ਐਡਵੋਕੇਟ ਧਾਮੀ ਨੇ ਗਿਆਨੀ ਕੇਵਲ ਸਿੰਘ ਨੂੰ ਕਿਰਪਾਨ ਸਮੇਤ ਮੈਟਰੋ ’ਚ ਸਫਰ ਤੋਂ ਰੋਕਣ ਦੀ ਕੀਤੀ ਨਿੰਦਾ

By  Jasmeet Singh September 9th 2022 05:24 PM

ਅੰਮ੍ਰਿਤਸਰ, 9 ਸਤੰਬਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੂੰ ਦਿੱਲੀ ਵਿਖੇ ਕਿਰਪਾਨ ਸਮੇਤ ਮੈਟਰੋ ਵਿਚ ਸਫਰ ਕਰਨ ਤੋਂ ਰੋਕਣ ਦੀ ਕਰੜੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਸਿੱਖ ਕੌਮ ਦੀ ਸਤਕਾਰਤ ਸ਼ਖ਼ਸੀਅਤ ਹਨ ਅਤੇ ਉਨ੍ਹਾਂ ਨੂੰ ਮੈਟਰੋ ਸਟੇਸ਼ਨ ’ਤੇ ਇਸ ਤਰ੍ਹਾਂ ਰੋਕਣਾ ਬੇਹੱਦ ਮੰਦਭਾਗਾ ਹੈ। ਆਪਣੇ ਹੀ ਦੇਸ਼ ਅੰਦਰ ਧਾਰਮਿਕ ਚਿੰਨ੍ਹ ਪਹਿਨਣ ਤੋਂ ਵਰਜਣਾ ਕਿਸੇ ਤਰ੍ਹਾਂ ਜਾਇਜ ਨਹੀਂ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਅੰਦਰ ਹਰ ਇਕ ਨੂੰ ਧਾਰਮਿਕ ਅਜ਼ਾਦੀ ਦੇ ਅਧਿਕਾਰ ਪ੍ਰਾਪਤ ਹਨ ਜਿਸ ਤਹਿਤ ਅੰਮ੍ਰਿਤਧਾਰੀ ਸਿੱਖ ਗਾਤਰੇ ਵਾਲੀ ਛੋਟੀ ਕਿਰਪਾਨ ਤੋਂ ਇਲਾਵਾ ਆਪਣੇ ਨਾਲ ਵੱਡੀ ਕਿਰਪਾਨ ਵੀ ਰੱਖ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਆਪਣੇ ਰੁਤਬੇ ਅਨੁਸਾਰ ਗੁਰੂ ਬਖਸ਼ਿਸ਼ ਸ਼ਸਤਰ ਕਿਰਪਾਨ ਨੂੰ ਆਪਣੇ ਅੰਗ-ਸੰਗ ਰੱਖਦੇ ਹਨ, ਪਰੰਤੂ ਉਨ੍ਹਾਂ ਨੂੰ ਦੁਆਰਕਾ ਦੇ ਮੈਟਰੋ ਸਟੇਸ਼ਨ ’ਤੇ ਰੋਕਣਾ ਸਿੱਖਾਂ ਦੀ ਧਾਰਮਿਕ ਅਜ਼ਾਦੀ ’ਤੇ ਹਮਲਾ ਹੈ। ਸ਼੍ਰੋਮਣੀ ਕਮੇਟੀ ਨੇ ਇਸ ਸਬੰਧ 'ਚ ਭਾਰਤੀ ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲੇ ਨੂੰ ਵੀ ਪੱਤਰ ਭੇਜਿਆ ਜਿਸ ਵਿਚ ਉਨ੍ਹਾਂ ਕਿਹਾ ਕਿ ਸਾਬਕਾ ਜਥੇਦਾਰ ਨੇ ਇਕ ਫੁਟ ਦਾ ਗਾਤਰਾ ਕਿਰਪਾਨ ਪਹਿਨੀ ਹੋਈ ਸੀ ਜਦ ਕਿ ਸੰਵਿਧਾਨ ਅਨੁਸਾਰ ਕਿਰਪਾਨ ਦੇ ਸਾਈਜ ‘ਤੇ ਕੋਈ ਪਾਬੰਦੀ ਨਹੀਂ ਹੈ। ਪੱਤਰ 'ਚ ਲਿਖਿਆ, "ਦੇਸ਼ ਜਾਣਦਾ ਹੈ ਕਿ ਭਾਰਤ ਦੀ ਧਾਰਾ 25 ਜ਼ਮੀਰ ਅਤੇ ਧਰਮ ਨੂੰ ਖੁੱਲ੍ਹੇਆਮ ਅਪਣਾਉਣ, ਮੰਨਣ ਅਤੇ ਪ੍ਰਚਾਰਨ ਦੀ ਆਜ਼ਾਦੀ ਦਿੰਦਿਆਂ ਕਹਿੰਦੀ ਹੈ ਕਿ ਜਨਤਕ ਵਿਵਸਥਾ, ਨੈਤਿਕਤਾ, ਅਤੇ ਸਿਹਤ ਅਤੇ ਇਸ ਦੀਆਂ ਹੋਰ ਧਾਰਾਵਾਂ ਦੇ ਅਧੀਨ ਰਹਿੰਦੇ ਹੋਏ, ਸਾਰੇ ਵਿਅਕਤੀਆਂ ਨੂੰ ਜ਼ਮੀਰ ਦੀ ਆਜ਼ਾਦੀ ਅਤੇ ਖੁੱਲ੍ਹੇਆਮ ਧਰਮ ਅਪਨਾਉਣ, ਮੰਨਣ ਅਤੇ ਪ੍ਰਚਾਰਨ ਦਾ ਬਰਾਬਰ ਹੱਕ ਹੋਏਗਾ।" ਪੱਤਰ 'ਚ ਅੱਗੇ ਲਿਖਿਆ, "ਇਹ ਵੀ ਵਿਆਖਿਆ ਕੀਤੀ ਹੋਈ ਹੈ ਕਿ ਕਿਰਪਾਨਾਂ ਪਹਿਨਣੀਆਂ ਅਤੇ ਰੱਖਣੀਆਂ ਸਿੱਖ ਧਰਮ ਨੂੰ ਮੰਨਣ ਦਾ ਅੰਗ ਸਮਝੀਆਂ ਜਾਣਗੀਆਂ। ਜਿਸ ਵਿਚ ਕਿਰਪਾਨ ਦਾ ਕੋਈ ਵੀ ਸਾਈਜ ਨਿਰਧਾਰਤ ਨਹੀਂ ਹੈ। ਸਿੱਖ ਗਾਤਰੇ ਵਿਚ ਕੋਈ ਵੀ ਕਿਰਪਾਨ ਪਾ ਸਕਦਾ ਹੈ ਅਤੇ ਹੱਥ ਵਿਚ ਤਿੰਨ ਫੁਟ ਦੀ ਕਿਰਪਾਨ ਰੱਖ ਸਕਦਾ ਹੈ। ਇਸ ਧਾਰਾ ਵਿਚ ਤਾਂ ਸਿੱਖਾਂ ਨੂੰ ਕਿਰਪਾਨ ਨਹੀਂ ਸਗੋਂ ਕਿਰਪਾਨਾਂ ਪਹਿਨਣ ਅਤੇ ਰੱਖਣ ਦਾ ਵਿਸ਼ੇਸ਼ ਅਧਿਕਾਰ ਦਿੱਤਾ ਗਿਆ ਹੈ।" ਐਡਵੋਕੇਟ ਧਾਮੀ ਨੇ ਇਸ ਘਟਨਾਂ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਦੇਸ਼ ਅੰਦਰ ਵੱਸਦੇ ਹਰ ਧਰਮ ਦੇ ਲੋਕਾਂ ਦੇ ਧਾਰਮਿਕ ਅਧਿਕਾਰਾਂ ਦੀ ਸੁਰੱਖਿਆ ਲਈ ਸਪੱਸ਼ਟ ਹਦਾਇਤਾਂ ਜਾਰੀ ਕਰਨੀਆਂ ਚਾਹਦੀਆਂ ਹਨ ਤਾਂ ਜੋ ਭਵਿੱਖ ਅੰਦਰ ਅਜਿਹਾ ਨਾ ਵਾਪਰੇ। -PTC News

Related Post