ਮੁੱਖ ਮੰਤਰੀ ਵੱਲੋਂ ਸਾਇੰਸ ਦੀਪ ਸਿੰਘ ਦੀ ਪੜ੍ਹਾਈ ਦਾ ਸਮੁੱਚਾ ਖ਼ਰਚਾ ਨਿੱਜੀ ਤੌਰ 'ਤੇ ਉਠਾਉਣ ਦਾ ਐਲਾਨ

By  Joshi July 3rd 2018 06:49 AM -- Updated: July 3rd 2018 12:05 PM

ਮੁੱਖ ਮੰਤਰੀ ਵੱਲੋਂ ਸਾਇੰਸ ਦੀਪ ਸਿੰਘ ਦੀ ਪੜ੍ਹਾਈ ਦਾ ਸਮੁੱਚਾ ਖ਼ਰਚਾ ਨਿੱਜੀ ਤੌਰ 'ਤੇ ਉਠਾਉਣ ਦਾ ਐਲਾਨ

ਚੰਡੀਗੜ੍ਹ, 2 ਜੁਲਾਈ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੁਕਤਸਰ ਜਿਲ੍ਹੇ ਦੇ ਨੌਜਵਾਨ ਸਾਇੰਸ ਦੀਪ ਸਿੰਘ ਦੀ ਪੜ੍ਹਾਈ ਦਾ ਸਮੁੱਚਾ ਖ਼ਰਚਾ ਖੁਦ ਸਹਿਣ ਕਰਨ ਦਾ ਐਲਾਨ ਕੀਤਾ ਹੈ | ਇਹ ਨੌਜਵਾਨ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸਰਗਰਮ ਹੈ |

ਮੁਕਤਸਰ ਦੇ ਐਸ.ਐਸ.ਪੀ. ਸੁਸ਼ੀਲ ਕੁਮਾਰ ਦੇ ਨਾਲ ਸਾਇੰਸ ਦੀਪ ਸਿੰਘ ਅੱਜ ਸ਼ਾਮ ਮੁੱਖ ਮੰਤਰੀ ਦਫ਼ਤਰ ਵਿਖੇ ਮੁੱਖ ਮੰਤਰੀ ਨੂੰ ਮਿਲਿਆ |

ਚੱਕ ਸ਼ੇਰ ਵਾਲਾ ਦਾ ਸਾਇੰਸ ਦੀਪ ਸਿੰਘ ਨਸ਼ਿਆਂ ਦੇ ਕਾਰਣ ਆਪਣੇ ਪਿਤਾ ਅਤੇ ਦਾਦੇ ਦੋਵਾਂ ਨੂੰ ਗੁਵਾਅ ਚੁੱਕਾ ਹੈ ਜਿਸ ਨੇ ਉਸ ਨੂੰ ਸਮਾਜ ਦੇ ਲਈ ਕੁਝ ਹਾਂ-ਪੱਖੀ ਕਾਰਜ ਕਰਨ ਲਈ ਪ੍ਰੇਰਿਆ | ਇਸ ਤੋਂ ਬਾਅਦ ਉਹ ਨਸ਼ਿਆਂ ਦੀ ਲਾਹਨਤ ਤੋਂ ਪਰੇ ਰਹਿਣ ਲਈ ਨੌਜਵਾਨਾਂ ਨੂੰ ਜਾਗਰੂਕ ਕਰਨ ਲੱਗ ਪਿਆ |

ਇਸ ਨੌਜਵਾਨ ਦੀਆਂ ਕੋਸ਼ਿਸ਼ਾਂ ਦੀ ਸਰਾਹਨਾ ਕਰਦੇ ਹੋਏ ਮੁੱਖ ਮੰਤਰੀ ਨੇ ਹੋਰਾਂ ਨੌਜਵਾਨਾਂ ਨੂੰ ਵੀ ਸਾਇੰਸ ਦੀਪ ਸਿੰਘ ਵੱਲੋਂ ਅਪਣਾਏ ਮਿਸ਼ਨ ਦੇ ਰਸਤੇ ਤੁਰਨ ਲਈ ਜ਼ੋਰ ਪਾਇਆ ਹੈ ਤਾਂ ਜੋ ਖੁਦ ਦੇ ਨਿਮਾਣੇ ਯਤਨਾਂ ਨਾਲ ਨਸ਼ਿਆਂ ਦੀ ਸਮੱਸਿਆ 'ਤੇ ਕਾਬੂ ਪਾਇਆ ਜਾ ਸਕੇ | ਸਾਇੰਸ ਦੀਪ ਸਿੰਘ ਅਤੇ ਉਸ ਦੇ ਪਰਿਵਾਨ ਨੇ ਨਸ਼ਈਆਂ ਨੂੰ ਸੰਵੇਦਨਸ਼ੀਲ ਬਨਾਉਣ ਲਈ ਮਹੱਤਵਪੂਰਨ ਭੂਮਿਕਾ ਨਿਭਾਈ ਹੈ | ਉਨ੍ਹਾਂ ਨੇ ਡਰਾਮਿਆਂ, ਸਕਿਟਾਂ ਅਤੇ ਸੰਗੀਤ ਦੇ ਮੁਕਾਬਲੇ ਆਯੋਜਿਤ ਕਰਾ ਕੇ ਮੁਕਤਸਰ ਦੇ ਪਿੰਡਾਂ ਅਤੇ ਨੇੜੇ ਦੇ ਜਿਲਿ੍ਹਆਂ ਵਿਚ ਆਪਣੇ ਕੰਮ ਨੂੰ ਅੰਜਾਮ ਦਿੱਤਾ ਹੈ |

ਮੁੱਖ ਮੰਤਰੀ ਨੇ ਸਾਇੰਸ ਦੀਪ ਸਿੰਘ ਦੀ ਮਾਤਾ ਸਿਮਰਨਜੀਤ ਕੌਰ ਦੇ ਸਿਲਾਈ ਕਢਾਈ ਦੇ ਹੁਨਰ ਨੂੰ ਸੂਬਾ ਸਰਕਾਰ ਵੱਲੋਂ ਉਚਿਆਉਣ ਦਾ ਵੀ ਐਲਾਨ ਕੀਤਾ ਹੈ ਤਾਂ ਜੋ ਉਹ ਲਾਭਦਾਇਕ ਰੁਜ਼ਗਾਰ ਪ੍ਰਾਪਤ ਕਰ ਸਕੇ |

ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਨੂੰ ਆਖਿਆ ਕਿ ਉਹ ਸਾਇੰਸ ਦੀਪ ਸਿੰਘ ਦੇ ਵੱਡੇ ਭਰਾ ਦੇ ਕਰਮਜੀਤ ਸਿੰਘ ਦੇ ਹੁਨਰ ਨੂੰ ਵੀ ਉਚਿਆਉਣ ਤਾਂ ਜੋ ਉਸ ਨੂੰ ਢੁਕਵੀਂ ਨੌਕਰੀ ਦਿੱਤੀ ਜਾ ਸਕੇ ਅਤੇ ਉਹ ਵਧੀਆ ਤਰੀਕੇ ਨਾਲ ਆਪਣੀ ਜੀਵਕਾ ਚਲਾ ਸਕੇ |

—PTC News

Related Post