250 ਤੋਂ 300 ਦੇ ਕਰੀਬ ਟੈਂਪੂ ਚਾਲਕ ਮੋਗਾ ਦੀ ਦਾਣਾ ਮੰਡੀ 'ਚ ਅਗਨ ਭੇਂਟ ਕਰਨਗੇ ਆਪਣੇ-ਆਪਣੇ ਟੈਂਪੂ

By  Jasmeet Singh July 4th 2022 06:37 PM -- Updated: July 4th 2022 06:43 PM

ਸਰਬਜੀਤ ਰੌਲੀ, (ਮੋਗਾ, 4 ਜੁਲਾਈ): ਪਿਛਲੇ 65 ਸਾਲਾਂ ਤੋਂ ਮੋਗਾ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਨੂੰ ਸਵਾਰੀਆਂ ਢੋਣ ਲਈ ਚੱਲ ਰਹੇ ਟੈਂਪੂਆ ਨੂੰ ਮੋਗਾ ਵਿੱਚ ਮਿੰਨੀ ਬੱਸ ਅਪਰੇਟਰਾਂ ਦੇ ਦਬਾਅ ਹੇਠ ਬਿਨਾਂ ਪਰਮਿਟ ਦਾ ਕਹਿ ਕੇ ਪੂਰਨ ਰੂਪ ਵਿੱਚ ਬੰਦ ਕਰ ਦਿੱਤੇ ਜਾਣ ਤੋਂ ਬਾਅਦ ਜਿੱਥੇ ਟੈਂਪੂ ਅਪਰੇਟਰਾਂ ਵੱਲੋਂ ਡਿਪਟੀ ਕਮਿਸ਼ਨਰ ਮੋਗਾ ਅਤੇ ਹਲਕਾ ਮੋਗਾ ਦੇ ਵਿਧਾਇਕ ਨੂੰ ਮਿਲ ਕੇ ਮੰਗ ਪੱਤਰ ਦੇ ਕੇ ਟੈਂਪੂਆਂ ਨੂੰ ਜਲਦ ਚਲਾਉਣ ਦੀ ਮੰਗ ਰੱਖੀ ਗਈ ਸੀ। ਪਰ ਕਿਸੇ ਵੱਲੋਂ ਕੋਈ ਸੁਣਵਾਈ ਨਹੀ ਕੀਤੀ ਗਈ ਜਿਸ ਦੇ ਰੋਸ ਵਜੋਂ ਅੱਜ ਮੋਗਾ ਦੀ ਦਾਣਾ ਮੰਡੀ 'ਚ ਜ਼ਿਲ੍ਹੇ ਦੇ ਸਾਰੇ ਟੈਂਪੂ ਮਾਲਕਾਂ ਨੇ ਆਪਣੇ ਟੈਂਪੂ ਇਕੱਠੇ ਕਰ ਪਰਿਵਾਰਾਂ ਸਮੇਤ ਰੋਸ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ: ਡੇਰਾ ਬਾਬਾ ਨਾਨਕ ਦੇ ਬੱਸ ਅੱਡੇ ਤੇ ਐਸਡੀਐਮ ਦਫ਼ਤਰ 'ਤੇ ਖਾਲਿਸਤਾਨ ਨਾਅਰਿਆਂ ਦੇ ਨਾਲ ਦੇਸ਼ ਵਿਰੋਧੀ ਨਾਅਰੇ ਵੀ ਲਿਖੇ

ਇਸ ਮੌਕੇ 'ਤੇ ਟੈਂਪੂ ਚਾਲਕ ਕੁਲਦੀਪ ਸਿੰਘ, ਪ੍ਰਿਤਪਾਲ ਸਿੰਘ ਦਾਤਾ, ਲਖਵੀਰ ਸਿੰਘ ਲੱਖਾ ਨੇ ਦੱਸਿਆ ਕਿ ਜਦੋਂ ਸਾਡੀ ਕਿਸੇ ਪਾਸੇ ਸੁਣਵਾਈ ਨਹੀਂ ਹੋਈ ਤਾਂ ਆਖਰ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਟੈਂਪੂ ਚਾਲਕਾਂ ਦੀਆਂ ਮੰਗਾਂ ਨੂੰ ਪ੍ਰਵਾਨ ਨਾ ਕੀਤਾ ਅਤੇ ਮੁੜ ਤੋਂ ਟੈਂਪੂ ਨਾ ਚਲਾਈ ਤਾਂ ਆਉਣ ਵਾਲੇ ਦਿਨਾਂ ਵਿਚ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।

ਇਸ ਰੋਸ ਪ੍ਰਦਰਸ਼ਨ ਵਿੱਚ ਪੁੱਜੀਆਂ ਟੈਂਪੂ ਚਾਲਕਾਂ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਾਡੇ ਟੈਂਪੂ ਨਾ ਚਲਾਏ ਤਾਂ ਆਉਣ ਵਾਲੇ ਦਿਨਾਂ ਵਿੱਚ ਚੌਂਕਾਂ ਵਿੱਚ ਟੈਂਪੂ ਖੜ੍ਹਾ ਕੇ ਪਰਿਵਾਰਾਂ ਸਮੇਤ ਅੱਗ ਲਗਾਵਾਂਗੇ। ਇਸ ਮੌਕੇ 'ਤੇ ਉਨ੍ਹਾਂ ਮੀਡੀਆ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਸਵਾਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸਾਹਿਬ ਸਾਡੇ ਨਾਲ ਰੋਡ ਤੇ ਆ ਕੇ ਖੜ੍ਹ ਕੇ ਪੰਜਾਬ ਵਿੱਚ ਚਲਦੀਆਂ ਮਿੰਨੀ ਬੱਸਾਂ, ਟਰੱਕਾਂ, ਕੈਂਟਰਾਂ ਦੀ ਚੈਕਿੰਗ ਕਰਨ ਫਿਰ ਪਤਾ ਚੱਲੇਗਾ ਕਿੰਨੀਆਂ ਬੱਸਾਂ ਕੈਂਟਰਾਂ ਦੇ ਕਾਗਜ਼ ਹਨ ਅਤੇ ਕਿੰਨੇ ਬਿਨਾਂ ਕਾਗਜ਼ਾਤ ਚੱਲਦੇ ਹਨ, ਜੇਕਰ ਅਜਿਹੇ ਧਨਾਢ ਬੰਦਿਆਂ ਦੇ ਵਾਹਨ ਬਿਨਾਂ ਕਾਗਜ਼ਾਂ ਤੋਂ ਚੱਲ ਸਕਦੇ ਹਨ ਤਾਂ ਸਾਡੇ ਟੈਂਪੂ ਕਿਉਂ ਨਹੀਂ ਚੱਲ ਸਕਦੇ।

ਇਸ ਧਰਨੇ ਵਿੱਚ ਪੁੱਜੀਆਂ ਮਹਿਲਾਵਾਂ ਨੇ ਕਿਹਾ ਕਿ ਸਾਡੇ ਪਰਿਵਾਰਾਂ ਦੀ ਕਮਾਈ ਦਾ ਇੱਕੋ ਇੱਕ ਸਾਧਨ ਟੈਂਪੂ ਹੀ ਸੀ ਜੋ ਸਰਕਾਰ ਨੇ ਬੰਦ ਕਰ ਕੇ ਸਾਡੇ ਹੱਥਾਂ ਤੋਂ ਰੋਟੀ ਖੋਹੀ ਹੈ। ਉਨ੍ਹਾਂ ਕਿਹਾ ਕਿ ਰੁਜ਼ਗਾਰ ਦੇਣ ਦੀਆਂ ਗੱਲਾਂ ਕਰਨ ਵਾਲੀ ਭਗਵੰਤ ਮਾਨ ਦੀ ਸਰਕਾਰ ਹੁਣ ਰੁਜ਼ਗਾਰ ਖੋਹਣ ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਵੀ ਰਾਜ ਕਰਕੇ ਗਈਆਂ ਹਨ ਪਰ ਕਿਸੇ ਨੇ ਵੀ ਟੈਂਪੋ ਨੂੰ ਬੰਦ ਨਹੀਂ ਕੀਤਾ। ਇਹ ਪਹਿਲੀ ਸਰਕਾਰ ਹੈ ਜਿਸ ਨੇ ਟੈਂਪੂ ਚਾਲਕਾਂ ਨਾਲ ਧੋਖਾ ਕੀਤਾ ਹੈ।

ਇਹ ਵੀ ਪੜ੍ਹੋ: ਦਿੱਲੀ ਵਿਧਾਨ ਸਭਾ 'ਚ ਵਿਧਾਇਕਾਂ, ਮੰਤਰੀਆਂ ਦੀਆਂ ਤਨਖ਼ਾਹਾਂ ਵਧਾਉਣ ਦਾ ਬਿੱਲ ਪਾਸ

ਉਧਰ ਦੂਸਰੇ ਪਾਸੇ ਸਵਾਰੀਆਂ ਦਾ ਕਹਿਣਾ ਹੈ ਕਿ ਪਿੰਡਾਂ ਵਿਚ ਟੈਂਪੂ ਬੰਦ ਹੋਣ ਨਾਲ ਉਨ੍ਹਾਂ ਨੂੰ ਸ਼ਹਿਰ ਆਉਣ ਜਾਣ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਕਿਹਾ ਕਿ ਕਈ ਪਿੰਡ ਤਾਂ ਅਜਿਹੇ ਵੀ ਹਨ ਜਿੱਥੇ ਕੋਈ ਮਿੰਨੀ ਬੱਸ ਤਕ ਨਹੀਂ ਜਾਂਦੀ ਪਰ ਸਵਾਰੀਆਂ ਨੂੰ ਹੁਣ ਸ਼ਹਿਰ ਜਾਣ ਲਈ ਖੱਜਲ ਖੁਆਰ ਹੋਣਾ ਪੈ ਰਿਹਾ ਹੈ।

-PTC News

Related Post