ATM ਦੀ ਵਰਤੋਂ ਵੇਲੇ ਸਾਵਧਾਨ ! ਗੁਜਰਾਤ 'ਚ ਫ਼ੌਜ ਦੇ 3 ਜਵਾਨ ATM ਕਾਰਨ ਹੋਏ ਕੋਰੋਨਾ ਦੇ ਸ਼ਿਕਾਰ

By  Panesar Harinder April 24th 2020 07:29 PM

ਅਹਿਮਦਾਬਾਦ - ਛੂਤ ਦਾ ਰੋਗ ਹੋਣ ਕਾਰਨ ਕੋਰੋਨਾ ਬਾਰੇ ਕੀਤੀਆਂ ਨਿੱਕੀਆਂ ਨਿੱਕੀਆਂ ਅਣਗਹਿਲੀਆਂ ਕਿੰਨੀਆਂ ਖ਼ਤਰਨਾਕ ਸਾਬਤ ਹੋ ਸਕਦੀਆਂ ਹਨ, ਇਸ ਦਾ ਸਬੂਤ ਮਿਲਿਆ ਹੈ ਗੁਜਰਾਤ ਤੋਂ। ਗੁਜਰਾਤ ਦੇ ਵਡੋਦਰਾ 'ਚ ਫ਼ੌਜ ਦੇ ਜਵਾਨਾਂ ਨੇ ਇੱਕ ਹੀ ਏਟੀਐਮ ਤੋਂ ਪੈਸਾ ਕਢਵਾਇਆ ਅਤੇ ਕੋਰੋਨਾ ਨਾਲ ਪੀੜਤ ਹੋ ਗਏ। ਸ਼ੁਰੂਆਤੀ ਜਾਂਚ 'ਚ ਮੰਨਿਆ ਜਾ ਰਿਹਾ ਹੈ ਕਿ ਤਿੰਨੋਂ ਜਵਾਨ ਇੱਕੋ ਹੀ ਏਟੀਐਮ ਤੋਂ ਵਾਇਰਸ ਦੇ ਸੰਪਰਕ 'ਚ ਆਉਣ ਤੋਂ ਬਾਅਦ ਬਿਮਾਰ ਹੋਏ ਹਨ।

ਤਿੰਨਾਂ ਫ਼ੌਜੀ ਜਵਾਨਾਂ ਦੀ ਪਾਜ਼ੀਟਿਵ ਰਿਪੋਰਟ ਆਉਣ ਤੋਂ ਬਾਅਦ ਉਨ੍ਹਾਂ ਦੇ ਸੰਪਰਕ 'ਚ ਆਏ 28 ਲੋਕਾਂ ਨੂੰ ਕੁਆਰੰਟੀਨ ਕੀਤਾ ਗਿਆ ਹੈ। ਇਸ ਘਟਨਾ ਨੂੰ ਵੇਖਦੇ ਹੋਏ ਇੰਡੀਅਨ ਬੈਂਕਸ ਐਸੋਸੀਏਸ਼ਨ (IBA) ਵੱਲੋਂ ਹਾਲ ਹੀ ਵਿੱਚ ਜਾਰੀ ਦਿਸ਼ਾ-ਨਿਰਦੇਸ਼ ਜਾਰੀ ਕਰਕੇ ਬੈਂਕ ਮੁਲਾਜ਼ਮਾਂ ਅਤੇ ਖਾਤਾਧਾਰਕਾਂ ਨੂੰ ਇਸ ਤੋਂ ਬਚਾਉਣ ਲਈ ਕਦਮ ਚੁੱਕੇ ਜਾ ਰਹਿ ਹਨ। ਇਸ ਤੋਂ ਇਲਾਵਾ ਐੱਸਬੀਆਈ ਸਮੇਤ ਕਈ ਵੱਡੇ ਬੈਂਕਾਂ ਨੇ ਏਟੀਐਮਜ਼ ਦੀ ਵਰਤੋਂ ਨੂੰ ਲੈ ਕੇ ਸੇਫ਼ਟੀ ਟਿਪਸ ਦੱਸੇ ਹਨ।

ਏਟੀਐਮ ਦੀ ਵਰਤੋਂ ਕਰਨ ਸਮੇਂ ਇਨ੍ਹਾਂ ਸਾਵਧਾਨੀਆਂ ਦਾ ਜ਼ਰੂਰ ਧਿਆਨ ਰੱਖੋ -

ਜੇ ਤੁਸੀਂ ਕਿਸੇ ਕਿਸਮ ਦੇ ਫ਼ਲੂ ਦੇ ਸ਼ਿਕਾਰ ਹੋ ਤਾਂ, ਸਭ ਤੋਂ ਪਹਿਲੀ ਗੱਲ ਤਾਂ ਜਿੱਥੇ ਤੱਕ ਹੋ ਸਕੇ ਏਟੀਐਮ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰੋ। ਜੇਕਰ ਦਸਤਾਨੇ ਪਾ ਲਏ ਜਾਣ ਤਾਂ ਬੜਾ ਉੱਤਮ ਹੈ। ਏਟੀਐਮ ਜਾਣ ਤੋਂ ਪਹਿਲਾਂ ਅਤੇ ਤੁਰੰਤ ਬਾਅਦ ਸੈਨੀਟਾਈਜ਼ਰ ਦੀ ਵਰਤੋਂ ਜ਼ਰੂਰ ਕਰੋ। ਸੈਨੀਟਾਈਜ਼ਰ ਦਾ ਨਿਯਮਿਤ ਇਸਤੇਮਾਲ ਕਰਨਾ ਬਹੁਤ ਮਹੱਤਵਪੂਰਨ ਹੈ। ਬੈਂਕ ਦੇ ਏਟੀਐਮ ਰੂਮ 'ਚ ਕੋਈ ਵਿਅਕਤੀ ਪਹਿਲਾਂ ਤੋਂ ਮੌਜੂਦ ਹੈ ਅਤੇ ਉਹ ਪਹਿਲਾਂ ਹੀ ਉਸ ਦੀ ਵਰਤੋਂ ਕਰ ਰਿਹਾ ਹੈ ਤਾਂ ਏਟੀਐਮ 'ਚ ਨਾ ਜਾਓ। ਏਟੀਐਮ ਰੂਮ 'ਚ ਵੱਖ-ਵੱਖ ਥਾਵਾਂ ਨੂੰ ਛੂਹਣ ਤੋਂ ਪਰਹੇਜ਼ ਕਰੋ। ਏਟੀਐਮ ਦੀ ਲਾਈਨ 'ਚ ਖੜੇ ਰਹਿਣ ਸਮੇਂ ਅਚਾਨਕ ਛਿੱਕ ਆਉਂਦੀ ਹੈ ਤਾਂ ਆਪਣੇ ਮੂੰਹ ਨੂੰ ਬਾਂਹ ਜਾਂ ਟਿਸ਼ੂ ਨਾਲ ਢਕੋ। ਇਸ ਤੋਂ ਬਾਅਦ ਵਰਤੇ ਗਏ ਟਿਸ਼ੂ ਜਾਂ ਮਾਸਕ ਨੂੰ ਜਲਦ ਸੁਰੱਖਿਅਤ ਥਾਂ 'ਤੇ ਸੁੱਟੋ।

ਜੇ ਤੁਸੀਂ ਕਿਸੇ ਵੀ ਥਾਂ 'ਤੇ ਸਪਰਸ਼ ਕੀਤਾ ਹੈ ਤਾਂ ਤੁਰੰਤ ਸੈਨੀਟਾਈਜ਼ਰ ਨਾਲ ਹੱਥਾਂ ਨੂੰ ਸਾਫ਼ ਕਰੋ। ਏਟੀਐਮ ਦੇ ਬਾਹਰ ਲਾਈਨ 'ਚ ਖੜ੍ਹੇ ਹੋਣ ਦੌਰਾਨ ਆਪਣੇ ਚਿਹਰੇ, ਨੱਕ ਅਤੇ ਮੂੰਹ ਨੂੰ ਛੂਹਣ ਤੋਂ ਬਚੋ। ਲਾਈਨ 'ਚ ਲੱਗੇ ਲੋਕਾਂ ਤੋਂ ਇੱਕ ਮੀਟਰ ਦੀ ਦੂਰੀ ਰੱਖੋ। ਜੇ ਤੁਸੀਂ ਏਟੀਐਮ ਚੈਂਬਰ 'ਚ ਗਲਤੀ ਨਾਲ ਕਿਸੇ ਚੀਜ਼ ਨੂੰ ਛੂਹ ਲਿਆ ਹੈ ਤਾਂ ਤੁਰੰਤ ਸੈਨੀਟਾਈਜ਼ਰ ਨਾਲ ਹੱਥਾਂ ਨੂੰ ਸਾਫ਼ ਕਰੋ। ਜਿੱਥੇ ਤੱਕ ਸੰਭਵ ਹੋਵੇ ਆਨਲਾਈਨ ਬੈਂਕਿੰਗ ਦੀ ਵਰਤੋਂ ਕਰੋ। ਡਿਜ਼ੀਟਲ ਪਲੇਟਫ਼ਾਰਮ ਜਿਵੇਂ YONO, INB, BHIM ਦੀ ਵਰਤੋਂ ਕਰੋ। ਜੇ ਤੁਸੀਂ ਐਸਬੀਆਈ ਦੀ ਬਜਾਏ ਕਿਸੇ ਹੋਰ ਬੈਂਕ ਦੇ ਗਾਹਕ ਹੋ ਤਾਂ ਆਪਣੇ ਬੈਂਕ ਦੇ ਐਪ ਦੀ ਵਰਤੋਂ ਕਰੋ।

Related Post