ਹੁਸ਼ਿਆਰਪੁਰ ਦੇ 65 ਸਾਲਾ ਹਰਜਿੰਦਰ ਸਿੰਘ ਨੇ ਜਿੱਤੀ ਕੋਰੋਨਾ ਵਿਰੁੱਧ ਜੰਗ,ਸਿਹਤਯਾਬ ਹੋ ਕੇ ਪਰਤੇ ਘਰ

By  Shanker Badra April 19th 2020 12:09 PM

ਹੁਸ਼ਿਆਰਪੁਰ ਦੇ 65 ਸਾਲਾ ਹਰਜਿੰਦਰ ਸਿੰਘ ਨੇ ਜਿੱਤੀ ਕੋਰੋਨਾ ਵਿਰੁੱਧ ਜੰਗ,ਸਿਹਤਯਾਬ ਹੋ ਕੇ ਪਰਤੇ ਘਰ:ਅੰਮ੍ਰਤਸਰ : ਹੁਸ਼ਿਆਰਪੁਰ ਦੇ ਪਿੰਡ ਪੈਂਥਰਾ ਦੇ ਵਾਸੀ ਹਰਜਿੰਦਰ ਸਿੰਘ (65 ਸਾਲ) ਨੇ ਕੋਰੋਨਾ ਵਿਰੁੱਧ ਜੰਗ ਜਿੱਤ ਲਈ ਹੈ। ਉਹਲਗਭਗ 16 ਦਿਨਾਂ ਬਾਅਦ ਤੰਦਰੁਸਤ ਹੋ ਕੇ ਅੱਜ ਗੁਰੂ ਨਾਨਕ ਦੇਵ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਆਪਣੇ ਪਿੰਡ ਨੂੰ ਗਏ ਹਨ। ਇਸ ਮੌਕੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੈਂ ਮੋਰਾਂਵਾਲੀ ਪਿੰਡ ਦੇ ਕੋਰੋਨਾ ਪ੍ਰਭਵਿਤ ਮਰੀਜ਼ ਦੇ ਸੰਪਰਕ ਵਿਚ ਸੀ ਅਤੇ ਕੁੱਝ ਦਿਨਾਂ ਬਾਅਦ ਮੈਨੂੰ ਵੀ ਕੋਰੋਨਾ ਦੇ  ਲੱਛਣ ਮਹਿਸੂਸ ਹੋਏ ਸਨ। ਜਿਸ ਉਪਰੰਤ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਕੋਰੋਨਾ ਟੈਸਟ ਪਾਜ਼ੀਟਿਵ ਪਾਇਆ ਗਿਆ ਅਤੇ 2 ਅਪ੍ਰੈਲ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਭੇਜ ਦਿੱਤਾ ਸੀ।

ਉਨਾਂ ਕਿਹਾ ਕਿ ਇੱਥੇ ਡਾਕਟਰਾਂ ਨੇ ਮੇਰਾ ਇਲਾਜ ਕੀਤਾ ਅਤੇ ਖਾਣ ਲਈ ਚੰਗੀ ਖੁਰਾਕ ਵੀ ਦਿੱਤੀ। ਹਰਜਿੰਦਰ ਸਿੰਘ ਨੇ ਕਿਹਾ ਕਿ ਮੈਂ ਡਾਕਟਰਾਂ ਉਤੇ ਭਰੋਸਾ ਰੱਖਿਆ ਅਤੇ ਜਿੰਦਗੀ ਪ੍ਰਤੀ ਹੌਸਲਾ ਨਹੀਂ ਛੱਡਿਆ। ਉਨਾਂ ਕਿਹਾ ਕਿ ਇੱਥੇ ਪਹਿਲੇ 2 ਕੁ ਦਿਨ ਮੈਨੂੰ ਸਾਹ ਦੀ ਤਕਲੀਫ ਮਹਿਸੂਸ ਹੋਈ ਸੀ ਪਰ ਡਾਕਟਰਾਂ ਵੱਲੋਂ ਕੀਤੇ ਇਲਾਜ ਸਦਕਾ ਮੈਂ ਸਿਹਤਯਾਬ ਹੋਇਆ ਹਾਂ। ਉਨਾਂ ਹਸਪਤਾਲ ਵਿਚ ਹੋਏ ਇਲਾਜ ਤੇ ਮਿਲੀ ਖੁਰਾਕ ਦਾ ਵੀ ਵਿਸ਼ੇਸ਼ ਤੌਰ ਉਤੇ ਜ਼ਿਕਰ ਕਰਦੇ ਕਿਹਾ ਕਿ ਇਨ੍ਹਾਂ ਸਾਰਿਆਂ ਦੀ ਬਦੌਲਤ ਹੀ ਮੈਂ ਮੁੜ ਘਰ ਨੂੰ ਚੱਲਿਆ ਹਾਂ। ਇਸੇ ਦੌਰਾਨ ਪ੍ਰਿੰਸੀਪਲ ਸ੍ਰੀਮਤੀ ਸੁਜਾਤਾ ਸ਼ਰਮਾ ਨੇ ਦੱਸਿਆ ਕਿ ਇਲਾਜ ਤੋਂ 15 ਦਿਨ ਬਾਅਦ 17 ਅਪ੍ਰੈਲ ਅਤੇ ਫਿਰ 18 ਅਪ੍ਰੈਲ ਨੂੰ ਇੰਨਾਂ ਦਾ ਮੈਡੀਕਲ ਟੈਸਟ ਕੀਤਾ ਗਿਆ, ਜੋ ਕਿ ਨੈਗੇਟਿਵ ਆਉਣ ਮਗਰੋਂ ਇੰਨਾਂ ਨੂੰ ਅੱਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਇਸ ਮੌਕੇ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓਪੀ ਸੋਨੀ ਨੇ ਵੀ ਉਨਾਂ ਨੂੰ ਫੋਨ ਉਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਭਕਾਮਨਾਵਾਂ ਦਿੱਤੀਆਂ ਤੇ ਹਸਪਤਾਲ ਪ੍ਰਬੰਧਾਂ ਬਾਰੇ ਫੀਡ ਬੈਕ ਲਈ, ਜਿਸ ਦੇ ਉਤਰ ਵਿਚ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੈਨੂੰ ਇੱਥੇ ਕੋਈ ਸਮੱਸਿਆ ਨਹੀਂ ਆਈ ਅਤੇ ਘਰ ਨਾਲੋਂ ਵੀ ਵਧੀਆ ਖੁਰਾਕ ਮਿਲੀ ਹੈ। ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਸੁਜਾਤਾ ਸ਼ਰਮਾ, ਮੈਡੀਕਲ ਸੁਪਰਡੈਂਟ ਡਾ. ਰਮਨ ਸ਼ਰਮਾ, ਡਾਕਟਰ ਸ੍ਰੀਮਤੀ ਵੀਨਾ ਚਤਰਥ ਅਤੇ ਹੋਰ ਹਾਜ਼ਰ ਸਨ।  ਡਾਕਟਰਾਂ ਨੇ ਫੁੱਲਾਂ ਦਾ ਗੁਲਦਸਤਾ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ ਸੈਨੇਟਾਇਜ਼ਰ ਦਾ ਵੱਡਾ ਪੈਕ ਦੇ ਕੇ ਹਰਜਿੰਦਰ ਸਿੰਘ ਨੂੰ ਰਵਾਨਾ ਕੀਤਾ ਗਿਆ ਤਾਂ ਜੋ ਉਹ ਆਪਣੇ ਇਲਾਕੇ ਵਿਚ ਜਾ ਕੇ ਹੱਥ ਸਾਫ ਰੱਖਣ ਦਾ ਸੰਦੇਸ਼ ਅੱਗੇ ਵੀ ਦੇ ਸਕਣ।

-PTCNews

Related Post