ਮੋਹਾਲੀ ਦੇ 5 ਮਰੀਜਾਂ ਨੇ ਦਿੱਤੀ ਕੋਰੋਨਾ ਨੂੰ ਮਾਤ, ਸਿਹਤ ਮੰਤਰੀ ਨੇ ਕੀਤੀ ਸਟਾਫ਼ ਦੀ ਹੌਸਲਾ-ਅਫ਼ਜ਼ਾਈ

By  Shanker Badra April 9th 2020 02:34 PM

ਮੋਹਾਲੀ ਦੇ 5 ਮਰੀਜਾਂ ਨੇ ਦਿੱਤੀ ਕੋਰੋਨਾ ਨੂੰ ਮਾਤ, ਸਿਹਤ ਮੰਤਰੀ ਨੇ ਕੀਤੀ ਸਟਾਫ਼ ਦੀ ਹੌਸਲਾ-ਅਫ਼ਜ਼ਾਈ:ਮੋਹਾਲੀ : ਪੰਜਾਬ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਮੋਹਾਲੀ ਜ਼ਿਲ੍ਹਾ ਪੰਜਾਬ 'ਚ ਸਭ ਤੋਂ ਵੱਧ ਮਰੀਜ਼ਾਂ ਵਾਲਾ ਜ਼ਿਲ੍ਹਾ ਬਣ ਗਿਆ ਹੈ। ਜਿੱਥੇ ਜ਼ਿਲ੍ਹੇ 'ਚ ਕੋਰੋਨਾ ਦੇ ਹੁਣ ਤੱਕ 37 ਕੇਸ ਸਾਹਮਣੇ ਆਏ ਹਨ,ਓਥੇ ਹੀ ਹੁਣ ਇੱਕ ਰਾਹਤ ਦੀ ਖ਼ਬਰ ਵੀ ਮਿਲੀ ਹੈ। ਮੋਹਾਲੀ ਦੇ 5 ਮਰੀਜਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਮੋਹਾਲੀ ਦੇ ਹਸਪਤਾਲ ਵਿਚ ਦਾਖ਼ਲ 24 ਸਾਲਾ ਮੁਟਿਆਰ ਨੇ 'ਕੋਰੋਨਾ ਵਾਇਰਸ' ਨੂੰ ਮਾਤ ਦਿਤੀ ਹੈ। ਜਾਣਕਾਰੀ ਅਨੁਸਾਰ ਲਗਭਗ 20 ਦਿਨਾਂ ਦੇ ਸਫ਼ਲ ਇਲਾਜ ਮਗਰੋਂ ਉਹ ਪੂਰੀ ਤਰ੍ਹਾਂ ਠੀਕ ਗਈ ਹੈ ਅਤੇ ਬੁੱਧਵਾਰ ਨੂੰ ਉਸ ਨੂੰ ਹਸਪਤਾਲ 'ਚੋਂ ਛੁੱਟੀ ਦੇ ਦਿਤੀ ਗਈ ਹੈ। ਪੀੜਤਾ ਦਾ ਇਲਾਜ ਕਰਨ ਵਾਲੇ ਡਾ. ਰਾਜਿੰਦਰਾ ਭੂਸ਼ਣ ਨੇ ਦਸਿਆ ਕਿ ਪੀੜਤ ਕੁੜੀ ਚੰਡੀਗੜ ਦੇ ਪਹਿਲੇ ਮਰੀਜ਼ ਦੇ ਸੰਪਰਕ ਵਿਚ ਆਈ ਸੀ। ਉਨ੍ਹਾਂ ਦਸਿਆ ਕਿ 18 ਮਾਰਚ ਨੂੰ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕੀਤੀ ਗਈ ਅਤੇ ਪੀੜਤਾ ਦੇ ਆਖ਼ਰੀ 2 ਸੈਂਪਲਾਂ ਦੀਆਂ ਰਿਪੋਰਟਾਂ ਨੈਗਟਿਵ ਆਈਆਂ ਹਨ, ਜਿਸ ਮਗਰੋਂ ਉਸ ਨੂੰ ਘਰ ਭੇਜ ਦਿਤਾ ਗਿਆ ਹੈ। ਡਾ. ਭੂਸ਼ਣ ਮੁਤਾਬਕ ਫ਼ਿਲਹਾਲ ਸਾਵਧਾਨੀਆਂ ਵਰਤਣ ਦੀ ਲੋੜ ਹੈ ਅਤੇ ਉਸ ਨੂੰ 14 ਦਿਨਾਂ ਤੱਕ ਘਰ ਅੰਦਰ ਹੀ ਰਹਿਣ ਦੀ ਸਲਾਹ ਦਿਤੀ ਗਈ ਹੈ। ਇਸ ਦੌਰਾਨ ਠੀਕ ਹੋ ਚੁੱਕੀ ਕੁੜੀ ਨੇ ਡਾਕਟਰਾਂ, ਨਰਸਾਂ ਅਤੇ ਹੋਰ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਉਸ ਦਾ ਪੂਰਾ ਖ਼ਿਆਲ ਰਖਿਆ ਅਤੇ ਬਿਹਤਰ ਇਲਾਜ ਕੀਤਾ ਹੈ। ਉਸ ਨੇ ਕਿਹਾ ਕਿ ਸਮੁੱਚਾ ਸਟਾਫ਼ ਉਸ ਦਾ ਇਲਾਜ ਕਰਨ ਦੇ ਨਾਲ-ਨਾਲ ਉਸ ਨੂੰ ਹਮੇਸ਼ਾ ਹੌਸਲਾ ਦਿੰਦਾ ਰਿਹਾ ,ਜਿਸ ਦੀ ਬਦੌਲਤ ਉਹ ਬਿਲਕੁਲ ਤੰਦਰੁਸਤ ਹੋ ਗਈ ਹੈ। ਇਸ ਦੌਰਾਨ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਹਸਪਤਾਲ ਵਿਚ ਪਹੁੰਚ ਕੇ ਮਰੀਜ਼ ਦਾ ਇਲਾਜ ਕਰਨ ਵਾਲੇ ਡਾਕਟਰਾਂ, ਨਰਸਾਂ ਅਤੇ ਪੈਰਾਮੈਡੀਕਲ ਸਟਾਫ਼ ਦੀ ਹੌਸਲਾ-ਅਫ਼ਜ਼ਾਈ ਕੀਤੀ। ਸਿੱਧੂ ਨੇ ਦਿਨ-ਰਾਤ ਕੰਮ ਕਰਨ ਵਾਲੇ ਸਮੁੱਚੇ ਸਿਹਤ ਸਟਾਫ਼ ਨੂੰ ਸ਼ਾਬਾਸ਼ੀ ਦਿੰਦਿਆਂ ਕਿਹਾ ਕਿ ਇਹ ਸਾਰੇ ਸ਼ਲਾਘਾ ਦੇ ਪਾਤਰ ਹਨ, ਜਿਹੜੇ ਅਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਪੂਰੀ ਨਿਡਰਤਾ, ਮਿਹਨਤ ਅਤੇ ਲਗਨ ਨਾਲ ਲੋਕਾਂ ਦੀ ਸੇਵਾ ਕਰ ਰਹੇ ਹਨ। ਦੱਸ ਦੇਈਏ ਕਿ ਪੂਰੇ ਜ਼ਿਲ੍ਹੇ ਚੋਂ ਹੁਣ ਤੱਕ ਪੰਜ ਮਰੀਜ਼ ਬਿਲਕੁਲ ਠੀਕ ਹੋ ਗਏ ਹਨ, ਜਿਨ੍ਹਾਂ ਨੂੰ ਵੱਖ ਵੱਖ ਹਸਪਤਾਲਾਂ ਵਿਚੋਂ ਛੁੱਟੀ ਮਿਲ ਚੁੱਕੀ ਹੈ। ਇਨ੍ਹਾਂ ਵਿਚ ਫ਼ੇਜ਼ -3 ਏ ਦੀਆਂ ਦੋ ਸਕੀਆਂ ਬਜ਼ੁਰਗ ਭੈਣਾਂ, ਸੈਕਟਰ 68 ਨਿਵਾਸੀ ਬਜ਼ੁਰਗ ਔਰਤ, 42 ਸਾਲਾ ਸ਼ਖ਼ਸ ਅਤੇ 24 ਸਾਲਾ ਉਕਤ ਮੁਟਿਆਰ ਸ਼ਾਮਲ ਹਨ। -PTCNews

Related Post