Imran Khan Sister Meeting : ਇਮਰਾਨ ਖਾਨ ਨਾਲ ਹੋਈ ਭੈਣ ਦੀ ਮੁਲਾਕਾਤ, ਉਜ਼ਮਾ ਖਾਨ ਨੇ ਜੇਲ੍ਹ 'ਚੋਂ ਬਾਹਰ ਆ ਕੇ ਦੱਸਿਆ ਭਰਾ ਦਾ ਹਾਲ
Imran Khan Sister Meeting : ਪਾਕਿਸਤਾਨ ਵਿੱਚ ਲੰਬੇ ਸਮੇਂ ਤੋਂ ਚਰਚਾਵਾਂ ਅਤੇ ਅਟਕਲਾਂ ਦੇ ਵਿਚਕਾਰ ਆਖ਼ਿਰਕਾਰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਆਖਰਕਾਰ ਉਸ ਦੀ ਭੈਣ ਡਾ. ਉਜ਼ਮਾ ਖਾਨ ਦੀ ਮੁਲਾਕਾਤ ਹੋ ਗਈ ਹੈ। ਇਹ ਮੁਲਾਕਾਤ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿੱਚ ਹੋਈ, ਜਿੱਥੇ ਇਮਰਾਨ ਖਾਨ ਅਗਸਤ 2023 ਤੋਂ ਕਈ ਮਾਮਲੇ 'ਚ ਬੰਦ ਹੈ।
ਇਮਰਾਨ ਖਾਨ ਦੀ ਭੈਣ ਉਜ਼ਮਾ ਖਾਤੂਨ ਨੇ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿੱਚ ਆਪੇਨ ਭਰਾ ਇਮਰਾਨ ਖਾਨ ਨਾਲ ਮੁਲਾਕਾਤ ਕੀਤੀ ਹੈ। ਉਹ 20 ਮਿੰਟ ਦੀ ਮੁਲਾਕਾਤ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਈ ਅਤੇ ਇਮਰਾਨ ਬਾਰੇ ਜਾਣਕਾਰੀ ਦਿੱਤੀ। ਉਜ਼ਮਾ ਨੇ ਦੱਸਿਆ ਕਿ ਇਮਰਾਨ ਖਾਨ ਦੀ ਸਿਹਤ ਠੀਕ ਹੈ ਪਰ ਉਨ੍ਹਾਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ। ਜੇਲ੍ਹ ਵਿੱਚ ਇਮਰਾਨ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਮਰਾਨ ਦੀ ਸਿਹਤ ਬਾਰੇ ਆਖਰੀ ਅਪਡੇਟ 4 ਨਵੰਬਰ ਨੂੰ ਆਇਆ ਸੀ, ਜਦੋਂ ਉਨ੍ਹਾਂ ਦੀ ਭੈਣ ਅਲੀਮਾ ਉਨ੍ਹਾਂ ਨੂੰ ਮਿਲਣ ਗਈ ਸੀ।
ਦਰਅਸਲ, ਪਿਛਲੇ ਮਹੀਨੇ ਤੋਂ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਇਮਰਾਨ ਖਾਨ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ, ਜਿਸ ਕਾਰਨ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਸਿਹਤ ਅਤੇ ਤੰਦਰੁਸਤੀ ਬਾਰੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਕਈਆਂ ਨੇ ਤਾਂ ਸਵਾਲ ਵੀ ਉਠਾਇਆ ਕਿ ਕੀ ਉਹ ਜ਼ਿੰਦਾ ਹਨ। ਮੰਗਲਵਾਰ ਨੂੰ ਇਮਰਾਨ ਖਾਨ ਦੇ ਸਮਰਥਕਾਂ ਨੇ ਪਾਕਿਸਤਾਨ ਦੀਆਂ ਸੜਕਾਂ 'ਤੇ ਹੰਗਾਮਾ ਮਚਾ ਦਿੱਤਾ। ਇਸ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਦੀ ਭੈਣਾਂ ਵਿੱਚੋਂ ਇੱਕ ਨੂੰ ਉਨ੍ਹਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ।
ਇਸ ਮੁਲਾਕਾਤ ਨੇ ਪਾਕਿਸਤਾਨ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਇਮਰਾਨ ਖਾਨ ਦੀ ਸਿਹਤ ਅਤੇ ਜੇਲ੍ਹ ਦੀ ਸਥਿਤੀ ਬਾਰੇ ਅਟਕਲਾਂ ਨੂੰ ਖ਼ਤਮ ਕਰ ਦਿੱਤਾ। ਮੁਲਾਕਾਤ ਤੋਂ ਬਾਅਦ ਡਾ. ਉਜ਼ਮਾ ਨੇ ਮੀਡੀਆ ਨੂੰ ਦੱਸਿਆ ਕਿ ਇਮਰਾਨ ਖਾਨ ਠੀਕ ਹਨ ਅਤੇ ਉਨ੍ਹਾਂ ਦੀ ਸਿਹਤ ਚੰਗੀ ਹੈ। ਇਮਰਾਨ ਖਾਨ ਨੂੰ ਇੱਕਲੇ ਨੂੰ ਕੈਦ ਵਿੱਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਤਸੀਹੇ ਦਿੱਤੇ ਜਾ ਰਹੇ ਹਨ। ਇਮਰਾਨ ਖਾਨ ਗੁੱਸੇ ਵਿੱਚ ਹਨ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਜੋ ਕੁਝ ਹੋ ਰਿਹਾ ਹੈ ,ਉਸ ਲਈ ਅਸੀਮ ਮੁਨੀਰ ਜ਼ਿੰਮੇਵਾਰ ਹੈ।
ਜੇਲ੍ਹ ਦੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ
ਇਸ ਮੁਲਾਕਾਤ ਦੌਰਾਨ ਪਾਕਿਸਤਾਨੀ ਪੰਜਾਬ ਸਰਕਾਰ ਨੇ ਰਾਵਲਪਿੰਡੀ ਅਤੇ ਇਸਲਾਮਾਬਾਦ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ। ਜੇਲ੍ਹ ਦੇ ਬਾਹਰ ਅੱਠ ਪੁਲਿਸ ਸਟੇਸ਼ਨ ਖੇਤਰਾਂ ਦੇ ਸਟੇਸ਼ਨ ਹਾਊਸ ਅਫਸਰ ਅਤੇ ਸੀਨੀਅਰ ਅਧਿਕਾਰੀ ਤਾਇਨਾਤ ਕੀਤੇ ਗਏ ਸਨ। ਰਾਵਲਪਿੰਡੀ ਦੀ ਪੂਰੀ ਪੁਲਿਸ ਫੋਰਸ ਅਡਿਆਲਾ ਰੋਡ 'ਤੇ ਤਾਇਨਾਤ ਕੀਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਅੱਠ ਕਿਲੋਮੀਟਰ ਦੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਸੀ, ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਸਨ ਅਤੇ ਵਸਨੀਕਾਂ ਨੂੰ ਸਿਰਫ਼ ਆਪਣੇ ਪਛਾਣ ਪੱਤਰ ਦਿਖਾਉਣ ਤੋਂ ਬਾਅਦ ਹੀ ਇਲਾਕੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਸੀ।
ਕੀ ਖੈਬਰ ਪਖਤੂਨਖਵਾ ਵਿੱਚ ਇਮਰਾਨ ਖਾਨ ਦੀ ਪਾਰਟੀ ਦੀ ਸਰਕਾਰ ਨੂੰ ਬਰਖਾਸਤ ਕਰ ਦਿੱਤਾ ਜਾਵੇਗਾ?
ਪਿਛਲੇ ਕਈ ਦਿਨਾਂ ਤੋਂ ਇਮਰਾਨ ਖਾਨ ਦੀ ਕੋਈ ਫੋਟੋ ਸਾਹਮਣੇ ਨਹੀਂ ਆਈ ਹੈ, ਨਾ ਹੀ ਕਿਸੇ ਨੇ ਉਨ੍ਹਾਂ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਦੀ ਤੰਦਰੁਸਤੀ ਦਾ ਭਰੋਸਾ ਦਿੱਤਾ ਹੈ। ਸਾਬਕਾ ਪ੍ਰਧਾਨ ਮੰਤਰੀ ਵਿਰੁੱਧ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਇਹ ਰਿਪੋਰਟਾਂ ਵੀ ਤੇਜ਼ੀ ਨਾਲ ਵਧ ਰਹੀਆਂ ਹਨ ਕਿ ਖੈਬਰ ਪਖਤੂਨਖਵਾ ਵਿੱਚ ਇਮਰਾਨ ਖਾਨ ਦੀ ਪਾਰਟੀ ਦੀ ਸਰਕਾਰ ਨੂੰ ਬਰਖਾਸਤ ਕੀਤਾ ਜਾ ਸਕਦਾ ਹੈ ਅਤੇ ਰਾਜਪਾਲ ਸ਼ਾਸਨ ਲਗਾਇਆ ਜਾ ਸਕਦਾ ਹੈ। ਦਰਅਸਲ, ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਸੋਹੇਲ ਅਫਰੀਦੀ ਇਮਰਾਨ ਦੀ ਰਿਹਾਈ ਦੀ ਮੰਗ ਕਰ ਰਹੇ ਵਿਰੋਧ ਪ੍ਰਦਰਸ਼ਨਾਂ ਦਾ ਜ਼ੋਰਦਾਰ ਸਮਰਥਨ ਕਰ ਰਹੇ ਹਨ।
- PTC NEWS