ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰਧਾਨ ਮੰਤਰੀ ਨੂੰ ਭਾਰਤੀ ਮਿਸ਼ਨਾਂ ਨੂੰ ਪਰਵਾਸੀ ਪੰਜਾਬੀਆਂ ਦੀ ਮੱਦਦ ਲਈ ਨਿਰਦੇਸ਼ ਦੇਣ ਦੀ ਅਪੀਲ

By  Jashan A March 20th 2020 10:14 PM

ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰਧਾਨ ਮੰਤਰੀ ਨੂੰ ਭਾਰਤੀ ਮਿਸ਼ਨਾਂ ਨੂੰ ਪਰਵਾਸੀ ਪੰਜਾਬੀਆਂ ਦੀ ਮੱਦਦ ਲਈ ਨਿਰਦੇਸ਼ ਦੇਣ ਦੀ ਅਪੀਲ

ਵਿਦੇਸ਼ ਮੰਤਰਾਲੇ ਨੂੰ ਕਿਹਾ ਕਿ ਉਹ ਪਰਵਾਸੀਆਂ ਦੀ ਮੱਦਦ ਲਈ ਪੰਜਾਬੀ ਭਾਈਚਾਰੇ ਦੇ ਆਗੂਆਂ ਦਾ ਸਹਿਯੋਗ ਲੈਣ

ਕਿਹਾ ਕਿ ਪ੍ਰਭਾਵਿਤ ਪੰਜਾਬੀਆਂ ਦੀ ਮੱਦਦ ਲਈ ਉਹ 24 ਘੰਟੇ ਹਾਜ਼ਿਰ ਰਹਿਣਗੇ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਰੋਨਾ ਮਹਾਮਾਰੀ ਕਾਰਣ ਵਿਦੇਸ਼ਾਂ ਵਿਚ ਫਸੇ ਪਰਵਾਸੀਆਂ ਅਤੇ ਬਾਕੀ ਪੰਜਾਬੀਆਂ ਦੀ ਮੱਦਦ ਲਈ ਅੱਜ ਕਈ ਕਦਮ ਚੁੱਕਣ ਦਾ ਐਲਾਨ ਕੀਤਾ ਹੈ।

ਬਾਦਲ ਨੇ ਅੱਜ ਭਾਰਤ ਸਰਕਾਰ ਨੂੰ ਵਿਦੇਸ਼ਾਂ ਵਿਚ ਸਾਰੇ ਭਾਰਤੀ ਮਿਸ਼ਨਾਂ ਅੰਦਰ ਖਾਸ ਕਰਕੇ ਕੈਨੇਡਾ, ਅਮਰੀਕਾ, ਇੰਗਲੈਂਡ, ਇਟਲੀਮ ਸਪੇਨ, ਫਰਾਂਸ, ਜਰਮਨੀ ਵਿਚ ਪੰਜਾਬੀ ਪਰਵਾਸੀਆਂ ਲਈ ਹੈਲਪਲਾਇਨ ਨੰਬਰਾਂ ਵਾਲੇ ਸਪੈਸ਼ਲ ਸੈਲ ਸਥਾਪਤ ਕਰਨ ਲਈ ਆਖਿਆ ਹੈ। ਉਹਨਾਂ ਕਿਹਾ ਕਿ ਮਿਡਲ ਈਸਟ ਵਿਚ ਵੱਡੀ ਗਿਣਤੀ ਵਿਚ ਸਿੱਖ ਰਹਿੰਦੇ ਹਨ, ਉਹਨਾਂ ਦੀ ਮੱਦਦ ਲਈ ਵਿਸ਼ੇਸ਼ ਸੈਲ ਕਾਇਮ ਕੀਤੇ ਜਾਣ।

ਬਾਦਲ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਨੂੰ ਇਹ ਯਕੀਨੀ ਬਣਾਉਣ ਲਈ ਬੇਨਤੀ ਕੀਤੀ ਹੈ ਕਿ ਪਰਵਾਸੀ ਖਾਸ ਕਰਕੇ ਪੰਜਾਬੀ ਇਹ ਮਹਿਸੂਸ ਕਰਨ ਕਿ ਇਸ ਲੋੜ ਦੀ ਘੜੀ ਵਿਚ ਉਹਨਾਂ ਦੇ ਆਪਣੇ ਦੇਸ਼ ਦੀ ਸਰਕਾਰ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਖੜ੍ਹੀ ਹੈ।

ਬਾਦਲ ਨੇ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਵਿਦੇਸ਼ਾਂ ਵਿਚ ਸਾਰੇ ਭਾਰਤੀ ਮਿਸ਼ਨਾਂ ਨੂੰ ਨਿਰਦੇਸ਼ ਦੇਣ ਕਿ ਉਹ ਭਾਰਤੀ ਮੂਲ ਦੇ ਲੋਕਾਂ ਨੂੰ ਸਮੇਂ ਸਿਰ ਮੱਦਦ ਪਹੁੰਚਾਉਣ ਲਈ ਉੱਥੋਂ ਦੇ ਸਿਆਸੀ ਆਗੂਆਂ ਅਤੇ ਭਾਈਚਾਰੇ ਦੇ ਆਗੂਆਂ ਤੋਂ ਇਲਾਵਾ ਐਨਜੀਓਜ਼ ਅਤੇ ਸਮਾਜ ਸੇਵੀ ਸੰਗਠਨਾਂ ਨਾਲ ਸੰਪਰਕ ਕਰਨ।

ਹੋਰ ਪੜ੍ਹੋ: ਹੁਨਰ ਦੇ ਦਮ 'ਤੇ ਬਹੁਤ ਅਗਾਂਹ ਨਿਕਲਣ 'ਚ ਕਾਮਯਾਬ ਹੋਇਆ ਗੁਰਆਲਮਬੀਰ ਐਲਕਸ , ਆਸਟਰੇਲੀਆ 'ਚ ਖੱਟਿਆ ਨਾਮਣਾ

ਸਰਦਾਰ ਬਾਦਲ ਨੇ ਚੰਡੀਗੜ੍ਹ ਵਿਖੇ ਪਾਰਟੀ ਮੁੱਖ ਦਫ਼ਤਰ ਨੂੰ ਇਸ ਬਾਰੇ ਲਗਾਤਾਰ ਸੁਚੇਤ ਰਹਿਣ ਦਾ ਨਿਰਦੇਸ਼ ਦਿੰਦਿਆਂ ਕਿਹਾ ਕਿ ਵਿਦੇਸ਼ਾਂ ਵਿਚ ਪੰਜਾਬੀਆਂ ਦੀ ਸਹਾਇਤਾ ਲਈ ਉਹ 24 ਘੰਟੇ ਹਾਜ਼ਿਰ ਰਹਿਣਗੇ। ਉਹਨਾਂ ਕਿਹਾ ਕਿ ਸਾਨੂੰ ਕਿਸੇ ਵੀ ਸਥਿਤੀ ਵਿਚ ਭਾਰਤ ਸਰਕਾਰ ਅਤੇ ਵਿਦੇਸ਼ਾਂ ਵਿਚ ਭਾਰਤੀ ਮਿਸ਼ਨਾਂ ਦੇ ਜ਼ਰੀਏ ਪੰਜਾਬੀਆਂ ਦੀ ਮੱਦਦ ਲਈ ਤਿਆਰ ਰਹਿਣਾ ਚਾਹੀਦਾ ਹੈ।

ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਪੰਜਾਬੀ ਮੌਜੂਦਾ ਸਮੇਂ ਪੰਜਾਬ ਵਿਚ ਆਏ ਹੋਏ ਹਨ। ਉਹਨਾਂ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਕਿਹਾ ਕਿ ਆਏ ਹੋਏ ਪਰਵਾਸੀਆਂ ਨੂੰ ਜੋ ਵੀ ਮੱਦਦ ਦੀ ਲੋੜ ਹੈ, ਉਹ ਤੁਰੰਤ ਜਾ ਕੇ ਉਹਨਾਂ ਦੀ ਸਹਾਇਤਾ ਕਰਨ। ਉਹਨਾਂ ਕਿਹਾ ਕਿ ਸਾਡੇ ਆਗੂਆਂ ਅਤੇ ਵਰਕਰਾਂ ਨੂੰ ਉਹਨਾਂ ਪਰਵਾਸੀਆਂ ਦੇ ਪਰਿਵਾਰਾਂ ਦੇ ਸੰਪਰਕ ਵਿਚ ਰਹਿਣਾ ਚਾਹੀਦਾ ਹੈ, ਜਿਹੜੇ ਇਸ ਸਮੇਂ ਪੰਜਾਬ ਆਏ ਹੋਏ ਹਨ।

ਸਾਡੇ ਆਗੂਆਂ ਅਤੇ ਵਰਕਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹਨਾਂ ਹਾਲਾਤਾਂ ਵਿਚ, ਜਿੱਥੇ ਬੋਲੋੜਾ ਡਰ ਬਚਣਯੋਗ ਮੁਸੀਬਤਾਂ ਪੈਦਾ ਕਰ ਸਕਦਾ ਹੈ, ਕਿਸੇ ਵੀ ਪਰਵਾਸੀ ਨੂੰ ਕੋਈ ਤਕਲੀਫ਼ ਨਾ ਹੋਵੇ। ਪਰਵਾਸੀਆਂ ਨੂੰ ਜਦੋਂ ਵੀ ਲੋੜ ਹੋਵੇਗੀ, ਅਕਾਲੀ ਆਗੂ ਅਤੇ ਵਰਕਰ ਉਹਨਾਂ ਦੀ ਮੱਦਦ ਲਈ ਹਾਜ਼ਿਰ ਰਹਿਣਗੇ।

ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਸਾਰੇ ਪੰਜਾਬੀਆਂ ਦੀ ਪਾਰਟੀ ਹੈ, ਉਹ ਚਾਹੇ ਕਿਤੇ ਰਹਿੰਦੇ ਹੋਣ ਅਤੇ ਉਹਨਾਂ ਦਾ ਕੋਈ ਵੀ ਧਰਮ ਹੋਵੇ। ਉਹਨਾਂ ਕਿਹਾ ਕਿ ਅਸੀਂ ਉਹਨਾਂ ਸਾਰਿਆਂ ਲਈ ਹਾਜ਼ਿਰ ਰਹਾਂਗੇ, ਨਾ ਸਿਰਫ ਕਿਸੇ ਦੇ ਇਸ ਨਾਮੁਰਾਦ ਬੀਮਾਰੀ ਦੀ ਪੀੜਤ ਹੋਣ ਦੀ ਸਥਿਤੀ ਵਿਚ, ਸਗੋਂ ਇਸ ਬੀਮਾਰੀ ਸਦਕਾ ਪੈਦਾ ਹੋਈ ਦਹਿਸ਼ਤ ਮਗਰੋਂ ਸਮਾਜ ਵਿਚ ਆ ਰਹੀਆਂ ਮੁਸ਼ਕਿਲਾਂ ਦਾ ਟਾਕਰਾ ਕਰਨ ਲਈ ਵੀ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ।

-PTC News

Related Post