ਮਗਨਰੇਗਾ ਸਕੀਮ 'ਚ 2 ਕਰੋੜ 59 ਲੱਖ ਰੁਪਏ ਦਾ ਘਪਲਾ ਕਰਨ ਵਾਲੇ ਮੁਲਾਜ਼ਮ ਕੀਤੇ ਬਰਖਾਸਤ

By  Jashan A November 13th 2019 06:09 PM -- Updated: November 13th 2019 06:31 PM

ਮਗਨਰੇਗਾ ਸਕੀਮ 'ਚ 2 ਕਰੋੜ 59 ਲੱਖ ਰੁਪਏ ਦਾ ਘਪਲਾ ਕਰਨ ਵਾਲੇ ਮੁਲਾਜ਼ਮ ਕੀਤੇ ਬਰਖਾਸਤ,ਚੰਡੀਗੜ੍ਹ: ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਮਹਾਤਮਾ ਗਾਂਧੀ ਕੌਮੀ ਪੇਂਡੂ ਰੋਜ਼ਗਾਰ ਗਰੰਟੀ ਯੋਜਨਾ(ਮਗਨਰੇਗਾ) ਨੂੰ ਲਾਗੂ ਕਰਨ ਵਿੱਚ 2 ਕਰੋੜ 59 ਲੱਖ ਰੁਪਏ ਦੇ ਕਰੀਬ ਰਕਮ ਦਾ ਘਪਲਾ ਕਰਨ ਵਾਲੇ ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਫਿਰੋਜ਼ਪੁਰ ਜ਼ਿਲੇ ਨਾਲ ਸਬੰਧਤ ਪੰਜ ਕਰਮਚਾਰੀਆਂ ਨੂੰ ਤੁਰੰਤ ਬਰਖਾਸਤ ਕਰਨ ਅਤੇ ਇੱਕ ਕਰਮਚਾਰੀ ਉੱਤੇ ਪੁਲੀਸ ਕੇਸ ਦਰਜ ਕਰਵਾਉਣ ਦੇ ਹੁਕਮ ਦਿੱਤੇ ਹਨ।

ਵਿਭਾਗ ਦੇ ਇੱਕ ਪੜਤਾਲ ਵਿੱਚ ਬਲਾਕ ਫਰੀਦਕੋਟ ਦੇ ਸਹਾਇਕ ਪ੍ਰਾਜੈਕਟ ਅਫਸਰ ਯਾਦਵਿੰਦਰ ਸਿੰਘ, ਬਲਾਕ ਗਿੱਦੜਬਾਹਾ ਦੇ ਸਹਾਇਕ ਪ੍ਰਾਜੈਕਟ ਅਫਸਰ ਹਰਪ੍ਰੀਤ ਸਿੰਘ, ਬਲਾਕ ਗੁਰੂਹਰਸਹਾਏ ਦੇ ਸਹਾਇਕ ਪ੍ਰਾਜੈਕਟ ਅਫਸਰ ਦਲੀਪ ਕੁਮਾਰ, ਬਲਾਕ ਫਿਰੋਜ਼ਪੁਰ ਦੇ ਸਹਾਇਕ ਪ੍ਰਾਜੈਕਟ ਅਫਸਰ ਰਜਨੀ ਸ਼ਰਮਾ ਤੇ ਮੀਨਾ ਸ਼ਰਮਾ ਅਤੇ ਬਲਾਕ ਘੱਲ ਖੁਰਦ ਦੇ ਸਹਾਇਕ ਪ੍ਰਾਜੈਕਟ ਅਫਸਰ ਚਰਨਜੀਤ ਸਿੰਘ ਵੱਲੋਂ ਇਸ ਸਕੀਮ ਤਹਿਤ ਵਰਤੇ ਜਾਂਦੇ ਮੈਟੀਰੀਅਲ ਲਈ ਦੀ 2 ਕਰੋੜ 59 ਲੱਖ ਰੁਪਏ ਦੀ ਜਾਅਲੀ ਅਦਾਇਗੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਇਹਨਾਂ ਵਿੱਚੋਂ ਪਹਿਲਾਂ ਹੀ ਅਸਤੀਫਾ ਦੇ ਗਏ ਬਲਾਕ ਫਰੀਦਕੋਟ ਦੇ ਸਹਾਇਕ ਪ੍ਰਾਜੈਕਟ ਅਫਸਰ ਯਾਦਵਿੰਦਰ ਸਿੰਘ ਵਿਰੁੱਧ ਪੁਲੀਸ ਕੇਸ ਦਰਜ ਕਰਾਉਣ ਅਤੇ ਬਾਕੀਆਂ ਨੂੰ ਬਰਖਾਸਤ ਕਰਨ ਦੇ ਹੁਕਮ ਕੀਤੇ ਗਏ ਹਨ।ਬਾਜਵਾ ਨੇ ਆਦੇਸ਼ ਦਿੱਤੇ ਕਿ ਪੰਜਾਬ ਦੇ ਹਰ ਬਲਾਕ ਵਿੱਚ ਇਸ ਸਕੀਮ ਲਾਗੂ ਕੀਤੇ ਜਾਣ ਦੀ ਤੁਰੰਤ ਪੜਤਾਲ ਕਰਵਾਈ ਜਾਵੇ।

-PTC News

Related Post