ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ, ਬੀਐਸਐਫ ਵੱਲੋਂ ਜਵਾਬੀ ਫਾਇਰਿੰਗ

By  Jasmeet Singh September 6th 2022 01:30 PM -- Updated: September 6th 2022 01:40 PM

ਨਵੀਂ ਦਿੱਲੀ, 6 ਸਤੰਬਰ: ਜੰਮੂ-ਕਸ਼ਮੀਰ ਦੇ ਅਰਨੀਆ ਸੈਕਟਰ ਵਿੱਚ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਅੱਜ ਸਵੇਰੇ ਪਾਕਿਸਤਾਨ ਵੱਲੋਂ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ ਦਾ ਮੂੰਹਤੋੜ ਜਵਾਬ ਦਿੱਤਾ। ਬੀਐਸਐਫ ਦੇ ਲੋਕ ਸੰਪਰਕ ਅਧਿਕਾਰੀ ਅਨੁਸਾਰ ਅੱਜ ਸਵੇਰੇ ਜਦੋਂ ਬੀਐਸਐਫ ਦੇ ਜਵਾਨ ਗਸ਼ਤ ’ਤੇ ਸਨ ਤਾਂ ਪਾਕਿਸਤਾਨੀ ਰੇਂਜਰਾਂ ਨੇ ਉਨ੍ਹਾਂ ’ਤੇ ਬਿਨਾਂ ਕਾਰਨ ਤੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦਾ ਭਾਰਤੀ ਜਵਾਨਾਂ ਨੇ ਢੁੱਕਵਾਂ ਜਵਾਬ ਦਿੱਤਾ। ਗਨੀਮਤ ਰਹੀ ਕਿ ਇਸ ਹਮਲੇ ਵਿੱਚ ਬੀਐਸਐਫ ਦੇ ਕਿਸੇ ਜਵਾਨ ਨੂੰ ਕੋਈ ਨੁਕਸਾਨ ਜਾਂ ਸੱਟ ਨਹੀਂ ਲੱਗੀ ਹੈ।

ਇੱਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ, "ਪਾਕਿਸਤਾਨੀ ਸੈਨਿਕਾਂ ਨੇ ਮੰਗਲਵਾਰ ਸਵੇਰੇ ਜੰਮੂ-ਕਸ਼ਮੀਰ 'ਚ ਅੰਤਰਰਾਸ਼ਟਰੀ ਸਰਹੱਦ 'ਤੇ ਬਿਨਾਂ ਕਾਰਨ ਦੇ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ 'ਤੇ ਗੋਲੀਬਾਰੀ ਕੀਤੀ ਅਤੇ ਜੰਗਬੰਦੀ ਸਮਝੌਤੇ ਦੀ ਉਲੰਘਣਾ ਕੀਤੀ।" ਅਧਿਕਾਰੀ ਨੇ ਅੱਗੇ ਕਿਹਾ ਕਿ, "ਬੀਐਸਐਫ ਨੇ ਵੀ ਜੰਮੂ ਜ਼ਿਲ੍ਹੇ ਦੇ ਅਰਨੀਆ ਸੈਕਟਰ ਵਿੱਚ ਗੋਲੀਬਾਰੀ ਦਾ ਢੁਕਵਾਂ ਜਵਾਬ ਦਿੱਤਾ।"

ਬੀਐਸਐਫ ਜੰਮੂ ਦੇ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਗੋਲੀਬਾਰੀ ਵਿੱਚ ਭਾਰਤੀ ਪੱਖ ਤੋਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਦੱਸ ਦੇਈਏ ਕਿ ਭਾਰਤ ਅਤੇ ਪਾਕਿਸਤਾਨ ਸਾਲ 2020 ਦੇ ਫਰਵਰੀ 'ਚ ਹੀ ਜੰਮੂ-ਕਸ਼ਮੀਰ ਵਿੱਚ ਸਰਹੱਦਾਂ ਲਈ ਨਵੇਂ ਸਿਰੇ ਤੋਂ ਜੰਗਬੰਦੀ ਸਮਝੌਤੇ ਲਈ ਸਹਿਮਤ ਹੋਏ ਸਨ। ਸਮਝੌਤੇ ਦੇ ਤਹਿਤ ਹੀ ਸਥਾਨਕ ਨਿਵਾਸੀਆਂ ਨੇ ਕੰਟਰੋਲ ਰੇਖਾ ਅਤੇ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਖੇਤੀ ਕਰਨੀ ਆਰੰਭੀ ਹੈ।

-PTC News

Related Post