ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ 'ਚ ਲਏ ਗਏ ਅਹਿਮ ਫੈਸਲੇ

By  Shanker Badra July 23rd 2018 04:54 PM -- Updated: July 23rd 2018 04:55 PM

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ 'ਚ ਲਏ ਗਏ ਅਹਿਮ ਫੈਸਲੇ:ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਵਿਚ ਅੱਜ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਹੋਈ ਹੈ।ਇਸ ਮੀਟਿੰਗ ਵਿੱਚ ਅਹਿਮ ਫੈਸਲੇ ਲਏ ਗਏ ਹਨ।ਇਸ ਮੀਟਿੰਗ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਿੱਖ ਔਰਤਾਂ ਲਈ ਹੈਲਮੇਟ ਜ਼ਰੂਰੀ ਕੀਤੇ ਜਾਣ ਦੇ ਫੈਸਲੇ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਹੈ।ਇਸ ਤੋਂ ਇਲਾਵਾ ਮੀਟਿੰਗ ਵਿੱਚ ਪਿਛਲੇ ਹਫ਼ਤੇ ਨਹਿੰਗ ਜੱਥੇਬੰਦੀ ਤੇ ਸਤਿਕਾਰ ਕਮੇਟੀ ਵਿਚਕਾਰ ਹੋਏ ਤਕਰਾਰ ਨੂੰ ਲੈ ਕੇ ਚਰਚਾ ਹੋਈ ਹੈ।

ਮੀਟਿੰਗ ਵਿੱਚ ਲਏ ਗਏ ਫੈਸਲੇ ਹੇਠ ਲਿਖੇ ਅਨੁਸਾਰ ਹਨ :

1) ਸਿੱਖ ਬੀਬੀਆਂ ਨੂੰ ਹੈਲਮੇਟ ਪਾਉਣ ਤੋਂ ਛੋਟ ਲਈ ਸ਼੍ਰੋਮਣੀ ਕਮੇਟੀ ਕਨੂੰਨੀ ਲੜਾਈ ਲੜੇ।

2)ਸਤਿਕਾਰ ਕਮੇਟੀ ਅਤੇ ਨਿਹੰਗ ਜਥੇਬੰਦੀਆਂ ਇੱਕ ਦੂੱਜੇ ਖਿਲਾਫ ਦੂਸ਼ਣਬਾਜੀ ਨਾ ਕਰਨ,ਮਿਲ ਬੈਠ ਕੇ ਮਸਲੇ ਹੱਲ ਕਰਨ ਅਤੇ ਚੱਲ ਰਹੇ ਅਦਾਲਤੀ ਕੇਸ ਵਾਪਿਸ ਲੈਣ।

3)ਸ਼ਹੀਦ ਨਗਰ ਗੁਰਦੁਆਰਾ ਸਾਹਿਬ ਬੁੱਢਾ ਜੋਹੜ ਜਿਲ੍ਹਾ ਗੰਗਾਨਗਰ ਦੀਆਂ ਕਮੇਟੀਆਂ ਤੇ ਸੰਵਿਧਾਨ ਭੰਗ।

4)ਅਰਜੁਨ ਬਾਦਲ ਅਤੇ ਬੀਬੀ ਭੱਠਲ ਨੂੰ ਜਲਦ ਸ੍ਰੀ ਅਕਾਲ ਤਖਤ ਸਾਹਿਬ ਤੇ ਹਾਜਿਰ ਹੋਣ ਦੀ ਹਦਾਇਤ।

5) ਭਾਈ ਰਾਜੋਆਣਾ ਵਲੋਂ ਭੁੱਖ ਹੜਤਾਲ ਖਤਮ ਕਰਨ ਸਬੰਧੀ ਉਨ੍ਹਾਂ ਦਾ ਧੰਨਵਾਦ।ਇਸ ਦੇ ਨਾਲ ਹੀ ਡੇਢ ਮਹੀਨੇ ਵਿਚ ਭਾਰਤ ਸਰਕਾਰ ਵੱਲੋ ਭਾਈ ਰਾਜੋਆਣਾ ਦੇ ਕੇਸ ਸਬੰਧੀ ਫੈਸਲਾ ਨਾ ਕੀਤੇ ਜਾਣ 'ਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਖਤ ਕਾਰਵਾਈ ਕੀਤੀ ਜਾਵੇਗੀ।

6) ਪ੍ਰਸਿੱਧ ਸਿੱਖ ਵਿਦਵਾਨ ਅਤੇ ਨਾਮਵਰ ਲੇਖਕ ਡਾ. ਸਰੂਪ ਸਿੰਘ ਅਲਗ ਨੂੰ ਸਨਮਾਨ ਸਨਮਾਨ ਦਿੱਤਾ ਜਾਵੇਗਾ।

ਇਸ ਤੋਂ ਇਲਾਵਾ ਬਾਕੀ ਹੇਠਲੇ ਫੈਸਲੇ ਅਗਲੀ ਮੀਟਿੰਗ 'ਚ ਵਿਚਾਰੇ ਜਾਣਗੇ :

1) ਇਸ ਤੋਂ ਇਲਾਵਾ ਧਰਮੀ ਫੌਜੀਆਂ ਦੀਆਂ ਤਸਵੀਰਾਂ ਸਿੱਖ ਅਜਾਇਬ ਘਰ ਵਿੱਚ ਲਾਉਣ ਲਈ ਵੀ ਅਗਲੀ ਮੀਟਿੰਗ ਵਿੱਚ ਵਿਚਾਰਿਆ ਜਾਵੇਗਾ।ਦੱਸਣਯੋਗ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਦੌਰਾਨ ਹਿੰਦੋਸਤਾਨ ਦੀ ਸਰਕਾਰ ਦਾ ਵਿਰੋਧ ਕਰਨ ਤੋਂ ਬਾਅਦ ਸ਼ਹਾਦਤ ਦਾ ਜਾਮ ਪੀਣ ਵਾਲੇ ਧਰਮੀ ਫ਼ੌਜੀਆਂ ਦੇ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਦੀਆਂ ਸਿੱਖ ਅਜਾਇਬ ਘਰ ਵਿੱਚ ਤਸਵੀਰਾਂ ਲਾਉਣ ਦਾ ਵਾਅਦਾ ਕੀਤਾ ਗਿਆ ਸੀ।

-PTCNews

Related Post