ਮੁੱਖ ਮੰਤਰੀ ਨੇ ਆਪ ਦੇ ਵਿਧਾਇਕ 'ਤੇ ਹੋਏ ਕਥਿਤ ਹਮਲੇ ਬਾਰੇ ਰੋਪੜ ਦੇ ਡੀ.ਸੀ. ਤੋਂ ਮੰਗੀ ਵਿਸਤਿ੍ਤ ਰਿਪੋਰਟ

By  Shanker Badra June 21st 2018 08:09 PM -- Updated: June 21st 2018 08:14 PM

ਮੁੱਖ ਮੰਤਰੀ ਨੇ ਆਪ ਦੇ ਵਿਧਾਇਕ 'ਤੇ ਹੋਏ ਕਥਿਤ ਹਮਲੇ ਬਾਰੇ ਰੋਪੜ ਦੇ ਡੀ.ਸੀ. ਤੋਂ ਮੰਗੀ ਵਿਸਤਿ੍ਤ ਰਿਪੋਰਟ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੈਰ-ਕਾਨੂੰਨੀ ਖਣਨ ਮਾਫੀਏ ਵਲੋਂ ਆਮ ਆਦਮੀ ਪਾਰਟੀ ਦੇ ਵਿਧਾਇਕ 'ਤੇ ਕੀਤੇ ਕਥਿਤ ਹਮਲੇ ਬਾਰੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਤੋਂ ਵਿਸਤਿ੍ਤ ਰਿਪੋਰਟ ਦੀ ਮੰਗ ਕੀਤੀ ਹੈ।ਇਸ ਘਟਨਾ 'ਤੇ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਹਾਲਤ ਵਿੱਚ ਸੂਬੇ 'ਚ ਬਦਅਮਨੀ ਨੂੰ ਸਹਿਨ ਨਹੀਂ ਕੀਤਾ ਜਾਵੇਗਾ।ਉਨ੍ਹਾਂ ਨੇ ਡਿਪਟੀ ਕਮਿਸ਼ਨਰ ਨੂੰ ਇਸ ਮਾਮਲੇ ਸਬੰਧੀ ਤੱਥਾਂ ਦੀ ਨਿਰਪੱਖ ਜਾਂਚ ਯਕੀਨੀ ਬਨਾਉਣ ਲਈ ਆਖਿਆ ਹੈ।ਹਾਲਾਂਕਿ ਰੂਪ ਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਉਪਰ ਹੋਏ ਹਮਲੇ ਦੇ ਸਬੰਧ ਵਿੱਚ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਮੁੱਖ ਮੰਤਰੀ ਨੇ ਬਾਕੀ ਸ਼ੱਕੀਆਂ ਉਪਰ ਵੀ ਕਾਰਵਾਈ ਕਰਨ ਲਈ ਡੀ.ਜੀ.ਪੀ ਨੂੰ ਆਖਿਆ ਹੈ ਤਾਂ ਜੋ ਹੋਰਨਾਂ ਦੀ ਵੀ ਤੁਰੰਤ ਗਿਰਫ਼ਤਾਰੀ ਨੂੰ ਯਕੀਨੀ ਬਣਾਇਆ ਜਾ ਸਕੇ। ਵਿਧਾਇਕ ਨਾਲ ਤਾਇਨਾਤ ਦੋ ਪੀ.ਐਸ.ਓ ਵੀ ਮੁੱਖ ਮੰਤਰੀ ਦੀ ਨਜ਼ਰ ਵਿੱਚ ਹਨ ਜੋ ਵਿਧਾਇਕ ਦੀ ਸੁਰੱਖਿਆ ਯਕੀਨੀ ਬਣਾਉਣ ਵਿੱਚ ਨਾਕਾਮ ਰਹੇ ਹਨ।ਉਨ੍ਹਾਂ ਨੂੰ ਪੁਲਿਸ ਲਾਈਨ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ।ਮੁੱਖ ਮੰਤਰੀ ਨੇ ਇਸ ਸਮੁੱਚੇ ਘਟਨਾਕ੍ਰਮ ਵਿੱਚ ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕਰਨ ਲਈ ਵੀ ਡੀ.ਜੀ.ਪੀ ਨੂੰ ਨਿਰਦੇਸ਼ ਦਿੱਤੇ ਹਨ।ਬੁਲਾਰੇ ਅਨੁਸਾਰ ਅੱਜ ਦੁਪਹਿਰ ਹੋਏ ਹਮਲੇ ਵਿੱਚ ਅਮਰਜੀਤ ਸਿੰਘ ਤੋਂ ਇਲਾਵਾ ਉਨ੍ਹਾਂ ਦਾ ਗੰਨਮੈਨ ਹੈਡ ਕਾਂਸਟੇਬਲ ਸੁਖਦੀਪ ਸਿੰਘ ਵੀ ਜ਼ਖਮੀ ਹੋ ਗਿਆ ਹੈ।ਉਨ੍ਹਾਂ ਨੂੰ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਲਿਜਾਇਆ ਗਿਆ ਜਿਥੋਂ ਅਮਰਜੀਤ ਸਿੰਘ ਨੂੰ ਚੈਕਅਪ ਲਈ ਪੀ.ਜੀ.ਆਈ ਚੰਡੀਗੜ੍ਹ ਵਿਖੇ ਭੇਜ ਦਿੱਤਾ ਗਿਆ ਹੈ ਕਿਉਂਕਿ ਉਨ੍ਹਾਂ ਨੇ ਆਪਣੀ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਸੀ। ਇਕ ਸਰਕਾਰੀ ਬੁਲਾਰੇ ਨੇ ਅੱਜ ਇਥੇ ਦੱਸਿਆ ਕਿ ਪਿੰਡ ਬੇਈਹਾਰਾ ਦੇ ਅਜਵਿੰਦਰ ਸਿੰਘ ਦੇ ਤਿੰਨ ਰਿਸ਼ਤੇਦਾਰਾਂ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ।ਅਜਵਿੰਦਰ ਅਤੇ ਇੱਕ ਹੋਰ ਦੋਸ਼ੀ ਬਚਿੰਤਰ ਸਿੰਘ ਪਿੰਡ ਭਾਉਵਾਲ ਘਟਨਾ ਤੋਂ ਬਾਅਦ ਫਰਾਰ ਹੋ ਗਏ ਹਨ।ਉਨ੍ਹਾਂ ਨੂੰ ਛੇਤੀ ਹੀ ਗਿ੍ਫਤਾਰ ਕੀਤੇ ਜਾਣ ਦੀ ਆਸ ਹੈ।ਗਿ੍ਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਜਸਵਿੰਦਰ ਸਿੰਘ ਗੋਲਡੀ,ਮਨਜੀਤ ਸਿੰਘ ਅਤੇ ਅਮਰਜੀਤ ਸਿੰਘ ਸਾਰੇ ਵਾਸੀ ਪਿੰਡ ਬੇਈਹਾਰਾ ਸ਼ਾਮਲ ਹਨ।ਉਨ੍ਹਾਂ ਕੋਲੋਂ ਇਕ ਕਾਲੇ ਰੰਗ ਦੀ ਐਕਸ ਯੂ ਵੀ ਗੱਡੀ ਅਤੇ 12 ਬੋਰ ਦੀਆਂ 2 ਬੰਦੂਕਾਂ ਵੀ ਬਰਾਮਦ ਕੀਤੀਆਂ ਗਈਆਂ ਹਨ। -PTCNews

Related Post