ਦੋਧੀ ਦੀ 'ਜੁਗਾੜ ਤਕਨਾਲੋਜੀ' ਦੇ ਚਰਚੇ, ਵੀਡੀਓ ਵਾਇਰਲ

By  Panesar Harinder May 8th 2020 03:35 PM

ਜੋਧਪੁਰ - ਵਿਦੇਸ਼ਾਂ ਵਿੱਚ ਬਹੁਤ ਤਰ੍ਹਾਂ ਦੀਆਂ ਤਕਨਾਲੋਜੀਆਂ ਬਾਰੇ ਦੇਖਣ ਸੁਣਨ ਨੂੰ ਮਿਲਦਾ ਹੈ, ਪਰ ਅਕਸਰ ਭਾਰਤ ਦੀ 'ਜੁਗਾੜ ਤਕਨਾਲੋਜੀ' ਬਾਕੀ ਤਕਨਾਲੋਜੀਆਂ ਤੋਂ ਵੱਧ ਚਰਚਾ ਬਟੋਰ ਜਾਂਦੀ ਹੈ। ਸੀਮਤ ਸਾਧਨਾਂ ਜਾਂ ਵਰਤੀ ਹੋਈ ਸਮੱਗਰੀ ਅਤੇ ਘੱਟ ਖ਼ਰਚ ਨਾਲ ਭਾਰਤੀ ਲੋਕ ਅਜਿਹਾ ਕੰਮ ਕੱਢ ਕੇ ਦਿਖਾ ਦਿੰਦੇ ਹਨ ਕਿ ਦੇਖਣ ਵਾਲਾ ਦੰਦਾਂ ਹੇਠ ਉਂਗਲੀ ਦਬਾ ਲੈਂਦਾ ਹੈ।

'ਜੁਗਾੜ ਤਕਨਾਲੋਜੀ' ਵਾਲੀ ਅਜਿਹੀ ਹੀ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। ਦੋਧੀ ਦਾ ਕੰਮ ਕਰਨ ਵਾਲੇ ਰਾਜਸਥਾਨ ਦੇ ਜੋਧਪੁਰ ਵਾਸੀ ਸੰਜੇ ਗੋਇਲ ਵੱਲੋਂ ਸੋਸ਼ਲ ਡਿਸਟੈਂਸਿੰਗ ਲਈ ਲਗਾਇਆ ਗਿਆ ਜੁਗਾੜ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਹੈ। ਛੂਤ ਦਾ ਰੋਗ ਹੋਣ ਕਾਰਨ ਕੋਰੋਨਾ ਤੋਂ ਬਚਾਅ ਲਈ ਸੋਸ਼ਲ ਡਿਸਟੈਂਸਿੰਗ (ਸਮਾਜਿਕ ਦੂਰੀ) ਅਤਿ ਜ਼ਰੂਰੀ ਹੈ, ਅਤੇ ਇਸੇ ਨੂੰ ਬਰਕਰਾਰ ਰੱਖਣ ਲਈ ਸੰਜੇ ਗੋਇਲ ਨੇ ਇੱਕ ਦੇਸੀ ਜੁਗਾੜ ਬਣਾਇਆ ਹੈ। ਉਹ ਗਾਹਕਾਂ ਨੂੰ ਹੁਣ ਪਾਈਪ ਰਾਹੀਂ ਦੁੱਧ ਦਿੰਦੇ ਹਨ। ਇਸ ਨਾਲ ਸਮਾਜਿਕ ਦੂਰੀ ਬਣੀ ਰਹਿੰਦੀ ਹੈ। ਸੰਜੇ ਦਾ ਇਹ ਵੀਡੀਓ ਵੱਖੋ-ਵੱਖ ਮੀਡੀਆ ਅਦਾਰਿਆਂ ਨੇ ਵੀ ਸ਼ੇਅਰ ਕੀਤਾ ਹੈ।

ਸੰਜੇ ਨੇ ਆਪਣੀ ਮੋਟਰ ਸਾਈਕਲ ਨਾਲ ਇੱਕ ਪਾਈਪ ਲਗਾਇਆ ਹੈ, ਜਿਸ ਦੇ ਇੱਕ ਸਿਰੇ ਤੋਂ ਉਹ ਕੀਪ ਦੀ ਮਦਦ ਨਾਲ ਦੁੱਧ ਪਾਉਂਦੇ ਹਨ ਅਤੇ ਦੁੱਧ ਲੈਣ ਵਾਲੇ ਲੋਕ ਪਾਈਪ ਦੇ ਦੂਜੇ ਸਿਰੇ 'ਤੇ ਖੜ੍ਹੇ ਦੂਰੋਂ ਹੀ ਆਪਣੇ ਭਾਂਡੇ ਵਿੱਚ ਦੁੱਧ ਪਵਾ ਲੈਂਦੇ ਹਨ। ਇਸ ਨਾਲ ਕੋਈ ਕਿਸੇ ਦੇ ਸੰਪਰਕ 'ਚ ਨਹੀਂ ਆਉਂਦਾ।

ਜੋਧਪੁਰ ਸ਼ਹਿਰ 'ਚ ਘਰ-ਘਰ ਜਾ ਕੇ ਦੁੱਧ ਵੇਚਣ ਦਾ ਕੰਮ ਕਰਨ ਵਾਲੇ ਸੰਜੇ ਪੂਰਾ ਦਿਨ ਵੱਡੀ ਗਿਣਤੀ 'ਚ ਲੋਕਾਂ ਦੇ ਸੰਪਰਕ 'ਚ ਆਉਂਦੇ ਹਨ। ਇਸ ਕਰਕੇ ਕੋਰੋਨਾ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸ਼ਹਿਰ 'ਚ ਪਿਛਲੇ ਦਿਨੀਂ ਕੁਝ ਥਾਵਾਂ 'ਤੇ ਦੁੱਧ ਵੇਚਣ ਵਾਲੇ ਕੋਰੋਨਾ ਪਾਜ਼ੀਟਿਵ ਦੋਧੀਆਂ ਦੇ ਸੰਪਰਕ 'ਚ ਆਏ ਲੋਕ ਵੀ ਕੋਰੋਨਾ ਦੀ ਲਪੇਟ 'ਚ ਆ ਗਏ ਸਨ।

ਜ਼ਿਕਰਯੋਗ ਹੈ ਕਿ ਰਾਜਸਥਾਨ 'ਚ ਕੋਰੋਨਾ ਵਾਇਰਸ ਦੇ ਹੁਣ ਤਕ 3427 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ 99 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 1439 ਲੋਕ ਠੀਕ ਹੋਣ ਮਗਰੋਂ ਹਸਪਤਾਲ ਤੋਂ ਆਪਣੇ ਘਰ ਪਰਤ ਚੁੱਕੇ ਹਨ।

ਜਿੱਥੇ ਤੱਕ ਕੋਰੋਨਾ ਦੀ ਗੱਲ ਹੈ, ਭਾਵੇਂ ਵੱਖੋ-ਵੱਖ ਇਲਾਕਿਆਂ 'ਚ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਨਿਯਮਾਂ ਅਧੀਨ ਦੁਕਾਨਾਂ ਖੋਲ੍ਹਣ ਅਤੇ ਹੋਰ ਗਤੀਵਿਧੀਆਂ ਦੀ ਇਜਾਜ਼ਤ ਦੇ ਦਿੱਤੀ ਹੈ, ਪਰ ਮਾਹਿਰਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਜੂਨ-ਜੁਲਾਈ ਦੌਰਾਨ ਕੋਰੋਨਾ ਦਾ ਪ੍ਰਕੋਪ ਮੌਜੂਦਾ ਸਮੇਂ ਨਾਲੋਂ ਵੱਧ ਹੋਣ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਇਸ ਕਰਕੇ ਜਿੱਥੋਂ ਤੱਕ ਹੋ ਸਕੇ, ਸਭ ਨੂੰ ਇਸ ਤੋਂ ਵੱਧ ਤੋਂ ਵੱਧ ਸਾਵਧਾਨ ਰਹਿਣ ਅਤੇ ਸੋਸ਼ਲ ਡਿਸਟੈਨਸਿੰਗ ਸਮੇਤ ਬਾਕੀ ਸਾਵਧਾਨੀਆਂ ਵੀ ਲਗਾਤਾਰ ਅਪਣਾਈ ਰੱਖਣ ਦੀ ਲੋੜ ਹੈ।

Related Post