Sat, Mar 14, 2026
Whatsapp

ਖੰਨਾ ਵਿੱਚ ਹਥਿਆਰਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖ਼ੇਪ ਬਰਾਮਦ- SSP ਕੌਂਡਲ

Reported by:  PTC News Desk  Edited by:  Amritpal Singh -- December 14th 2023 02:55 PM
ਖੰਨਾ ਵਿੱਚ ਹਥਿਆਰਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖ਼ੇਪ ਬਰਾਮਦ- SSP ਕੌਂਡਲ

ਖੰਨਾ ਵਿੱਚ ਹਥਿਆਰਾਂ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖ਼ੇਪ ਬਰਾਮਦ- SSP ਕੌਂਡਲ

Punjab News: ਖੰਨਾ ਪੁਲਿਸ ਨੇ ਇੱਕ ਵਾਰ ਫਿਰ ਮੱਧ ਪ੍ਰਦੇਸ਼ ਤੋਂ ਪੰਜਾਬ ਵਿੱਚ ਨਜਾਇਜ਼ ਹਥਿਆਰਾਂ ਦੀ ਤਸਕਰੀ ਦਾ ਪਰਦਾਫਾਸ਼ ਕੀਤਾ ਹੈ। ਘਰ ਵਿੱਚ ਚਲਾਈ ਜਾ ਰਹੀ ਅਸਲਾ ਫੈਕਟਰੀ ਫੜੀ ਗਈ ਹੈ। ਇੱਥੋਂ ਪੰਜਾਬ ਨੂੰ ਹਥਿਆਰ ਸਪਲਾਈ ਕੀਤੇ ਜਾਂਦੇ ਸਨ। ਹਥਿਆਰ ਬਣਾਉਣ ਵਾਲੇ 10 ਵਿਅਕਤੀਆਂ ਨੂੰ 22 ਨਜਾਇਜ਼ ਪਿਸਤੌਲਾਂ ਸਮੇਤ ਕਾਬੂ ਕੀਤਾ ਗਿਆ ਹੈ। 2 ਵੱਖ-ਵੱਖ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।

ਐੱਸਐੱਸਪੀ ਅਮਨੀਤ ਕੌਂਡਲ ਨੇ ਦੱਸਿਆ ਕਿ ਇਹ ਕਾਰਵਾਈ 1 ਦਸੰਬਰ ਤੋਂ ਸ਼ੁਰੂ ਹੋਈ ਸੀ ਜਦੋਂ ਖੰਨਾ ਪੁਲਿਸ ਨੇ ਨਾਕਾਬੰਦੀ ਦੌਰਾਨ ਗੁਰਲਾਲ ਸਿੰਘ ਸਾਜਨ ਵਾਸੀ ਹੋਠੀਆਂ (ਤਰਨਤਾਰਨ) ਅਤੇ ਮਨਦੀਪ ਸਿੰਘ ਵਾਸੀ ਜੰਡਿਆਲਾ ਪੱਟੀ ਨੂੰ 4 ਨਾਜਾਇਜ਼ ਪਿਸਤੌਲਾਂ ਸਮੇਤ ਕਾਬੂ ਕੀਤਾ ਸੀ। ਪੁੱਛਗਿੱਛ ਦੌਰਾਨ ਅੰਮ੍ਰਿਤਸਰ ਦੇ ਰਕਸ਼ਿਤ ਸੈਣੀ ਦਾ ਨਾਂ ਸਾਹਮਣੇ ਆਇਆ, ਜਿਸ ਨੂੰ ਇਹ ਹਥਿਆਰ ਸਪਲਾਈ ਕੀਤੇ ਜਾਣੇ ਸਨ। ਰਕਸ਼ਿਤ ਸੈਣੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਗਿਆ ਸੀ।


ਜਿਸ ਨੇ ਖੁਲਾਸਾ ਕੀਤਾ ਸੀ ਕਿ ਇਹ ਹਥਿਆਰ ਅਭਿਨਵ ਮਿਸ਼ਰਾ ਉਰਫ ਅਨੁਜ ਵਾਸੀ ਖਰਗੋਨ (ਮੱਧ ਪ੍ਰਦੇਸ਼), ਕਮਲ ਬਡੋਲੇ ਵਾਸੀ ਖਰਗੋਨ (ਮੱਧ ਪ੍ਰਦੇਸ਼) ਅਤੇ ਕੁਲਦੀਪ ਸਿੰਘ ਵਾਸੀ ਮੁਨਾਵਰ (ਮੱਧ ਪ੍ਰਦੇਸ਼) ਤੋਂ ਲਿਆਏ ਸਨ। ਉਸ ਨੂੰ ਗ੍ਰਿਫ਼ਤਾਰ ਕਰਨ ਲਈ ਇੱਕ ਵਿਸ਼ੇਸ਼ ਟੀਮ ਮੱਧ ਪ੍ਰਦੇਸ਼ ਭੇਜੀ ਗਈ ਸੀ। ਅਭਿਨਵ ਨੂੰ 11 ਦਸੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਸ ਕੋਲੋਂ 2 ਪਿਸਤੌਲ ਬਰਾਮਦ ਹੋਏ। ਕਮਲ ਬਡੋਲੇ ਨੂੰ ਕਾਬੂ ਕਰਕੇ 5 ਪਿਸਤੌਲ ਬਰਾਮਦ ਕੀਤੇ, ਕੁਲਦੀਪ ਸਿੰਘ ਕੋਲੋਂ 5 ਪਿਸਤੌਲ ਬਰਾਮਦ ਹੋਏ।

ਐਸਐਸਪੀ ਕੌਂਡਲ ਨੇ ਦੱਸਿਆ ਕਿ ਇਸੇ ਤਰ੍ਹਾਂ 6 ਦਸੰਬਰ ਨੂੰ ਸੀਆਈਏ ਸਟਾਫ਼ ਨੇ ਟੀ ਪੁਆਇੰਟ ਕਪਾਸ਼ ਫੈਕਟਰੀ ਰੋਡ ਨੇੜੇ ਤਜਿੰਦਰ ਸਿੰਘ ਸਾਬੀ ਅਤੇ ਅਰਜਿੰਦਰ ਸਿੰਘ ਜੌਹਨ ਨੂੰ ਨਾਜਾਇਜ਼ ਅਸਲੇ ਸਮੇਤ ਕਾਬੂ ਕੀਤਾ ਸੀ। ਇਨ੍ਹਾਂ ਦੇ ਸਬੰਧ ਬਾਹਰਲੇ ਸੂਬਿਆਂ ਵਿੱਚ ਬੈਠੇ ਹਥਿਆਰ ਸਪਲਾਈ ਕਰਨ ਵਾਲੇ ਸਮੱਗਲਰਾਂ ਨਾਲ ਵੀ ਜੁੜੇ ਹੋਏ ਹਨ। ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਦੋਵਾਂ ਕੋਲੋਂ ਛੇ ਹਥਿਆਰ ਬਰਾਮਦ ਹੋਏ ਹਨ।

ਅਭਿਨਵ ਸਪਲਾਈ ਦਾ ਕਿੰਗਪਿਨ

ਪੰਜਾਬ ਵਿੱਚ ਹਥਿਆਰਾਂ ਦੀ ਸਪਲਾਈ ਦਾ ਕਿੰਗਪਿਨ ਅਭਿਨਵ ਹੈ। ਉਹ ਪਹਿਲਾਂ ਵੀ ਦੋ ਵਾਰ ਹਥਿਆਰਾਂ ਦੀ ਸਪਲਾਈ ਕਰ ਚੁੱਕਾ ਹੈ। ਜਲੰਧਰ 'ਚ ਦਰਜ ਇੱਕ ਮਾਮਲੇ 'ਚ ਪੀ.ਓ. ਕੁਲਦੀਪ ਸਿੰਘ ਮੱਧ ਪ੍ਰਦੇਸ਼ ਵਿੱਚ ਹਥਿਆਰ ਬਣਾਉਣ ਦਾ ਕੰਮ ਕਰਦਾ ਸੀ। ਪਹਿਲਾਂ ਵੀ ਉਹ ਹਥਿਆਰ ਬਣਾਉਂਦੇ ਅਤੇ ਸਪਲਾਈ ਕਰਦੇ ਸਨ। ਕੁਲਦੀਪ ਦੇ ਪਿਤਾ ਪ੍ਰਹਿਲਾਦ ਸਿੰਘ ਖ਼ਿਲਾਫ਼ ਮੱਧ ਪ੍ਰਦੇਸ਼ ਵਿੱਚ ਅਸਲਾ ਐਕਟ ਤਹਿਤ 10 ਤੋਂ ਵੱਧ ਕੇਸ ਦਰਜ ਹਨ। ਖੰਨਾ ਪੁਲਿਸ ਪ੍ਰਹਿਲਾਦ ਖਿਲਾਫ ਵੀ ਕਾਰਵਾਈ ਕਰ ਸਕਦੀ ਹੈ।

ਸਕਰੈਪ ਤੋਂ ਵਿਦੇਸ਼ੀ ਹਥਿਆਰ ਬਣਾਉਣਾ

ਇਹ ਗਿਰੋਹ ਇੰਨਾ ਨਿਪੁੰਨ ਸੀ ਕਿ ਉਹ ਆਪਣੇ ਘਰ ਵਿੱਚ ਚੱਲਦੀ ਗੈਰ-ਕਾਨੂੰਨੀ ਫੈਕਟਰੀ ਵਿੱਚ ਸਕਰੈਪ ਤੋਂ ਪਿਸਤੌਲ ਵਰਗੇ ਵਿਦੇਸ਼ੀ ਹਥਿਆਰ ਬਣਾ ਲੈਂਦੇ ਸਨ। ਪਿਸਤੌਲ ਬਣ ਜਾਣ ਤੋਂ ਬਾਅਦ ਕੋਈ ਇਹ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਕਿ ਘਰ ਦੇ ਕਿਸੇ ਵਿਅਕਤੀ ਨੇ ਇਨ੍ਹਾਂ ਨੂੰ ਸਕਰੈਪ ਤੋਂ ਤਿਆਰ ਕੀਤਾ ਹੈ, ਇਹ ਹਥਿਆਰ ਮੰਗੇ ਭਾਅ ਵੇਚੇ ਜਾਂਦੇ ਸਨ। ਖਾਸ ਕਰਕੇ ਗੈਂਗਸਟਰਾਂ ਦੇ ਗਰੋਹਾਂ ਨੂੰ ਹਥਿਆਰ ਸਪਲਾਈ ਕੀਤੇ ਜਾ ਰਹੇ ਸਨ। ਪੰਜਾਬ ਵਿੱਚ ਹਥਿਆਰਾਂ ਨਾਲ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ।

ਇਸ ਸਮੁੱਚੀ ਕਾਰਵਾਈ ਦੀ ਅਗਵਾਈ ਐਸ.ਪੀ.(ਆਈ) ਡਾ.ਪ੍ਰਗਿਆ ਜੈਨ ਨੇ ਐਸ.ਐਸ.ਪੀ ਅਮਨੀਤ ਕੌਂਡਲ ਦੀ ਦੇਖ-ਰੇਖ ਹੇਠ ਕੀਤੀ। ਪ੍ਰਗਿਆ ਦੀ ਅਗਵਾਈ 'ਚ ਸੀ.ਆਈ.ਏ ਟੀਮ ਨੇ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਕੇ ਸਫਲਤਾ ਹਾਸਲ ਕੀਤੀ। ਇਸ ਨੈੱਟਵਰਕ ਦੀ ਵੀ ਹੋਰ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਸ਼ੱਕ ਹੈ ਕਿ ਇਸ ਦੇ ਸਬੰਧ ਜੇਲ੍ਹ ਵਿੱਚ ਬੈਠੇ ਕਿਸੇ ਵੱਡੇ ਗੈਂਗਸਟਰ ਨਾਲ ਹਨ।

- PTC NEWS

Top News view more...

Latest News view more...

PTC NETWORK
PTC NETWORK