਂ ਸਾਫ ਨਜਰ ਆਉਦਾ ਹੈ ਕਿ ਅਗਲੇ ਵਿਧਾਨ ਸਭਾ ਸੈਸ਼ਨ ਵਿੱਚ ਆਪ ਦਾ ਇੱਕ ਹੋਰ ਧੜਾ ਵੱਖਰਾ ਗੁੱਲ ਖਿੜਾ ਸਕਦਾ ਹੈ।ਹਕੀਕੀ ਤੌਰ ਤੇ ਆਮ ਆਦਮੀ ਪਾਰਟੀ ਕੋਲ ਇਸ ਸਮੇਂ ਮਹਿਜ 15 ਵਿਧਾਇਕ ਬਚੇ ਹੋਏ ਜਿਨਾਂ ਵਿੱਚ ਚਾਰ ਵਿਧਾਇਕ ਲੀਡਰਸ਼ਿਪ ਦੀ ਰਾਡਾਰ ਤੋਂ ਦੂਰ ਹਨ।

AAPਹਮੇਸ਼ਾ ਨੈਤਿਕਤਾ ਦੀ ਗੱਲ ਕਰਨ ਵਾਲੀ ਆਮ ਆਦਮੀ ਪਾਰਟੀ ਉਸ ਨੈਤਿਕਤਾ ਤੋਂ ਕਾਫੀ ਦੂਰ ਨਜਰ ਆ ਰਹੀ ਹੈ ਜਿਸ ਨੈਤਿਕਤਾ ਵਿੱਚ ਸਾਫ ਨਜਰ ਆਉਦਾ ਹੈ ਕਿ ਪਾਰਟੀ ਨਾਲ ਚੱਲਣ ਵਾਲੇ ਮਹਿਜ 11 ਵਿਧਾਇਕ ਹੀ ਹਨ ਜੋ ਵਿਰੋਧੀ ਧਿਰ ਦੀ ਲਾਜ਼ਮੀ ਗਿਣਤੀ ਨਾਲੋਂ ਦੂਜੀ ਸਿਆਸੀ ਪਾਰਟੀ ਤੋਂ ਘੱਟ ਹੈ।ਲਿਹਾਜਾ ਆਮ ਆਦਮੀ ਪਾਰਟੀ ਵੱਲੋਂ ਸ਼ੁਰੂਆਤੀ ਦਿਨਾਂ ਵਿੱਚ ਕੀਤੀਆਂ ਗੱਲਾਂ ਅਤੇ ਮੌਜ਼ੂਦਾ ਗਤੀਵਿਧੀਆਂ ਵਿੱਚ ਵੱਡਾ ਫਰਕ ਨਜ਼ਰ ਆਉਦਾ ਹੈ। ਅਸੀ ਰਾਜਨੀਤੀ ਨਹੀਂ ਕਰਨ ਆਏ ਦਾ ਸਲੋਗਨ ਦੇਣ ਵਾਲੀ ਆਮ ਆਦਮੀ ਪਾਰਟੀ ਰਾਜਨੀਤੀ ਹਾਲਾਤਾਂ ਵਿੱਚ ਦੂਜੀਆਂ ਪਾਰਟੀਆਂ ਤੋਂ ਦੁੱਗਣੀ ਧੁੰਦਲੀ ਨਜ਼ਰ ਆਉਦੀ ਹੈ,ਜਿਸ ਤੋਂ ਸ਼ਾਇਦ ਇਨਕਾਰ ਨਹੀਂ ਕੀਤਾ ਜਾ ਸਕਦਾ।

-PTC News

adv-img
adv-img