ਪਟਿਆਲਾ ਕੇਂਦਰੀ ਜੇਲ੍ਹ ਵਿੱਚੋਂ ਇਕ ਹਵਾਲਾਤੀ ਹੋਇਆ ਫਰਾਰ

By  Jasmeet Singh August 12th 2022 08:04 PM

ਪਟਿਆਲਾ, 12 ਅਗਸਤ: ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਅੱਜ ਮਿਤੀ 12.08.2022 ਨੂੰ ਕੇਂਦਰੀ ਜੇਲ੍ਹ ਪਟਿਆਲਾ, ਵਿਖੇ ਹਵਾਲਾਤੀ ਮਨਿੰਦਰ ਸਿੰਘ ਉਰਫ ਗੋਨਾ ਉਰਫ ਮਨੀ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਲੁਬਾਨਾ ਕਰਮੁ, ਥਾਣਾ ਬਖਸ਼ੀਵਾਲਾ, ਮੁੱਕਦਮਾ ਨੰ. 47 ਮਿਤੀ 31.07.2022, ਥਾਣਾ ਬਖਸ਼ੀਵਾਲਾ ਅ/ਧ- 399,402 ਆਈ.ਪੀ.ਸੀ ਅਤੇ ਮੁੱਕਦਮਾ ਨੰ. 122 ਮਿਤੀ 30.06.2022 ਥਾਣਾ- ਸਿਟੀ ਸੰਗਰੂਰ, ਅ/ਧ- 379-ਬੀ,34 ਆਈ.ਪੀ.ਸੀ ਵਿੱਚ ਜੇਲ੍ਹ ਅੰਦਰ ਬੰਦ ਸੀ।

ਗੋਨਾ ਨੂੰ ਕਰੀਬ 12.00 ਵਜੇ ਦੁਪਿਹਰ ਨੂੰ ਅਦਾਲਤ ਪੇਸ਼ੀ ਲੈਕੇ ਜਾਣ ਲਈ ਪੁਲਿਸ ਗੱਡੀ ਜੇਲ੍ਹ ਵਿਖੇ ਪਹੁੰਚੀ। ਜੇਲ੍ਹ ਸੁਪਰਡੈਂਟ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਉਕਤ ਹਵਾਲਾਤੀ ਬੰਦੀ ਨੂੰ ਪੇਸ਼ੀ ਭੇਜਣ ਲਈ ਇਸ ਦੀ ਬੈਰਕ ਵਿੱਚ ਭਾਲ ਕੀਤੀ ਗਈ ਤਾਂ ਬੰਦੀ ਆਪਣੀ ਬੈਰਕ ਵਿੱਚ ਮੌਜੂਦ ਨਹੀਂ ਸੀ। ਇਸ ਤੋਂ ਬਾਅਦ ਪੂਰੀ ਜੇਲ੍ਹ ਵਿੱਚ ਉਸਦੀ ਭਾਲ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਇਸੇ ਸਮੇਂ ਦੌਰਾਨ ਜਦੋਂ ਜੇਲ੍ਹ ਦੇ ਸੀਸੀਟੀਵੀ ਕੈਮਰੇ ਚੈਕ ਕੀਤੇ ਗਏ ਤਾਂ ਸਵੇਰੇ ਕਰੀਬ 7.15 ਵਜੇ ਉਕਤ ਹਵਾਲਾਤੀ ਜੇਲ੍ਹ ਦੀ ਡਿਊੜੀ ਅੰਦਰਲੇ ਕੈਮਰੇ ਵਿੱਚ ਡਿਊੜੀ ਦੀ ਛੱਤ ਉਪਰ ਚੜ੍ਹਦਾ ਦਿਖਾਈ ਦਿੱਤਾ, ਇਸ ਤੋਂ ਅਨੁਮਾਨ ਲਗਾਇਆ ਜਾਂਦਾ ਹੈ ਕਿ ਬੰਦੀ ਜੇਲ੍ਹ ਤੋਂ ਫਰਾਰ ਹੋ ਗਿਆ ਹੈ। ਮਨਜੀਤ ਸਿੰਘ ਟਿਵਾਣਾ ਨੇ ਦੱਸਿਆ ਕਿ ਇਸ ਸਬੰਧੀ ਸਬੰਧਿਤ ਪੁਲਿਸ ਥਾਣਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਦੁਆਰਾ ਕੇਸ ਰਜਿਸ਼ਟਰਡ ਕੀਤਾ ਜਾ ਰਿਹਾ ਹੈ। ਦੋਸ਼ੀ ਦੀ ਮੁੜ ਗ੍ਰਿਫਤਾਰੀ ਲਈ ਯਤਨ ਕੀਤੇ ਜਾ ਰਹੇ ਹਨ।

ਇਸ ਸਬੰਧੀ ਜੇਲ੍ਹ ਅੰਦਰ ਪਾਈਆਂ ਗਈਆਂ ਕਮੀਆਂ ਨੂੰ ਪਹਿਚਾਣ ਕੇ ਦੂਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਗਲੀ ਪੜਤਾਲ ਜਾਰੀ ਹੈ ਅਤੇ ਇਸ ਵਿੱਚ ਜੋ ਵੀ ਕਰਮਚਾਰੀ/ਅਧਿਕਾਰੀ ਦੋਸ਼ੀ ਪਾਇਆ ਗਿਆ। ਉਨ੍ਹਾਂ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ।

-PTC News

Related Post