36ਵਾਂ ਸੁਰਜੀਤ ਹਾਕੀ ਟੂਰਨਾਮੈਂਟ, ਪੰਜਾਬ ਐਂਡ ਸਿੰਧ ਬੈਂਕ ਨੇ ਖਿਤਾਬ 'ਤੇ ਕੀਤਾ ਕਬਜ਼ਾ

By  Jashan A October 20th 2019 09:56 AM -- Updated: October 20th 2019 09:59 AM

36ਵਾਂ ਸੁਰਜੀਤ ਹਾਕੀ ਟੂਰਨਾਮੈਂਟ, ਪੰਜਾਬ ਐਂਡ ਸਿੰਧ ਬੈਂਕ ਨੇ ਖਿਤਾਬ 'ਤੇ ਕੀਤਾ ਕਬਜ਼ਾ,ਜਲੰਧਰ: ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੇ ਇੰਡੀਅਨ ਆਇਲ ਮੁੰਬਈ ਨੂੰ ਪੈਨਲਟੀ ਸ਼ੂਟ ਆਊਟ ਰਾਹੀਂ 6-3 ਦੇ ਫਰਕ ਨਾਲ ਹਰਾ ਕੇ ਭਾਰਤ ਦੇ ਸਭ ਤੋਂ ਵੱਧ ਇਨਾਮੀ ਰਾਸ਼ੀ 36ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦਾ ਖਿਤਾਬ 11ਵੀਂ ਵਾਰ ਆਪਣੇ ਨਾਂਅ ਕਰਦੇ ਹੋਏ 5.50 ਲੱਖ ਰੁਪਏ ਦਾ ਨਕਦ ਇਨਾਮ ਹਾਸਲ ਕੀਤਾ।

ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਸਪੰਨ ਹੋਏ ਉਕਤ ਟੂਰਨਾਮੈਂਟ ਦੀ ਉਪ ਜੇਤੂ ਟੀਮ ਨੂੰ 2.50 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਫਾਇਨਲ ਮੈਚ ਖੇਡਣ ਵਾਲੀਆਂ ਦੋਵਾਂ ਟੀਮਾਂ ਦੇ ਖਿਡਾਰੀਆਂ ਨਾਲ ਮੁੱਖ ਮਹਿਮਾਨ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਜਾਣ ਪਛਾਣ ਕੀਤੀ।

ਪੰਜਾਬ ਐਂਡ ਸਿੰਧ ਬੈਂਕ ਦਿੱਲੀ ਦੇ ਗਗਨਪ੍ਰੀਤ ਸਿੰਘ ਨੂੰ ਸਰਵੋਤਮ ਖਿਡਾਰੀ ਦਾ ਖਿਤਾਬ ਦਿੱਤਾ ਗਿਆ। ਉਸ ਨੂੰ ਰਣਬੀਰ ਸਿੰਘ ਰਾਣਾ ਟੁੱਟ ਵਲੋਂ 51000 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ। ਪੰਜਾਬ ਐਂਡ ਸਿੰਧ ਬੈਂਕ ਦੀ ਟੀਮ ਨੇ ਇਹ ਖਿਤਾਬ 6 ਸਾਲਾਂ ਬਾਅਦ ਸਾਲ ਬਾਅਦ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਬੈਂਕ ਨੇ ਖਿਤਾਬ 2013 ਵਿੱਚ ਜਿੱਤਿਆ ਸੀ।

ਫਾਇਨਲ ਮੁਕਾਬਲੇ ਤੋਂ ਪਹਿਲਾਂ ਸੁਰਜੀਤ ਹਾਕੀ ਸੋਸਾਇਟੀ ਵਲੋਂ ਪੰਜਾਬ ਦੇ ਵੱਖ ਵੱਖ ਖੇਤਰਾਂ ਤੋਂ ਆਏ 550 ਉਭਰਦੇ ਹਾਕੀ ਖਿਡਾਰੀਆਂ ਨੂੰ ਹਾਕੀਆਂ ਅਤੇ ਖੇਡ ਕਿੱਟਾਂ ਦੀ ਵੰਡ ਕੀਤੀ ਗਈ। ਇਸ ਸਮਾਨ ਦੀ ਵੰਡ ਮੁੱਖ ਮਹਿਮਾਨ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕੀਤੀ।

ਫਾਇਨਲ ਮੈਚ ਬਹੁਤ ਤੇਜ਼ ਰਫਤਾਰ ਨਾਲ ਖੇਡਿਆ ਗਿਆ। ਖੇਡ ਦੇ ਚੋਥੇ ਮਿੰਟ ਵਿੱਚ ਇੰਡੀਅਨ ਆਇਲ ਦੇ ਰੋਸ਼ਨ ਮਿੰਜ ਨੇ ਮੈਦਾਨੀ ਗੋਲ ਕਰਕੇ ਖਾਤਾ ਖੋਲ੍ਹਿਆ। 9ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਅਫਾਨ ਯੂਸਫ ਨੇ ਮੈਦਾਨੀ ਗੋਲ ਕਰਕੇ ਸਕੋਰ 2-0 ਕੀਤਾ।

ਖੇਡ ਦੇ ਦੂਜੇ ਕਵਾਰਟਰ ਦੇ 22ਵੇਂ ਮਿੰਟ ਵਿੱਚ ਬੈਂਕ ਦੇ ਗਗਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਅਤੇ 27ਵੇਂ ਮਿੰਟ ਵਿੱਚ ਅਸ਼ੀਸ਼ ਪਾਲ ਸ਼ਰਮਾ ਨੇ ਗੋਲ ਕਰਕੇ ਬਰਾਬਰੀ ਕੀਤੀ। ਅੱਧੇ ਸਮੇਂ ਤੱਕ ਦੋਵੇਂ ਟੀਮਾਂ 2-2 ਦੀ ਬਰਾਬਰੀ ਤੇ ਸਨ।

ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਦੋਵੇਂ ਟੀਮਾਂ 2-2 ਦੀ ਬਰਾਬਰੀ ਤੇ ਰਹਿਣ ਕਰਕੇ ਫੈਸਲਾ ਪੈਨਲਟੀ ਸ਼ੂਟ ਆਊਟ ਰਾਹੀਂ ਕੀਤਾ ਗਿਆ ਜੋ ਕਿ 6-3 ਦੇ ਫਰਕ ਨਾਲ ਪੰਜਾਬ ਐਂਡ ਸਿੰਧ ਬੈਂਕ ਦੇ ਹੱਕ ਵਿੱਚ ਰਿਹਾ। ਬੈਂਕ ਵਲੋਂ ਮਨਿੰਦਰਜੀਤ ਸਿੰਘ, ਸੰਤਾ ਸਿੰਘ, ਗਗਨਪ੍ਰੀਤ ਸਿੰਘ ਅਤੇ ਹਰਮਨਜੀਤ ਸਿੰਘ ਨੇ ਗੋਲ ਕੀਤੇ ਜਦਕਿ ਇੰਡੀਅਨ ਆਇਲ ਵਲੋਂ ਸਿਰਫ ਗੁਰਜਿੰਦਰ ਸਿੰਘ ਹੀ ਗੋਲ ਕਰ ਸਕਿਆ।

-PTC News

Related Post