ਬਟਾਲਾ ਵਿਖੇ 4 ਕੋਰੋਨਾ ਪਾਜ਼ੀਟਿਵ ਆਈਆਂ ਗਰਭਵਤੀ ਔਰਤਾਂ 'ਚੋਂ 2 ਨੇ ਦਿੱਤਾ ਬੱਚਿਆਂ ਨੂੰ ਜਨਮ

By  Shanker Badra May 22nd 2020 01:22 PM

ਬਟਾਲਾ ਵਿਖੇ 4 ਕੋਰੋਨਾ ਪਾਜ਼ੀਟਿਵ ਆਈਆਂ ਗਰਭਵਤੀ ਔਰਤਾਂ 'ਚੋਂ 2 ਨੇ ਦਿੱਤਾ ਬੱਚਿਆਂ ਨੂੰ ਜਨਮ:ਬਟਾਲਾ : ਗੁਰਦਾਸਪੁਰ ਦੀ ਤਹਿਸੀਲ ਬਟਾਲਾ ਵਿੱਚ ਬੀਤੇ ਦਿਨ 4 ਗਰਭਵਤੀ ਔਰਤਾਂ ਦੇ ਇਕੋ ਦਿਨ ਕੋਰੋਨਾ ਪਾਜ਼ੀਟਿਵ ਹੋਣ ਨਾਲ ਲੋਕਾਂ ਵਿਚ ਦਹਿਸ਼ਤ ਪੈਦਾ ਹੋ ਗਈ ਸੀ। ਇਨ੍ਹਾਂ 4 ਪਾਜੀਟਿਵ ਕੇਸਾਂ ਤੋਂ ਇਲਾਵਾ 7 ਹੋਰ ਕੇਸ ਆਏ ਹਨ। ਇਹ ਚਾਰ ਗਰਭਵਤੀ ਔਰਤਾਂ ਬਟਾਲਾ ਦੇ ਆਸ-ਪਾਸ ਦੇ ਵੱਖ-ਵੱਖ ਪਿੰਡਾਂ ਦੀਆਂ ਦੱਸੀਆਂ ਜਾ ਰਹੀਆਂ ਹਨ। ਬਟਾਲਾ 'ਚ 4 ਗਰਭਵਤੀ ਔਰਤਾਂ ਦਾ ਕੋਰੋਨਾ ਪਾਜ਼ੀਟਿਵ ਆਇਆ ਸੀ, ਜਿਨ੍ਹਾਂ 'ਚੋਂ 2 ਔਰਤਾਂ ਨੇ ਬੱਚਿਆਂ ਨੂੰ ਜਨਮ ਦੇ ਦਿੱਤਾ ਹੈ। ਇਕ ਔਰਤ ਦਾ ਸਜੇਰੀਅਨ (ਮੇਜਰ) ਅਪ੍ਰੇਸ਼ਨ ਹੋਇਆ ਹੈ। ਡਾਕਟਰਾਂ ਮੁਤਾਬਿਕ ਇਹ ਬੱਚੇ ਬਿਲਕੁਲ ਸਿਹਤਮੰਦ ਹਨ ਪਰ ਉਨ੍ਹਾਂ ਦੇ ਵੀ ਕੋਰੋਨਾ ਟੈੱਸਟ ਕੀਤੇ ਜਾ ਰਹੇ ਹਨ ਅਤੇ ਇਸ ਤੋਂ ਇਲਾਵਾ ਇਨ੍ਹਾਂ ਔਰਤਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਸਪਤਾਲ ਲਿਆਂਦਾ ਜਾ ਚੁੱਕਾ ਹੈ ਅਤੇ ਟੈੱਸਟ ਹੋ ਰਹੇ ਹਨ। ਇਨ੍ਹਾਂ ਪੀੜਤ ਮਹਿਲਾਵਾਂ ਵਿਚ ਇਕ ਮਹਿਲਾ ਬਸੰਤ ਨਗਰ ਬਟਾਲਾ, ਦੂਸਰੀ ਕਾਦੀਆਂ ਦੇ ਪਿੰਡ ਡਾਲਾ, ਤੀਸਰੀ ਢਡਿਆਲਾ ਨਜ਼ਾਰਾ ਅਤੇ ਚੌਥੀ ਧੰਦੋਈ ਪਿੰਡ ਦੀ ਵਸਨੀਕ ਹੈ। ਇੰਨਾ ਨੂੰ ਕੋਰੋਨਾ ਵਾਇਰਸ ਦੇ ਕੋਈ ਲੱਛਣ ਨਹੀਂ ਹਨ।  ਇਨ੍ਹਾਂ ਚਾਰਾਂ ਦੇ ਸੰਪਰਕ ਲੱਭਣ ਦੀ ਮੁਹਿੰਮ ਜਾਰੀ ਹੈ ਅਤੇ ਇਸ ਗੱਲ ਦੀ ਵੀ ਭਾਲ ਕੀਤੀ ਜਾ ਰਹੀ ਚਾਰਾਂ ਨੇ ਕਿਸੇ ਇਕ ਹੀ ਡਾਕਟਰ, ਕਲੀਨਿਕ ਜਾਂ ਹਸਪਤਾਲ ਤੋਂ ਕੋਈ ਸਿਹਤ ਸੇਵਾਵਾਂ ਤਾਂ ਪ੍ਰਾਪਤ ਨਹੀਂ ਕੀਤੀਆਂ ਜਾਂ ਫਿਰ ਕਿਤੋਂ ਇਕੋ ਹੀ ਥਾਂ ਤੋਂ ਦਵਾਈ ਤਾਂ ਨਹੀਂ ਲਈ। ਐੱਸ.ਐੱਮ.ਓ. ਡਾ. ਸੰਜੀਵ ਭੱਲਾ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਇੰਨਾਂ ਮਹਿਲਾਵਾਂ ਦੇ 19 ਮਈ ਨੂੰ ਪੂਲ ਟੈਸਟ ਕੀਤੇ ਗਏ ਸਨ,ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇੰਨ੍ਹਾਂ ਵਿਚੋਂ 2 ਮਹਿਲਾਵਾਂ ਦੀ ਡਲਿਵਰੀ ਹੋ ਚੁਕੀ ਹੈ ਅਤੇ ਬੱਚਿਆਂ ਨੂੰ ਵੀ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ। ਇਨ੍ਹਾਂ 2 ਔਰਤਾਂ ਦੀ ਡਲਿਵਰੀ ਕਰਨ ਵਾਲੇ ਲੇਬਰ ਸਟਾਫ ਤੇ ਡਾਕਟਰੀ ਸਟਾਫ ਦੇ ਸੈਂਪਲ ਲੈਣ ਤੋਂ ਬਾਅਦ ਉਨ੍ਹਾਂ ਨੂੰ ਕੁਆਰੰਟਾਈਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 2 ਨਵਜੰਮੇ ਬੱਚਿਆਂ ਵਿਚ ਕੋਰੋਨਾ ਦੇ ਲੱਛਣ ਨਹੀਂ ਪਾਏ ਗਏ ਹਨ ਪਰ ਫਿਰ ਵੀ ਉਨ੍ਹਾਂ ਦੇ ਸੈਂਪਲ ਲੈ ਕੇ ਟੈਸਟ ਲਈ ਭੇਜੇ ਗਏ ਹਨ। ਐੱਸ.ਐੱਮ.ਓ ਨੇ ਦੱਸਿਆ ਕਿ ਬਟਾਲਾ ਦੇ ਕਾਦੀਆਂ ਨੇੜੇ ਪੀ.ਜੀ.ਆਈ. ਜਿਥੇ ਇਨ੍ਹਾਂ ਗਰਭਵਤੀ ਔਰਤਾਂ ਨੇ ਅਲਟਰਾ ਸਾਊਂਡ ਕਰਵਾਇਆ ਸੀ, ਨੂੰ ਬੰਦ ਕਰਵਾ ਦਿੱਤਾ ਗਿਆ ਹੈ ਤੇ ਸਿਵਲ ਹਸਪਤਾਲ ਦਾ ਆਪ੍ਰੇਸ਼ਨ ਥੀਏਟਰ ਵੀ ਹਾਲ ਦੀ ਘੜੀ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ ਕੋਰੋਨਾ ਪੀੜਤਾਂ ਦੇ ਸੰਪਰਕ ਵਿਚ ਆਉਣ ਵਾਲੇ ਸਾਰਿਆਂ ਦੇ ਸੈਂਪਲ ਲੈ ਕੇ ਟੈਸਟ ਲਈ ਭੇਜੇ ਜਾਣਗੇ। -PTCNews

Related Post