ਕੈਪਟਨ ਵੱਲੋਂ ਨਿਤਿਨ ਗਡਕਰੀ ਨਾਲ ਮੁਲਾਕਾਤ , ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸਵੇਅ ਨੂੰ ਛੇਤੀ ਪ੍ਰਵਾਨਗੀ ਦੇਣ ਦੀ ਮੰਗ

By  Shanker Badra September 4th 2018 06:23 PM

ਕੈਪਟਨ ਵੱਲੋਂ ਨਿਤਿਨ ਗਡਕਰੀ ਨਾਲ ਮੁਲਾਕਾਤ , ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸਵੇਅ ਨੂੰ ਛੇਤੀ ਪ੍ਰਵਾਨਗੀ ਦੇਣ ਦੀ ਮੰਗ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਸੜਕੀ ਆਵਾਜਾਈ ਤੇ ਜਹਾਜ਼ਰਾਨੀ ਮੰਤਰੀ ਨਿਤਿਨ ਗਡਕਰੀ ਪਾਸੋਂ ਦਿੱਲੀ- ਅੰਮ੍ਰਿਤਸਰ-ਕੱਟੜਾ ਐਕਸਪ੍ਰੈਸਵੇਅ ਪ੍ਰਾਜੈਕਟ ਵਿੱਚ ਤੇਜ਼ੀ ਲਿਆਉਣ ਤੋਂ ਇਲਾਵਾ ਸਰਹੱਦੀ ਖੇਤਰ ਵਿੱਚ ਚਾਰ ਮਹੱਤਵਪੂਰਨ ਮਾਰਗਾਂ ਤੇ ਸੂਬੇ ਦੀਆਂ ਹੋਰ ਸੜਕਾਂ ਨੂੰ ਮਨਜ਼ੂਰੀ ਦੇਣ ਦੀ ਮੰਗ ਕੀਤੀ ਹੈ।ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸਵੇਅ ਪ੍ਰਾਜੈਕਟ ਦੇ ਅਮਲ ਵਿੱਚ ਤੇਜ਼ੀ ਲਿਆਉਣ ਲਈ ਕੇਂਦਰੀ ਮੰਤਰੀ ਦੇ ਦਖ਼ਲ ਦੀ ਮੰਗ ਕਰਦਿਆਂ ਮੁੱਖ ਮੰਤਰੀ ਨੇ ਉਨਾਂ ਦੇ ਧਿਆਨ ਵਿੱਚ ਲਿਆਂਦਾ ਕਿ ਇਸ ਐਕਸਪ੍ਰੈਸਵੇਅ ਦੀ ਸੇਧ ਨੂੰ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਦੇ ਸਲਾਹ-ਮਸ਼ਵਰੇ ਨਾਲ ਅੰਤਮ ਰੂਪ ਦੇ ਦਿੱਤਾ ਗਿਆ ਹੈ।ਉਨਾਂ ਕਿਹਾ ਕਿ ਨਵੀਂ ਸੇਧ ਜੋ ਅਜੇ ਆਉਣ ਵਾਲੇ ਸਮੇਂ ’ਚ ਅਪਣਾਈ ਜਾਣੀ ਹੈ, ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਸਿੱਧੀ ਦਿੱਲੀ ਵੈਸਟਰਨ ਪੈਰੀਫਿਰਲ ਐਕਸਪ੍ਰੈਸਵੇਅ ਜਾਂ ਦਿੱਲੀ ਵਿੱਚ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ ਤੱਕ ਜਾਵੇਗੀ।ਇਹ ਮਾਰਗ ਅਹਿਮ ਧਾਰਮਿਕ ਤੇ ਆਰਥਿਕ ਕੇਂਦਰਾਂ ਜਿਵੇਂ ਕਿ ਡੇਰਾ ਬਾਬਾ ਨਾਨਕ, ਕਾਦੀਆਂ, ਅਟਾਰੀ ਬਾਰਡਰ, ਗੰਡੀਵਿੰਡ, ਤਰਨਤਾਰਨ, ਗੋਇੰਦਵਾਲ ਸਾਹਿਬ, ਮਖੂ, ਕਪੂਰਥਲਾ, ਜਲੰਧਰ, ਲੁਧਿਆਣਾ, ਸ੍ਰੀ ਮੁਕਤਸਰ ਸਾਹਿਬ, ਮਲੇਰਕੋਟਲਾ, ਤਲਵੰਡੀ ਸਾਬੋ, ਪਟਿਆਲਾ ਅਤੇ ਮੂਨਕ ਆਦਿ ਥਾਵਾਂ ਨੂੰ ਜੋੜੇਗਾ। ਮੁੱਖ ਮੰਤਰੀ ਨੇ ਕੌਮੀ ਰਾਜਧਾਨੀ ਨਾਲ ਜੋੜਨ ਵਾਲੇ ਇਸ ਐਕਸਪ੍ਰੈਸਵੇਅ ਦਾ ਨਿਰਮਾਣ ਕਰਨ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਮਾਰਗ ਨਾਲ ਦੋ ਸਰਹੱਦੀ ਸੂਬਿਆਂ ਪੰਜਾਬ ਤੇ ਹਰਿਆਣਾ ਦੇ ਜੁੜਨ ਕਰਕੇ ਇਸ ਦੀ ਬਹੁਤ ਜ਼ਿਆਦਾ ਮਹੱਤਤਾ ਹੈ।ਉਨਾਂ ਕਿਹਾ ਕਿ ਮੰਤਰਾਲੇ ਵੱਲੋਂ ਕੰਸਲਟੈਂਟ ਫਰਮ ਨੂੰ ਅੰਤਮ ਸੇਧ ’ਤੇ ਅਧਾਰਿਤ ਵਿਸਥਾਰਤ ਪ੍ਰਾਜੈਕਟ ਰਿਪੋਰਟ ਦੇ ਅੰਤਮ ਖਰੜੇ ਨੂੰ ਛੇਤੀ ਤੋਂ ਛੇਤੀ ਸੌਂਪਣ ਲਈ ਆਖਿਆ ਜਾਵੇ। ਪੰਜਾਬ ਦੇ ਸਰਹੱਦੀ ਇਲਾਕੇ ਵਿੱਚ ਸ੍ਰੀ ਹਰਗੋਬਿੰਦਪੁਰ-ਬਟਾਲਾ, ਫਤਹਿਗੜ ਚੂੜੀਆਂ-ਅਜਨਾਲਾ-ਚੌਂਗਾਵਾਂ-ਅਟਾਰੀ ਰੋਡ ਵਿੱਚ ਲੁਪਤ ਲਿੰਕ ਨੂੰ ਅਪਗ੍ਰੇਡ,ਮਜ਼ਬੂਤ ਅਤੇ ਵਿਕਾਸ ਕਰਨ ਦੀ ਮੰਗ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 97.18 ਕਿਲੋਮੀਟਰ ਦੀ ਲੰਬਾਈ ਵਾਲੀ ਇਹ ਸੜਕ ਰੱਖਿਆ ਸੈਨਾਵਾਂ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਸੜਕ ਇਲਾਕੇ ਵਿੱਚ ਫੌਜ ਨੂੰ ਜਾਣ ਲਈ ਬਦਲਵਾਂ ਰਸਤਾ ਮੁਹੱਈਆ ਕਰਵਾਉਂਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਸੜਕ ’ਤੇ ਆਵਾਜਾਈ ਵਧਣ ਦੇ ਮੱਦੇਨਜ਼ਰ ਇਸ ਨੂੰ ਅਪਗ੍ਰੇਡ ਕਰਨ ਦੀ ਫੌਰੀ ਲੋੜ ਹੈ ਅਤੇ ਉਨਾਂ ਨੇ ਇਸ ਪ੍ਰਾਜੈਕਟ ਨੂੰ ਛੇਤੀ ਤੋਂ ਛੇਤੀ ਮਨਜ਼ੂਰੀ ਦੇਣ ਦੀ ਮੰਗ ਕੀਤੀ।ਮੁੱਖ ਮੰਤਰੀ ਨੇ ਫਿਰੋਜ਼ਪੁਰ, ਫਾਜ਼ਿਲਕਾ, ਤਰਨ ਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਦੇ ਸਰੱਹਦੀ ਜ਼ਿਲਿਆਂ ਵਿੱਚ 557 ਕਿਲੋਮੀਟਰ ਸੜਕ ਨੂੰ ਅਪਗ੍ਰੇਡ ਕਰਨ ਲਈ ਸੂਬਾ ਸਰਕਾਰ ਵੱਲੋਂ ਸੌਂਪੇ 425.62 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਪ੍ਰਵਾਨਗੀ ਦੇਣ ਦੀ ਵੀ ਮੰਗ ਕੀਤੀ।ਮੁੱਖ ਮੰਤਰੀ ਨੇ ਬੰਗਾ-ਗੜਸ਼ੰਕਰ-ਅਨੰਦਪੁਰ ਸਾਹਿਬ-ਨੈਣਾ ਦੇਵੀ ਰੋਡ ਅਤੇ ਕੌਮੀ ਮਾਰਗ 148 ’ਤੇ ਸਥਿਤ ਫਤਹਿਆਬਾਦ-ਰਤੀਆ-ਬੁਢਲਾਡਾ ਅਤੇ ਮੰਡੀ ਦੇ ਅੰਤਰਰਾਜੀ ਮਾਰਗਾਂ ਨੂੰ ਮੌਜੂਦਾ ਵਿੱਤੀ ਸਾਲ ਦੌਰਾਨ ਕੌਮੀ ਮਾਰਗ ਐਲਾਨਣ ਦੀ ਮੰਗ ਕੀਤੀ ਕਿਉਂਕਿ ਇਸ ਸਬੰਧੀ ਵਿਸਥਾਰਤ ਪ੍ਰਾਜੈਕਟ ਰਿਪੋਰਟ (ਡੀ.ਪੀ.ਆਰ.) ਪਹਿਲਾਂ ਹੀ ਸੌਂਪੀ ਜਾ ਚੁੱਕੀ ਹੈ। ਮੁੱਖ ਮੰਤਰੀ ਨੇ ਬਠਿੰਡਾ-ਜ਼ੀਰਕਪੁਰ ਕੌਮੀ ਮਾਰਗ ਨੂੰ ਅਪਗ੍ਰੇਡ ਕਰਨ ਦੇ ਪ੍ਰਾਜੈਕਟ ਨੂੰ ਸਫਲਤਾਪੂਰਵਕ ਮੁਕੰਮਲ ਕਰਨ ਲਈ ਕੇਂਦਰੀ ਮੰਤਰੀ ਦਾ ਧੰਨਵਾਦ ਕੀਤਾ।ਉਨਾਂ ਨੇ ਕੇਂਦਰੀ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਮਖੂ ਵਿਖੇ ਇਕ ਫਲਾਈਓਵਰ ਨੂੰ ਛੱਡ ਕੇ ਅੰਮ੍ਰਿਤਸਰ -ਬਠਿੰਡਾ ਕੌਮੀ ਮਾਰਗ ਵੀ ਮੁਕੰਮਲ ਹੋ ਗਿਆ ਹੈ ਅਤੇ ਇਸ ਫਲਾਈਓਵਰ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ।ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਰੋਪੜ-ਫਗਵਾੜਾ ਕੌਮੀ ਮਾਰਗ ਲਈ ਜ਼ਮੀਨ ਗ੍ਰਹਿਣ ਕਰਨ ਦਾ ਕੰਮ ਵੀ ਤੇਜ਼ੀ ਫੜ ਗਿਆ ਹੈ। ਚੰਡੀਗੜ ਲਈ ਰਿੰਗ ਰੋਡ ਜੋ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਰਾਹੀਂ ਗੁਜ਼ਰਨੀ ਹੈ, ਲਈ ਯੂ.ਟੀ. ਪ੍ਰਸ਼ਾਸਨ ਵੱਲੋਂ ਸੌਂਪੇ ਪ੍ਰਸਤਾਵ ਨੂੰ ਪਹਿਲ ਦੇ ਆਧਾਰ ’ਤੇ ਸਿਧਾਂਤਕ ਮਨਜ਼ੂਰੀ ਦੇਣ ਦੀ ਮੰਗ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਤਿੰਨਾਂ ਸੂਬਿਆਂ ਤੇ ਯੂ.ਟੀ. ਦੀਆਂ ਸੜਕਾਂ ਦੀ ਅੰਤਰਰਾਜੀ ਸੇਧ ਨੂੰ ਅੰਤਮ ਰੂਪ ਦੇਣ ਲਈ ਇਸ ਨੂੰ ਛੇਤੀ ਮਨਜ਼ੂਰੀ ਦਿੱਤੇ ਜਾਣ ਦੀ ਲੋੜ ਹੈ। -PTCNews

Related Post