Coronavirus: ਦਿੱਲੀ ਸਰਕਾਰ ਨੇ ਕੋਰੋਨਾ ਨੂੰ ਐਲਾਨਿਆ 'ਮਹਾਮਾਰੀ,31 ਮਾਰਚ ਤੱਕ ਸਿਨੇਮਾ ਹਾਲ ਬੰਦ ਰੱਖਣ ਦਾ ਐਲਾਨ

By  Shanker Badra March 12th 2020 07:29 PM

Coronavirus: ਦਿੱਲੀ ਸਰਕਾਰ ਨੇ ਕੋਰੋਨਾ ਨੂੰ ਐਲਾਨਿਆ 'ਮਹਾਮਾਰੀ,31 ਮਾਰਚ ਤੱਕ ਸਿਨੇਮਾ ਹਾਲ ਬੰਦ ਰੱਖਣ ਦਾ ਐਲਾਨ:ਨਵੀਂ ਦਿੱਲੀ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਕੋਰੋਨਾ ਵਾਇਰਸ ਹੌਲੀ -ਹੌਲੀ ਸਾਰੇ ਵਿਸ਼ਵ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਕੋਰੋਨਾ ਵਾਇਰਸ ਦੇ ਰੋਜਾਨਾਂ ਸੈਂਕੜੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।

ਦਿੱਲੀ ਸਰਕਾਰ ਨੇ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਇਸ ਨੂੰ ਮਹਾਮਾਰੀ ਐਲਾਨ ਕਰ ਦਿੱਤਾ ਹੈ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਦਿੱਲੀ ਸਰਕਾਰ ਨੇ ਇਕ ਵੱਡਾ ਫ਼ੈਸਲਾ ਲੈਂਦੇ ਹੋਏ ਸਾਰੇ ਸਿਨੇਮਾ ਘਰਾਂ ਨੂੰ 31 ਮਾਰਚ ਤੱਕ ਬੰਦ ਕਰਨ ਦਾ ਆਦੇਸ਼ ਜਾਰੀ ਕੀਤਾ ਹੈ।

ਦਿੱਲੀ- ਐੱਨਸੀਆਰ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਗੁਰੂਗ੍ਰਾਮ, ਗਾਜੀਆਬਾਦ ਸਮੇਤ ਦਿੱਲੀ 'ਚ ਲਗਾਤਾਰ ਮਰੀਜਾਂ ਦੀ ਸੰਖਿਆ ਵੱਧਦੀ ਜਾ ਰਹੀ ਹੈ। ਇਸ ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਅਲਰਟ ਮੋਡ 'ਚ ਹੈ।

ਦੱਸ ਦੇਈਏ ਕਿ ਅੱਜ ਵਿਸ਼ਵ ਸਿਹਤ ਸੰਗਠਨ ਭਾਵ ਡਬਲਿਊਐੱਚਓ (World Health Organisation, WHO) ਨੇ ਦੁਨੀਆ ਭਰ ‘ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨੂੰ ਮਹਾਮਾਰੀ (Pandemic) ਐਲਾਨ ਕਰ ਦਿੱਤਾ ਹੈ।ਕੋਰੋਨਾ ਵਾਇਰਸ ਦੀ ਲਪੇਟ 'ਚ ਹੁਣ ਤੱਕ ਦੁਨੀਆ ਦੇ 113 ਦੇਸ਼ ਆ ਚੁੱਕੇ ਹਨ।

ਹੁਣ ਤੱਕ ਦੁਨੀਆ ਭਰ ਵਿੱਚ ਕੋਰੋਨਾ ਵਾਇਰਸ ਦੇ ਕੁੱਲ 126,369 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ‘ਚੋਂ 4633 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ 'ਚ 73 ਲੋਕਾਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਇਟਲੀ ‘ਚ ਅੱਜ 196 ਹੋਰ ਲੋਕਾਂ ਦੀ ਮੌਤ ਨਾਲ ਉੱਥੇ ਮ੍ਰਿਤਕਾਂ ਦੀ ਕੁਲ ਗਿਣਤੀ ਵੱਧ ਕੇ 827 ਹੋ ਗਈ ਹੈ, ਜਦਕਿ ਇਰਾਨ ‘ਚ 354, ਦੱਖਣ ਕੋਰੀਆ ‘ਚ 66, ਫਰਾਂਸ ‘ਚ 48, ਸਪੇਨ ‘ਚ 55 ਅਤੇ ਅਮਰੀਕਾ ‘ਚ 38 ਲੋਕਾਂ ਦੀ ਮੌਤ ਹੋ ਚੁੱਕੀ ਹੈ।

-PTCNews

Related Post