ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ, ਰੰਧਾਵਾ ਤੇ ਓਪੀ ਸੋਨੀ ਬਣੇ ਉੱਪ ਮੁੱਖ ਮੰਤਰੀ

By  Riya Bawa September 20th 2021 11:26 AM -- Updated: September 20th 2021 01:08 PM

ਚੰਡੀਗੜ੍ਹ: ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਵਾਈ। ਚੰਨੀ ਦੇ ਨਾਲ ਹੀ ਦੋ ਉਪ ਮੁੱਖ ਮੰਤਰੀਆਂ (ਡਿਪਟੀ CM) ਨੇ ਵੀ ਸਹੁੰ ਚੁੱਕੀ। ਚਰਨਜੀਤ ਚੰਨੀ ਦੇ ਨਾਲ ਦੋ ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਤੇ ਓ.ਪੀ . ਸੋਨੀ  ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।

ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਵਿਚ ਕਾਂਗਰਸ ਨੇਤਾ ਰਾਹੁਲ ਗਾਂਧੀ ਸ਼ਾਮਿਲ ਹੋਏ। ਅਹਿਮ ਗੱਲ਼ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਤੇ ਬ੍ਰਹਮ ਮਹਿੰਦਰਾ ਨੇ ਉੱਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣੀ ਸੀ ਪਰ ਆਖਰੀ ਵੇਲੇ ਖੁਲਾਸਾ ਹੋਇਆ ਕਿ ਬ੍ਰਹਮ ਮਹਿੰਦਰਾ ਦੀ ਥਾਂ ਓ.ਪੀ. ਸੋਨੀ ਨੇ ਉੱਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।

ਚਮਕੌਰ ਸਾਹਿਬ ਤੋਂ ਕਾਂਗਰਸੀ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਰਾਜ ਭਵਨ ਪਹੁੰਚ ਕੇ 16ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਤੇ ਉਨ੍ਹਾਂ ਦੇ ਨਾਲ ਸੁਖਜਿੰਦਰ ਸਿੰਘ ਰੰਧਾਵਾ ਤੇ ਓ.ਪੀ. ਸੋਨੀ ਨੇ ਵੀ ਸਹੁੰ ਚੁੱਕੀ ਹੈ।

ਮੁੱਖ ਮੰਤਰੀ ਦੀ ਸਹੁੰ ਚੁੱਕਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ 20 ਸਤੰਬਰ ਨੂੰ ਹੀ ਦੁਪਹਿਰ 12.30 ਵਜੇ ਚੰਡੀਗੜ੍ਹ ਸਥਿਤ ਪੰਜਾਬ ਭਵਨ ’ਚ ਪ੍ਰੈੱਸ ਕਾਨਫਰੰਸ ਸੱਦ ਲਈ ਹੈ।ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਣੇ ਹੋਰ ਵਿਧਾਇਕ ਵੀ ਹਾਜ਼ਰ ਸਨ।

ਪੰਜਾਬ ਦੇ ਮੁੱਖ ਮੰਤਰੀ ਬਣੇ ਚਰਨਜੀਤ ਸਿੰਘ ਚੰਨੀ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵਧਾਈ ਦਿੱਤੀ। ਪੰਜਾਬ ਵਿਚ ਚੰਨੀ ਉੱਤਰ ਭਾਰਤ ਦੇ ਪਹਿਲੇ ਦਲਿਤ ਮੁੱਖ ਮੰਤਰੀ ਹੋਣਗੇ। ਇਸ ਦੇ ਨਾਲ ਪੰਜਾਬ ਵਿਚ ਮੁੱਖ ਮੰਤਰੀ ਦੀ ਕੁਰਸੀ 'ਤੇ ਪਹਿਲੀ ਵਾਰ ਕਿਸੇ ਦਲਿਤ ਚਿਹਰੇ ਨੂੰ ਬੈਠਾਉਣ ਦਾ ਇਤਿਹਾਸ ਵੀ ਰਚ ਦਿੱਤਾ ਗਿਆ।

ਦੱਸਣਯੋਗ ਹੈ ਕਿ ਸ਼ਨੀਵਾਰ ਸ਼ਾਮ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਰਾਜਪਾਲ ਨਾਲ ਮੁਲਾਕਾਤ ਕਰਕੇ ਆਪਣਾ ਅਸਤੀਫ਼ਾ ਸੌਂਪ ਦਿੱਤਾ ਸੀ। ਐਤਵਾਰ ਨੂੰ ਕਾਫੀ ਡਰਾਮਾ ਹੋਣ ਮਗਰੋਂ ਚਰਨਜੀਤ ਸਿੰਘ ਚੰਨੀ ਦਾ ਮੁੱਖ ਮੰਤਰੀ ਵਜੋਂ ਐਲਾਨ ਹੋਇਆ। ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਬਦਲੇ ਸਿਆਸੀ ਸਮੀਕਰਨਾਂ ਵਿਚਾਲੇ ਐਤਵਾਰ ਨੂੰ ਪਹਿਲਾਂ ਸੁਖਜਿੰਦਰ ਰੰਧਾਵਾ ਨੂੰ ਮੁੱਖ ਮੰਤਰੀ ਬਣਾਏ ਜਾਣ ਦੀਆਂ ਖ਼ਬਰਾਂ ਆ ਰਹੀਆਂ ਸਨ ਪਰ ਆਖਿਰ ਵਿੱਚ ਕਾਂਗਰਸ ਹਾਈ ਕਮਾਨ ਨੇ ਚਰਨਜੀਤ ਸਿੰਘ ਚੰਨੀ ਦੇ ਨਾਂ ’ਤੇ ਮੁਹਰ ਲਾਈ।ਚਰਨਜੀਤ ਸਿੰਘ ਚੰਨੀ ਕੈਪਟਨ ਸਰਕਾਰ ਵਿੱਚ ਤਕਨੀਕੀ ਸਿੱਖਿਆ ਮੰਤਰੀ ਸਨ। ਉਹ ਚਮਕੌਰ ਸਾਹਿਬ ਤੋਂ ਲਗਾਤਾਰ ਤੀਜੀ ਵਾਰ ਵਿਧਾਇਕ ਬਣੇ ਹਨ।

-PTC News

Related Post