Air India ਨੇ ਏਅਰ ਕੈਨੇਡਾ ਨਾਲ ਮੁੜ ਕੋਡਸ਼ੇਅਰ ਸਮਝੌਤਾ ਕੀਤਾ ਬਹਾਲ , ਯਾਤਰੀਆਂ ਨੂੰ ਹੋਵੇਗਾ ਫ਼ਾਇਦਾ
Air India India-Canada connectivity : ਟਾਟਾ ਗਰੁੱਪ ਦੀ ਏਅਰਲਾਈਨ ਏਅਰ ਇੰਡੀਆ ਨੇ ਕੈਨੇਡਾ ਦੀ ਏਅਰਲਾਈਨ ਏਅਰ ਕੈਨੇਡਾ ਨਾਲ ਇੱਕ ਕੋਡਸ਼ੇਅਰ ਸਮਝੌਤਾ ਮੁੜ ਬਹਾਲ ਕੀਤਾ ਹੈ, ਜਿਸ ਨਾਲ ਯਾਤਰੀਆਂ ਨੂੰ ਦੋਵਾਂ ਦੇਸ਼ਾਂ ਵਿਚਕਾਰ ਯਾਤਰਾ ਦੇ ਵਧੇਰੇ ਵਿਕਲਪ ਮਿਲ ਸਕਣਗੇ। ਏਅਰ ਇੰਡੀਆ ਨੇ ਸ਼ਨੀਵਾਰ ਨੂੰ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਇਹ ਸਮਝੌਤਾ 2 ਦਸੰਬਰ ਤੋਂ ਲਾਗੂ ਹੋਵੇਗਾ।
ਇਸ ਨਾਲ ਉਨ੍ਹਾਂ ਦੇ ਯਾਤਰੀ ਵੈਨਕੂਵਰ ਅਤੇ ਲੰਡਨ ਹੀਥਰੋ ਹਵਾਈ ਅੱਡੇ ਜ਼ਰੀਏ ਕੈਨੇਡਾ ਦੇ 6 ਸ਼ਹਿਰਾਂ ਤੱਕ ਏਅਰ ਇੰਡੀਆ ਦੀ ਵੈੱਬਸਾਈਟ ਨਾਲ AI ਕੋਡ ਦੀ ਵਰਤੋਂ ਕਰਕੇ ਟਿਕਟਾਂ ਬੁੱਕ ਕਰ ਸਕਣਗੇ। ਵੈਨਕੂਵਰ ਦੇ ਰਸਤੇ ਏਅਰ ਇੰਡੀਆ ਦੇ ਯਾਤਰੀ ਏਅਰ ਕੈਨੇਡਾ ਦੀ ਉਡਾਣ ਤੋਂ ਕੈਲਗਰੀ, ਐਡਮੰਟਨ, ਵਿਨੀਪੈਗ, ਮਾਂਟਰੀਅਲ ਅਤੇ ਹੈਲੀਫੈਕਸ ਜਾ ਸਕਣਗੇ। ਜਦਕਿ ਲੰਡਨ ਹੀਥਰੋ ਜ਼ਰੀਏ ਵੈਨਕੂਵਰ ਅਤੇ ਕੈਲਗਰੀ ਦੇ ਵਿਕਲਪ ਮਿਲਣਗੇ। ਇਸੇ ਤਰ੍ਹਾਂ ਏਅਰ ਕੈਨੇਡਾ ਦੇ ਗਾਹਕਾਂ ਨੂੰ ਦਿੱਲੀ ਦੇ ਰਸਤੇ ਅੰਮ੍ਰਿਤਸਰ, ਅਹਿਮਦਾਬਾਦ, ਮੁੰਬਈ, ਹੈਦਰਾਬਾਦ ਅਤੇ ਕੋਚੀ ਅਤੇ ਲੰਡਨ ਹੀਥਰੋ ਰਾਹੀਂ ਦਿੱਲੀ ਅਤੇ ਮੁੰਬਈ ਜਾਣ ਦਾ ਵਿਕਲਪ ਮਿਲ ਸਕੇਗਾ।
ਏਅਰ ਇੰਡੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਬੰਧ ਨਿਰਦੇਸ਼ਕ ਕੈਂਪਬੈਲ ਵਿਲਸਨ ਨੇ ਕਿਹਾ ਕਿ ਹਰ ਸਾਲ ਕੈਨੇਡਾ ਅਤੇ ਭਾਰਤ ਵਿਚਕਾਰ 20 ਲੱਖ ਤੋਂ ਵੱਧ ਯਾਤਰੀ ਯਾਤਰਾ ਕਰਦੇ ਹਨ। ਲੋਕ ਆਪਣੇ ਪਰਿਵਾਰ ਨੂੰ ਮਿਲਣ ਲਈ ,ਵਪਾਰ ਦੇ ਉਦੇਸ਼ ਨਾਲ ਅਤੇ ਸਿੱਖਿਆ ਲਈ ਯਾਤਰਾ ਕਰਦੇ ਹਨ। ਏਅਰ ਕੈਨੇਡਾ ਨਾਲ ਮੁੜ ਸਮਝੌਤਾ ਭਾਲ ਕਰਨ ਨਾਲ ਇਨ੍ਹਾਂ ਯਾਤਰੀਆਂ ਨੂੰ ਕਾਫ਼ੀ ਆਸਾਨੀ ਹੋਵੇਗੀ।
ਕੋਡਸ਼ੇਅਰ ਸਮਝੌਤੇ ਦੇ ਕਾਰਨ ਯਾਤਰੀਆਂ ਨੂੰ ਕਨੈਕਟਿੰਗ ਉਡਾਣਾਂ ਲਈ ਇੱਕ ਸਿੰਗਲ ਟਿਕਟ ਬੁੱਕ ਕਰਨੀ ਹੋਵੇਗੀ ਅਤੇ ਇੱਕ ਸੰਯੁਕਤ ਸਮਾਨ ਭੱਤੇ ਦਾ ਵੀ ਲਾਭ ਹੋਵੇਗਾ। ਮਹਾਰਾਜਾ ਕਲੱਬ ਦੇ ਮੈਂਬਰਾਂ ਨੂੰ ਏਅਰ ਕੈਨੇਡਾ ਦੀਆਂ ਉਡਾਣਾਂ ਲਈ ਸਾਰੇ ਲਾਭ ਮਿਲਦੇ ਰਹਿਣਗੇ। ਸਾਰੀਆਂ ਰੈਗੂਲੇਟਰੀ ਪ੍ਰਵਾਨਗੀਆਂ ਪ੍ਰਾਪਤ ਹੋਣ 'ਤੇ ਕੋਡਸ਼ੇਅਰ ਉਡਾਣਾਂ ਦੀ ਬੁਕਿੰਗ ਸ਼ੁਰੂ ਹੋ ਜਾਵੇਗੀ।
- PTC NEWS