ਕਾਂਗਰਸ ਨੇ ਨਸ਼ਿਆਂ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਫੜ੍ਹਨ ਦੀ ਬਜਾਏ ਹਮੇਸ਼ਾ ਕੀਤੀ ਸਿਆਸਤ: ਸੁਖਬੀਰ ਸਿੰਘ ਬਾਦਲ

By  Riya Bawa December 21st 2021 02:08 PM

ਅੰਮ੍ਰਿਤਸਰ : ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਖਿਲਾਫ ਨਸ਼ਿਆਂ ਦੇ ਮਾਮਲੇ ਵਿੱਚ ਕੇਸ ਦਰਜ ਕਰਨ ਬਾਰੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਨੀ ਸਰਕਾਰ ਨੂੰ ਵੱਡੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਾਂਗਰਸ ਨੂੰ ਵੱਡੀ ਚਿਤਾਵਨੀ ਦਿੰਦੇ ਕਿਹਾ ਕਿ ਅਸੀਂ ਕਾਂਗਰਸ ਦਾ ਚੈਲੰਜ ਕਬੂਲਦੇ ਹਾਂ। ਉਨ੍ਹਾਂ ਕਿਹਾ ਕਿ ਮਜੀਠੀਆ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ ਹੈ ਅਤੇ ਅਸੀਂ ਇਸ ਖ਼ਿਲਾਫ਼ ਲੀਗਲ ਲੜਾਈ ਲੜਾਂਗੇ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੀ ਜਨਤਾ ਅੱਗੇ ਸੱਚ ਲਿਆਵਾਂਗੇ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਨਸ਼ਿਆਂ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਫੜ੍ਹਨ ਦੀ ਬਜਾਏ ਹਮੇਸ਼ਾ ਸਿਆਸਤ ਕੀਤੀ ਹੈ।

ਸੁਖਬੀਰ ਸਿੰਘ ਬਾਦਲ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਕਿ ਬੇਅਦਬੀ ਦੀ ਘਟਨਾ 'ਤੇ ਕਿਸੇ ਵੀ ਪਾਰਟੀ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ। ਬੇਅਦਬੀ ਮਾਮਲੇ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਬਣਾਈ ਸਿੱਟ ਬਾਰੇ ਉਨ੍ਹਾਂ ਕਿਹਾ ਕਿ ਇਹ ਕਾਫ਼ੀ ਬਹੁਤ ਛੋਟੇ ਪੱਧਰ ਦੀ ਜਾਂਚ ਕਰਵਾਈ ਜਾ ਰਹੀ ਹੈ ਜਦੋਂਕਿ ਇਸ ਮਾਮਲੇ ਦੀ ਜਾਂਚ ਕਿਸੇ ਸਿਟਿੰਗ ਜਾਂ ਸੇਵਾਮੁਕਤ ਜੱਜ ਦੀ ਅਗਵਾਈ ਵਿਚ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ਦੌਰਾਨ ਵੀ ਇਹੀ ਸਭ ਕੁੱਝ ਹੋਇਆ ਸੀ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ ਦੀ ਸਰਕਾਰ ਕੋਲ ਹਰ ਕਿਸਮ ਦੀਆਂ ਏਜੰਸੀਆਂ ਹਨ ਅਤੇ ਤਾਕਤ ਹੈ, ਇਸ ਲਈ ਜਲਦ ਤੋਂ ਜਲਦ ਅਸਲ ਦੋਸ਼ੀਆਂ ਦਾ ਪਤਾ ਲਾਉਣਾ ਚਾਹੀਦਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੁਣ ਪੰਜਾਬ ਸਰਕਾਰ ਨੂੰ ਪਤਾ ਹੈ ਕਿ ਜਨਤਾ ਦੀ ਕਚਹਿਰੀ 'ਚ ਜਾਣਾ ਪੈਣਾ ਹੈ, ਜਿਸ ਕਾਰਨ ਉਨ੍ਹਾਂ ਦਾ ਸਿਰਫ ਇੱਕੋ ਇਕ ਮਕਸਦ ਹੈ ਕਿ ਅਕਾਲੀ ਦਲ ਦੇ ਆਗੂਆਂ 'ਤੇ ਕਿਵੇਂ ਝੂਠੇ ਪਰਚੇ ਦਰਜ ਕਰੀਏ।

ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਦਲ ਕਿਸੇ ਵੀ ਪਰਚੇ ਤੋਂ ਡਰੇਗਾ ਨਹੀਂ ਅਤੇ ਨਾ ਹੀ ਪਿੱਛੇ ਹਟੇਗਾ, ਸਗੋਂ ਡਟ ਕੇ ਮੁਕਾਬਲਾ ਕਰੇਗਾ ਅਤੇ ਜਨਤਾ ਅੱਗੇ ਪੂਰਾ ਸੱਚ ਲਿਆਵੇਗਾ।  ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਖ਼ਿਲਾਫ਼ ਪੰਜਾਬ ਸਰਕਾਰ ਵੱਲੋਂ ਝੂਠਾ ਕੇਸ ਬਣਾਇਆ ਗਿਆ ਹੈ ਅਤੇ ਹੁਣ ਸਮਾਂ ਆ ਗਿਆ ਹੈ, ਪੰਜਾਬ ਸਰਕਾਰ ਇਸ ਦਾ ਨਤੀਜਾ ਭੁਗਤਣ ਲਈ ਤਿਆਰ ਰਹੇ।

-PTC News

Related Post