ਪਾਨ ਮਸਾਲਾ ਤੋਂ ਬਾਅਦ ਇਸ ਇਸ਼ਤਿਹਾਰ ਨੂੰ ਲੈ ਕੇ ਵਿਵਾਦਾਂ 'ਚ ਘਿਰੇ ਅਕਸ਼ੈ ਕੁਮਾਰ

By  Jasmeet Singh September 13th 2022 01:47 PM -- Updated: September 13th 2022 01:53 PM

ਨਵੀਂ ਦਿੱਲੀ, 13 ਸਤੰਬਰ: ਅਭਿਨੇਤਾ ਅਕਸ਼ੇ ਕੁਮਾਰ (Akshay Kumar) ਦਾ ਜਨਹਿੱਤ ਸਬੰਧਿਤ ਇੱਕ ਇਸ਼ਤਿਹਾਰ (Advertisement) ਵਿਵਾਦਾਂ ਵਿੱਚ ਘਿਰ ਗਿਆ ਹੈ। ਇਸ ਇਸ਼ਤਿਹਾਰ ਬਾਰੇ ਲੋਕਾਂ ਦਾ ਕਹਿਣਾ ਹੈ ਕਿ ਇਹ ਦਾਜ ਪ੍ਰਥਾ ਨੂੰ ਉਤਸ਼ਾਹਿਤ ਕਰ ਰਿਹਾ ਹੈ। ਇੱਕ ਮਿੰਟ ਦੇ ਇਸ ਇਸ਼ਤਿਹਾਰ ਵਿੱਚ ਵਿਦਾਇਗੀ ਸਮਾਰੋਹ ਦਿਖਾਇਆ ਗਿਆ ਹੈ। ਇਸ ਵਿਗਿਆਪਨ 'ਚ ਦੇਖਿਆ ਜਾ ਸਕਦਾ ਕਿ ਰੋਂਦੀ ਹੋਈ ਲਾੜੀ ਨੂੰ ਉਸ ਦੇ ਪਿਤਾ ਵੱਲੋਂ ਕਾਰ 'ਚ ਬਿਠਾ ਕੇ ਵਿਦਾ ਕੀਤਾ ਜਾਣਾ ਹੁੰਦਾ ਉਸੇ ਵੇਲੇ ਅਕਸ਼ੇ ਕੁਮਾਰ ਦੀ ਐਂਟਰੀ ਹੁੰਦੀ ਹੈ, ਜੋ ਪੁਲਿਸ ਦੀ ਵਰਦੀ ਵਿਚ ਦਿਖਾਈ ਦਿੰਦੇ ਹਨ।

ਇਸ ਇਸ਼ਤਿਹਾਰ (Advertisement) ਵਿੱਚ ਉਹ ਪਿਤਾ ਨੂੰ ਆਪਣੀ ਧੀ ਨੂੰ ਮੌਜੂਦਾ ਦੋ ਏਅਰਬੈਗ ਵਾਹਨਾਂ ਦੀ ਬਜਾਏ ਛੇ ਏਅਰਬੈਗ ਵਾਲੀ ਗੱਡੀ ਵਿੱਚ ਭੇਜਣ ਲਈ ਸਲਾਹ ਦਿੰਦੇ ਨਜ਼ਰ ਆ ਰਹੇ ਹਨ। ਅੰਤ 'ਚ ਲਾੜਾ ਅਤੇ ਲਾੜੀ ਦੇ ਨਾਲ ਨਾਲ ਲੜਕੀ ਦਾ ਪਿਤਾ ਵੀ ਇਸ ਗੱਲ ਨਾਲ ਸਹਿਮਤ ਹੁੰਦਾ ਨਜ਼ਰ ਆਉਂਦਾ ਹੈ। ਅਗਲੇ ਸੀਨ 'ਚ ਨਵ-ਵਿਆਹੁਤਾ ਛੇ ਏਅਰਬੈਗ ਵਾਲੀ ਕਾਰ ਵਿਚ ਮੁਸਕਰਾਉਂਦੇ ਹੋਏ ਚਲੇ ਜਾਂਦੇ ਹਨ।

ਅਜਿਹੇ 'ਚ ਸ਼ਿਵ ਸੈਨਾ ਦੇ ਦੋ ਨੇਤਾਵਾਂ ਪ੍ਰਿਅੰਕਾ ਚਤੁਰਵੇਦੀ (Priyanka Chaturvedi) ਅਤੇ ਸਾਕੇਤ ਗੋਖਲੇ (Saket Gokhale) ਨੇ ਇਸ ਇਸ਼ਤਿਹਾਰ ਦੀ ਨਿੰਦਾ ਕੀਤੀ ਹੈ। ਦੱਸ ਦੇਈਏ ਕਿ ਇਹ ਇਸ਼ਤਿਹਾਰ ਟਾਟਾ ਸੰਨਜ਼ ਦੇ ਸਾਬਕਾ ਚੇਅਰਮੈਨ ਸਾਇਰਸ ਮਿਸਤਰੀ ਦੀ ਕਾਰ ਹਾਦਸੇ 'ਚ ਮੌਤ ਤੋਂ ਬਾਅਦ ਪ੍ਰਸਾਰਿਤ ਹੋਇਆ ਹੈ। ਇਸ ਦੇ ਨਾਲ ਹੀ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ (Nitin Gadkari) ਨੇ ਵੀ ਅਕਸ਼ੈ ਕੁਮਾਰ ਦੇ ਇਸ ਇਸ਼ਤਿਹਾਰ ਨੂੰ ਆਪਣੇ ਅਧਿਕਾਰਤ ਖਾਤੇ 'ਤੇ ਸਾਂਝਾ ਕੀਤਾ, ਜਿਸ ਵਿੱਚ ਛੇ ਏਅਰਬੈਗ ਵਾਲੇ ਵਾਹਨਾਂ ਨੂੰ ਉਤਸ਼ਾਹਿਤ ਕੀਤਾ ਗਿਆ।

ਇਸ ਇਸ਼ਤਿਹਾਰ ਦਾ ਵਿਰੋਧ ਕਰ ਰਹੀ ਸ਼ਿਵ ਸੈਨਾ ਆਗੂ ਪ੍ਰਿਅੰਕਾ ਚਤੁਰਵੇਦੀ ਨੇ ਐਤਵਾਰ ਨੂੰ ਟਵੀਟ ਕਰ ਕਿਹਾ ਕਿ ਇਹ ਇੱਕ ਸਮੱਸਿਆ ਵਾਲਾ ਇਸ਼ਤਿਹਾਰ ਹੈ। ਇਸਦੀ ਇਜਾਜ਼ਤ ਕਿਸ ਨੇ ਦਿੱਤੀ? ਕੀ ਸਰਕਾਰ ਇਸ ਇਸ਼ਤਿਹਾਰ ਵਿੱਚ ਕਾਰ ਦੀ ਸੁਰੱਖਿਆ ਦੇ ਪਹਿਲੂ ਨੂੰ ਉਤਸ਼ਾਹਿਤ ਕਰਨ ਲਈ ਪੈਸੇ ਦੀ ਵਰਤੋਂ ਕਰ ਰਹੀ ਹੈ ਜਾਂ ਦਾਜ ਵਰਗੀ ਸਮਾਜਿਕ ਬੁਰਾਈ ਨੂੰ ਉਤਸ਼ਾਹਿਤ ਕਰਨ ਲਈ? ਤੁਹਾਨੂੰ ਦੱਸ ਦੇਈਏ ਕਿ ਸੋਸ਼ਲ ਮੀਡੀਆ 'ਤੇ ਕੁਝ ਸੋਸ਼ਲ ਮੀਡੀਆ ਯੂਜ਼ਰਸ ਅਕਸ਼ੈ ਕੁਮਾਰ ਦੇ ਇਸ ਇਸ਼ਤਿਹਾਰ ਦਾ ਵਿਰੋਧ ਵੀ ਕਰ ਰਹੇ ਹਨ।

-PTC News

Related Post