ਕੋਰੋਨਾ ਮਹਾਂਮਾਰੀ ਦਾ ਕਹਿਰ - ਇਸ ਸ਼ਹਿਰ 'ਚ ਭਿਖਾਰੀ ਨਿਕਲਿਆ ਕੋਵਿਡ-19 ਪਾਜ਼ਿਟਿਵ

By  Kaveri Joshi May 3rd 2020 04:22 PM

ਜਲੰਧਰ: ਕੋਰੋਨਾ ਮਹਾਂਮਾਰੀ ਦਾ ਕਹਿਰ - ਇਸ ਸ਼ਹਿਰ 'ਚ ਭਿਖਾਰੀ ਨਿਕਲਿਆ ਕੋਵਿਡ-19 ਪਾਜ਼ਿਟਿਵ: ਕੋਰੋਨਾ ਦੀ ਮਹਾਮਾਰੀ ਦਾ ਖੌਫ਼ ਲੋਕਾਂ ਦੇ ਚਿਹਰੇ 'ਤੇ ਸਾਫ਼ ਝਲਕਦਾ ਹੈ । ਦੇਸ਼ੋ- ਦੁਨੀਆਂ 'ਚ ਕਹਿਰ ਮਚਾ ਰਹੇ ਇਸ ਵਾਇਰਸ ਨੇ ਹੁਣ ਭਿਖਾਰੀਆਂ ਨੂੰ ਵੀ ਆਪਣੀ ਚਪੇਟ 'ਚ ਲੈਣਾ ਸ਼ੁਰੂ ਕਰ ਦਿੱਤਾ ਹੈ । ਦੱਸ ਦੇਈਏ ਕਿ ਜਲੰਧਰ ਵਿਖੇ ਇੱਕ ਮੰਦਿਰ ਦੇ ਬਾਹਰ ਬੈਠੇ ਭਿਖਾਰੀ ਨੂੰ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਹੈ।

ਉਕਤ 60 ਸਾਲਾ ਭਿਖਾਰੀ ਸਥਾਨਿਕ ਗੀਤਾ ਮੰਦਿਰ ਦੇ ਬਾਹਰ ਬੈਠਾ ਸੀ , ਜਿਸਦੇ ਟੈਸਟ ਵਾਸਤੇ ਲਏ ਗਏ ਸੈਂਪਲ ਨੂੰ ਜਾਂਚ ਵਾਸਤੇ ਭੇਜਿਆ ਗਿਆ , ਅਤੇ ਨਤੀਜਾ ਆਉਣ 'ਤੇ ਉਸ ਨੂੰ ਕੋਰੋਨਾ ਪੀੜਤ ਕਰਾਰ ਦਿੱਤਾ ਗਿਆ ਹੈ ।

ਜ਼ਿਕਰਯੋਗ ਹੈ ਕਿ ਸਥਾਨਿਕ ਲੋਕਾਂ ਵਲੋਂ ਕਹੇ ਜਾਣ 'ਤੇ ਉਕਤ ਭਿਖਾਰੀ ਦਾ ਟੈਸਟ ਕੀਤਾ ਗਿਆ ਸੀ । ਇਸ ਭਿਖਾਰੀ ਦੇ ਕੋਰੋਨਾ ਸ਼ਿਕਾਰ ਦੀ ਪੁਸ਼ਟੀ ਉਪਰੰਤ ਪੁਲਿਸ ਵਲੋਂ ਪਹਿਲਾਂ ਕੋਰੋਨਾ ਪੀੜਤ ਭਿਖਾਰੀ ਦੀ ਭਾਲ ਕੀਤੀ ਗਈ ਅਤੇ ਇਸ ਉਪਰੰਤ ਮਾਡਲ ਟਾਊਨ ਅਤੇ ਇਸਦੇ ਆਸ-ਪਾਸ ਦੇ ਇਲਾਕਿਆਂ ਦੇ ਭਿਖਾਰੀਆਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਹੈ ।

ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਇਹ ਪਤਾ ਲਗਾਇਆ ਗਿਆ ਹੈ ਕਿ ਕੋਰੋਨਾ ਸ਼ਿਕਾਰ ਭਿਖਾਰੀ ਕਿਸ-ਕਿਸ ਦੇ ਸੰਪਰਕ 'ਚ ਆਇਆ ਅਤੇ ਪੜਤਾਲ ਉਪਰੰਤ ਤਿੰਨ ਹੋਰ ਭਿਖਾਰੀਆਂ ਨੂੰ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ ਹੈ ਤਾਂ ਕਿ ਉਹਨਾਂ ਦੀ ਜਾਂਚ ਹੋ ਸਕੇ।

ਦਿਨ-ਬਦਿਨ ਵੱਧਦੇ ਕੋਰੋਨਾ ਦੇ ਕੇਸਾਂ ਕਾਰਨ ਬੇਸ਼ੱਕ ਪੁਲਿਸ ਤੇ ਡਾਕਟਰੀ ਅਮਲਾ ਕਾਫ਼ੀ ਸੰਜੀਦਗੀ ਨਾਲ ਆਪਣਾ ਫਰਜ਼ ਨਿਭਾ ਰਿਹਾ ਹੈ ਪਰ ਅਜਿਹੇ 'ਚ ਸੂਬਾ ਵਾਸੀਆਂ ਦਾ ਵੀ ਫਰਜ਼ ਬਣਦਾ ਹੈ ਕਿ ਜਾਰੀ ਹਦਾਇਤਾਂ 'ਤੇ ਅਮਲ ਕਰਨ ਅਤੇ ਫਜ਼ੂਲ ਬਾਹਰ ਨਾ ਜਾਣ ।

Related Post