ਡੀ.ਜੀ.ਪੀ. ਤੇ ਆਸ਼ੂ ਦੇ ਮੁੱਦੇ 'ਤੇ ਕੈਪਟਨ ਨੇ ਦਿੱਤਾ ਸਪੱਸ਼ਟੀਕਰਨ, ਵਿਰੋਧੀਆਂ ਨੇ ਚੁੱਕੇ ਸਵਾਲ

By  Jashan A February 25th 2020 11:14 AM

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੀ ਤੀਜੇ ਦਿਨ ਦੀ ਕਾਰਵਾਈ ਜਾਰੀ ਹੈ, ਜਿਸ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਦਿਨਕਰ ਗੁਪਤਾ ਅਤੇ ਕੈਬਿਨਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਮੁੱਦੇ 'ਤੇ ਆਪਣਾ ਸਪਸ਼ਟੀਕਰਨ ਦਿੱਤਾ ਹੈ। ਉਹਨਾਂ ਕਿਹਾ ਕਿ ਹਰੇਕ ਬੰਦੇ ਕੋਲੋਂ ਗਲਤੀਆਂ ਹੋ ਜਾਂਦੀਆਂ ਹਨ ਤੇ ਡੀਜੀਪੀ ਦਿਨਕਰ ਗੁਪਤਾ ਨੇ ਆਪਣੇ ਬਿਆਨ 'ਤੇ ਮੁਆਫੀ ਮੰਗ ਲਈ ਹੈ।

ਕੈਪਟਨ ਨੇ ਸਫਾਈ ਦਿੰਦਿਆਂ ਕਿਹਾ ਕਿ ਕਰਤਾਰਪੁਰ ਲਾਂਘਾ ਬੰਦ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮੁਅੱਤਲ ਡੀ.ਐੱਸ.ਪੀ ਬਲਵਿੰਦਰ ਸਿੰਘ ਸੇਖੋਂ ਵੱਲੋਂ ਕੈਬਿਨਟ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਲਗਾਏ ਇਲਜ਼ਾਮਾਂ 'ਤੇ ਸਫਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਸ਼ੂ ਨੂੰ ਪਹਿਲਾਂ ਹੀ ਕਲੀਨ ਚਿੱਟ ਮਿਲ ਚੁੱਕੀ ਹੈ ਤੇ ਮੁਅੱਤਲ ਡੀ ਐਸ ਪੀ ਸ਼ੇਖੋਂ ਵਿਰੁੱਧ ਪੜਤਾਲ ਚੱਲ ਰਹੀ ਹੈ ਉਸ ਨੂੰ ਧਾਰਾ 311 ਤਹਿਤ ਨੌਕਰੀ ਤੋਂ ਬਰਖਾਸਤ ਕਰਾਂਗੇ।

ਕੈਪਟਨ ਅਮਰਿੰਦਰ ਸਿੰਘ ਦੇ ਬਿਆਨ 'ਤੇ ਤੰਜ ਕਸਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਕਿਹਾ ਕਿ ਸ਼ੁਕਰ ਹੈ 4 ਦਿਨ ਬਾਅਦ ਮੁੱਖ ਮੰਤਰੀ ਕੈਪਟਨ ਨੇ ਬਿਆਨ ਤਾਂ ਦਿੱਤਾ।

ਹੋਰ ਪੜ੍ਹੋ: ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਜਿੰਦਰ ਰੰਧਾਵਾ ਦੀ ਬਰਖਾਸਤਗੀ ਦੀ ਮੰਗ

ਮਜੀਠੀਆ ਨੇ ਕਿਹਾ ਕਿ ਡੀ ਐਸ ਪੀ ਸੇਖੋਂ ਨੂੰ ਪੜਤਾਲ ਕਾਂਗਰਸ ਦੇ ਪਿਛਲੇ ਮੰਤਰੀ ਨਵਜੋਤ ਸਿੱਧੂ ਨੇ ਹੀ ਦਿੱਤੀ ਸੀ। ਆਸ਼ੂ ਮੁਦੇ 'ਤੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਆਸ਼ੂ ਨੇ ਪੁਲੀਸ ਕੋਲ ਕਈ ਗੰਭੀਰ ਦੋਸ਼ ਮੰਨੇ ਹਨ।

ਇਸ ਤੋਂ ਇਲਾਵਾ ਆਸ਼ੂ ਨੂੰ ਕਲੀਨ ਚਿੱਟ ਦੇਣ ਦਾ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਵੱਲੋਂ ਵੀ ਵਿਰੋਧ ਕੀਤਾ ਗਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਇਸ ਕੇਸ ਨੂੰ ਅੱਖੋਂ ਪ੍ਰੋਖੇ ਕਰਕੇ ਆਸ਼ੂ ਨੂੰ ਕਲੀਨ ਚਿੱਟ ਦੇ ਰਹੇ ਹਨ। ਇਸ ਮੌਕੇ ਚੀਮਾ ਨੇ ਆਸ਼ੂ ਦਾ ਕੇਸ ਮੁੜ ਖੋਲਣ ਦੀ ਮੰਗ ਕੀਤੀ।

ਜ਼ਿਕਰਯੋਗ ਹੈ ਕਿ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਕਰਤਾਰਪੁਰ ਲਾਂਘੇ ਸਬੰਧੀ ਵਿਵਾਦਿਤ ਬਿਆਨ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਉਹਨਾਂ ਦੀ ਚੁਫੇਰਿਓਂ ਨਿੰਦਾ ਹੋ ਰਹੀ ਹੈ। ਉਥੇ ਹੀ ਮੁਅੱਤਲ ਡੀ.ਐੱਸ.ਪੀ ਬਲਵਿੰਦਰ ਸਿੰਘ ਸੇਖੋਂ ਵੱਲੋਂ ਕੈਬਿਨਟ ਮੰਤਰੀ ਭਾਰਤ ਭੂਸ਼ਣ ਆਸ਼ੂ 'ਤੇ ਅੱਤਵਾਦੀਆਂ ਨੂੰ ਪਨਾਹ ਦੇਣ ਦੇ ਗੰਭੀਰ ਇਲਜ਼ਾਮ ਲਗਾਏ ਸਨ।

-PTC News

Related Post