Tanmanjeet Singh Dhesi: ਯੂ.ਕੇ. ਦੇ ਸਿੱਖ ਐਮ.ਪੀ. ਤਨਮਨਜੀਤ ਸਿੰਘ ਢੇਸੀ ਨੂੰ ਜਾਨੋਂ ਮਾਰਨ ਦੀਆਂ ਨਸਲਵਾਦੀ ਧਮਕੀਆਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋ ਨਿਖੇਧੀ

By  Amritpal Singh November 27th 2023 05:50 PM -- Updated: November 27th 2023 08:07 PM

Tanmanjeet Singh Dhesi: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਯੂ.ਕੇ. ਦੇ ਸਿੱਖ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ( Tanmanjeet Singh Dhesi ) ਨੂੰ ਗਾਜ਼ਾ-ਇਜ਼ਰਾਈਲ ਜੰਗ ਸਬੰਧੀ ਸਕਾਟਿਸ਼ ਨੈਸ਼ਨਲ ਪਾਰਟੀ ਵਲੋਂ ਲਿਆਂਦੇ ਅਸਥਾਈ ਜੰਗਬੰਦੀ ਦੇ ਛੋਟੇ ਮਤੇ ‘ਤੇ ਵੋਟ ਪਾਉਣ ਦੀ ਬਜਾਇ ਹਿੰਸਾ ਦੇ ਸਦੀਵੀ ਅੰਤ ਅਤੇ ਦੁਸ਼ਮਣੀ ਦੇ ਸਥਾਈ ਖ਼ਾਤਮੇ ਲਈ ਲੇਬਰ ਪਾਰਟੀ ਵਲੋਂ ਪੇਸ਼ ਕੀਤੇ ਮਤੇ ‘ਤੇ ਵੋਟ ਪਾਉਣ ਕਾਰਨ ਨਸਲਵਾਦੀ ਤਾਕਤਾਂ ਵਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੀ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਸਰਬੱਤ ਦਾ ਭਲਾ ਮੰਗਣ ਅਤੇ ਵਿਸ਼ਵ ਸ਼ਾਂਤੀ ਚਾਹੁਣ ਵਾਲੀ ਕੌਮ ਹੈ ਅਤੇ ਤਨਮਨਜੀਤ ਸਿੰਘ ਢੇਸੀ ਵਰਗੇ ਸਿੱਖਾਂ ‘ਤੇ ਪੂਰੀ ਕੌਮ ਨੂੰ ਮਾਣ ਹੈ, ਜਿਹੜੇ ਹਮੇਸ਼ਾ ਦਲੇਰੀ ਤੇ ਨਿਡਰਤਾ ਦੇ ਨਾਲ ਵਿਸ਼ਵ ਸ਼ਾਂਤੀ ਅਤੇ ਮਨੁੱਖੀ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਦੇ ਹਨ। 

ਗਿਆਨੀ ਰਘਬੀਰ ਸਿੰਘ ਨੇ ਜਾਰੀ ਬਿਆਨ ਵਿਚ ਆਖਿਆ ਕਿ ਸਿੱਖ ਅਮਲ ਨੂੰ ਕਰੋਨਾ ਕਾਲ ਤੇ ਦੁਨੀਆ ਦੇ ਵੱਖ-ਵੱਖ ਖਿੱਤਿਆਂ ਵਿਚ ਜੰਗਾਂ-ਯੁੱਧਾਂ ਵੇਲੇ ਸਿੱਖ ਵਾਲੰਟੀਅਰਾਂ ਦੁਆਰਾ ਕੀਤੀ ਗਈ ਮਾਨਵਤਾ ਦੀ ਸੇਵਾ ਦੇ ਰੂਪ ਵਿਚ ਵਿਸ਼ਵ ਦੇ ਲੋਕ ਚੰਗੀ ਤਰ੍ਹਾਂ ਵੇਖ ਚੁੱਕੇ ਹਨ। ਹੁਣ ਇਜ਼ਰਾਈਲ ਅਤੇ ਹਮਾਸ ਵਿਚਾਲੇ ਲੜਾਈ ਦੌਰਾਨ ਹੋ ਰਹੇ ਮਨੁੱਖਤਾ ਦੇ ਘਾਣ ਵਿਰੁੱਧ ਵੀ ਸਿੱਖ ਆਪਣੇ ਧਰਮ ਦੇ ਸਿਧਾਂਤਾਂ ਤੋਂ ਸੇਧ ਲੈ ਕੇ ਸਦੀਵੀ ਵਿਸ਼ਵ ਸ਼ਾਂਤੀ ਦੀ ਕਾਮਨਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਤਨਮਨਜੀਤ ਸਿੰਘ ਢੇਸੀ ਵਲੋਂ ਗ਼ਾਜ਼ਾ-ਇਜ਼ਰਾਈਲ ਵਿਚਾਲੇ ਜੰਗ ਦੌਰਾਨ ਹਜ਼ਾਰਾਂ ਬੇਕਸੂਰ ਨਾਗਰਿਕਾਂ ਤੇ ਨਿੱਕੇ-ਨਿੱਕੇ ਬੱਚਿਆਂ ਦੀਆਂ ਦਰਦਨਾਕ ਮੌਤਾਂ ‘ਤੇ ਹਾਅ ਦਾ ਨਾਅਰਾ ਮਾਰਨ ਅਤੇ ਦੁਵੱਲੀ ਸਦੀਵੀ ਅਮਨ-ਸ਼ਾਂਤੀ ਦੀ ਸਥਾਪਨਾ ਲਈ ਦ੍ਰਿੜ੍ਹਤਾ ਦੇ ਨਾਲ ਯੂ.ਕੇ. ਪਾਰਲੀਮੈਂਟ ਵਿਚ ਚੁੱਕੀ ਆਵਾਜ਼ ਨਸਲਵਾਦੀ ਅਤੇ ਹਿੰਸਾ ਦੀਆਂ ਹਮਾਇਤੀ ਤਾਕਤਾਂ ਨੂੰ ਰਾਸ ਨਹੀਂ ਆ ਰਹੀ, ਜਿਸ ਕਾਰਨ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਡਰਾਵੇ ਤੇ ਧਮਕੀਆਂ ਸਿੱਖਾਂ ਨੂੰ ਆਪਣੇ ਸਿਧਾਂਤਾਂ ਤੋਂ ਦੂਰ ਨਹੀਂ ਕਰ ਸਕਦੀਆਂ ਅਤੇ ਪੂਰੀ ਸਿੱਖ ਕੌਮ ਤਨਮਨਜੀਤ ਸਿੰਘ ਢੇਸੀ ਦੇ ਨਾਲ ਹੈ। 

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਹੁਣ ਜਦੋਂ ਸੰਯੁਕਤ ਰਾਸ਼ਟਰ ਵੀ ਇਹ ਚਿਤਾਵਨੀ ਦੇ ਚੁੱਕਾ ਹੈ ਕਿ ਗਾਜ਼ਾ-ਇਜ਼ਰਾਈਲ ਦੀ ਜੰਗ ਭਵਿੱਖ ਵਿਚ ਵਿਸ਼ਵ ਲਈ ਵੱਡਾ ਅੰਨ ਸੰਕਟ ਪੈਦਾ ਕਰ ਸਕਦੀ ਹੈ ਤਾਂ ਦੁਨੀਆਂ ਦੇ ਸਾਰੇ ਦੇਸ਼ਾਂ ਨੂੰ ਮਿਲ ਕੇ ਤੁਰੰਤ ਇਸ ਜੰਗ ਨੂੰ ਰੋਕਣ ਲਈ ਯਤਨਸ਼ੀਲ ਹੋਣ ਦੀ ਲੋੜ ਹੈ। ਵਿਸ਼ਵ ਵਿਚ ਸਦੀਵੀ ਅਮਨ-ਸ਼ਾਂਤੀ ਤੇ ਖੁਸ਼ਹਾਲੀ ਚਾਹੁਣ ਵਾਲੇ ਸਾਰੇ ਦੇਸ਼ਾਂ ਨੂੰ ਤਨਮਨਜੀਤ ਸਿੰਘ ਢੇਸੀ ਦੀ ਹਮਾਇਤ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਾ ਮੁੱਦਾ ਸੰਯੁਕਤ ਰਾਸ਼ਟਰ ਕੋਲ ਰੱਖ ਕੇ ਉਨ੍ਹਾਂ ਨਾਪਾਕ ਤਾਕਤਾਂ ਨੂੰ ਦੁਨੀਆ ਦੇ ਸਾਹਮਣੇ ਨੰਗਾ ਕਰਨਾ ਚਾਹੀਦਾ ਹੈ, ਜੋ ਅਮਨ-ਸ਼ਾਂਤੀ ਤੇ ਮਨੁੱਖਤਾ ਦੀਆਂ ਦੁਸ਼ਮਣ ਹਨ।

Related Post