ਸੀਬੀਆਈ ਰਿਸ਼ਵਤ ਮਾਮਲਾ ਭਖਿਆ , 2 ਅਫ਼ਸਰ ਜਬਰੀ ਛੁੱਟੀ 'ਤੇ ,ਕਈ ਅਫ਼ਸਰਾਂ ਦੇ ਤਬਾਦਲੇ ,ਜਾਣੋਂ ਪੂਰਾ ਮਾਮਲਾ

By  Shanker Badra October 24th 2018 12:57 PM -- Updated: October 24th 2018 01:05 PM

ਸੀਬੀਆਈ ਰਿਸ਼ਵਤ ਮਾਮਲਾ ਭਖਿਆ , 2 ਅਫ਼ਸਰ ਜਬਰੀ ਛੁੱਟੀ 'ਤੇ ,ਕਈ ਅਫ਼ਸਰਾਂ ਦੇ ਤਬਾਦਲੇ ,ਜਾਣੋਂ ਪੂਰਾ ਮਾਮਲਾ:ਨਵੀਂ ਦਿੱਲੀ: ਸੀ.ਬੀ.ਆਈ. ਦੇ ਡਾਇਰੈਕਟਰ ਆਲੋਕ ਵਰਮਾ ਤੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਨੂੰ ਜਬਰੀ ਛੁੱਟੀ 'ਤੇ ਭੇਜ ਦਿੱਤਾ ਗਿਆ ਹੈ।ਇਸ ਮਗਰੋਂ ਸੀਬੀਆਈ ਹੈੱਡਕੁਆਰਟਰ ਵਿਖੇ ਦਫ਼ਤਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ।ਸੂਤਰਾਂ ਮੁਤਾਬਕ ਸੀਬੀਆਈ ਦਫ਼ਤਰ ਦੀ 10ਵੀਂ ਅਤੇ 11ਵੀਂ ਮੰਜ਼ਲ ਵਿਖੇ ਸਥਿਤ ਇਨ੍ਹਾਂ ਅਫ਼ਸਰਾਂ ਦੇ ਕਮਰਿਆਂ 'ਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।ਇਸ ਦੇ ਨਾਲ ਹੀ ਐਮ. ਨਾਗੇਸ਼ਵਰ ਰਾਓ ਨੂੰ ਸੀ.ਬੀ.ਆਈ. ਦਾ ਅੰਤਰਿਮ ਡਾਇਰੈਕਟਰ ਬਣਾਇਆ ਗਿਆ ਹੈ।

ਨਾਗੇਸ਼ਵਰ ਰਾਓ ਨੇ ਕੰਮਕਾਰ ਸੰਭਾਲਦਿਆਂ ਹੀ ਸੀ.ਬੀ.ਆਈ. 'ਚ ਕਈ ਅਫ਼ਸਰਾਂ ਦੇ ਤਬਾਦਲੇ ਕਰ ਦਿੱਤੇ ਹਨ।ਰਾਕੇਸ਼ ਅਸਥਾਨਾ ਨਾਲ ਜੁੜੇ ਮਾਮਲੇ ਦੀ ਜਾਂਚ ਕਰ ਰਹੇ ਡੀ.ਐੱਸ.ਪੀ. ਏ.ਕੇ. ਬੱਸੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ।ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਪੋਰਟ ਬਲੇਅਰ 'ਚ ਸੀ.ਬੀ.ਆਈ. ਦੇ ਡਿਪਟੀ ਐੱਸ.ਪੀ. ਦੇ ਰੂਪ 'ਚ ਅਹੁਦਾ ਸੰਭਾਲਣ ਦੇ ਹੁਕਮ ਦਿੱਤੇ ਗਏ ਹਨ।ਇਸ ਦੇ ਨਾਲ ਹੀ ਬੱਸੀ ਤੋਂ ਇਲਾਵਾ 9 ਹੋਰ ਅਧਿਕਾਰੀਆਂ ਦੇ ਵੀ ਤਬਾਦਲੇ ਕੀਤੇ ਗਏ ਹਨ।

ਦੱਸ ਦਈਏ ਕਿ 2 ਕਰੋੜ ਦੀ ਰਿਸ਼ਵਤ ਲੈਣ ਦੇ ਇਲਜ਼ਾਮ 'ਚ ਸੀਬੀਆਈ ਨੇ ਆਪਣੇ ਹੀ ਸਪੈਸ਼ਲ ਡਾਇਰੈਕਟਰ ਵਿਰੁੱਧ ਮਾਮਲਾ ਦਰਜ ਕੀਤਾ ਸੀ।ਮੰਗਲਵਾਰ ਨੂੰ ਕੇਸ 'ਤੇ ਸੁਣਵਾਈ ਦੌਰਾਨ ਅਦਾਲਤ ਨੇ ਰਾਕੇਸ਼ ਅਸਥਾਨਾ ਦੀ ਗ੍ਰਿਫ਼ਤਾਰੀ 'ਤੇ ਰੋਕ ਲਗਾ ਦਿੱਤੀ ਸੀ।ਇਸ ਮਾਮਲੇ ਦੀ ਅਗਲੀ ਸੁਣਵਾਈ 29 ਅਕਤੂਬਰ ਨੂੰ ਹੋਵੇਗੀ।

ਉੱਧਰ ਜਬਰੀ ਛੁੱਟੀ 'ਤੇ ਭੇਜੇ ਜਾਣ ਕਾਰਨ ਨਾਰਾਜ਼ ਸੀਬੀਆਈ ਨਿਰਦੇਸ਼ਕ ਆਲੋਕ ਵਰਮਾ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ।ਉਨ੍ਹਾਂ ਸੁਪਰੀਮ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਹੈ, ਜਿਸ 'ਤੇ 26 ਅਕਤੂਬਰ ਨੂੰ ਸੁਣਵਾਈ ਹੋਵੇਗੀ।

-PTCNews

Related Post