ਲੁਧਿਆਣਾ ਜੇਲ੍ਹ ਤੋਂ 200 ਕੈਦੀ ਤੇ ਹਵਾਲਾਤੀ ਟਰਾਂਸਫਰ ਕੀਤੇ ਕੇਂਦਰੀ ਮਾਡਰਨ ਜੇਲ੍ਹ ਫ਼ਰੀਦਕੋਟ

By  Panesar Harinder April 21st 2020 04:17 PM

ਫ਼ਰੀਦਕੋਟ - ਲੁਧਿਆਣਾ ਦੀ ਬੋਸਟਰ ਜੇਲ੍ਹ ਵਿੱਚ ਬੰਦ 200 ਕੈਦੀਆਂ ਅਤੇ ਹਵਾਲਤੀਆਂ ਨੂੰ ਬੀਤੇ ਦਿਨੀਂ ਕੋਰੋਨਾ ਮਹਾਮਾਰੀ ਨੂੰ ਦੇਖਦੇ ਹੋਏ, ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿਖੇ ਟਰਾਂਸਫਰ ਕੀਤਾ ਗਿਆ ਹੈ, ਅਤੇ ਕੋਰੋਨਾ ਤੋਂ ਹੀ ਬਚਾਅ ਰੱਖਣ ਦੇ ਮੰਤਵ ਨਾਲ ਇਨ੍ਹਾਂ ਨੂੰ ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿਖੇ ਇੱਕ ਵੱਖਰੇ ਬਲਕਿ ਵਿੱਚ ਰੱਖੇ ਜਾਣ ਦੀ ਜਾਣਕਾਰੀ ਮਿਲੀ ਹੈ। ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ, ਜਿਸ ਦੀ ਕੈਦੀ ਰੱਖਣ ਦੀ ਸਮਰੱਥਾ 2000 ਤੋਂ ਵੱਧ ਦੀ ਹੈ ਅਤੇ ਇਸ ਵਿੱਚ ਪਹਿਲਾਂ 1600 ਦੇ ਕਰੀਬ ਕੈਦੀ ਬੰਦ ਹਨ, ਹੁਣ ਲੁਧਿਆਣਾ ਤੋਂ ਭੇਜੇ ਗਏ 200 ਕੈਦੀਆਂ ਨਾਲ ਇੱਥੇ ਕੈਦੀਆਂ ਦੀ ਕੁੱਲ ਗਿਣਤੀ 1800 ਹੋ ਗਈ ਹੈ।

ਐਨੀ ਵੱਡੀ ਗਿਣਤੀ ਵਿੱਚ ਕੈਦੀਆਂ ਦੀ ਸਾਂਭ-ਸੰਭਾਲ ਅਤੇ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਜੇਲ੍ਹ ਵਿਭਾਗ ਵਲੋਂ ਕੀਤੇ ਇੰਤਜ਼ਾਮਾਂ ਬਾਰੇ ਕੇਂਦਰੀ ਮਾਡਰਨ ਜੇਲ੍ਹ ਫ਼ਰੀਦਕੋਟ ਦੇ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਲੁਧਿਆਣਾ ਜੇਲ੍ਹ ਤੋਂ ਭੇਜੇ ਗਏ ਸਾਰੇ ਕੈਦੀਆਂ ਨੂੰ ਕੇਂਦਰੀ ਮਾਡਰਨ ਜੇਲ੍ਹ ਦੇ ਇੱਕ ਵੱਖਰੇ ਬਲਾਕ ਵਿੱਚ ਰੱਖਿਆ ਗਿਆ ਹੈ, ਅਤੇ ਇਨ੍ਹਾਂ ਸਾਰਿਆਂ ਨੂੰ ਬਾਕੀ ਕੈਦੀਆਂ ਦੇ ਸੰਪਰਕ ਵਿੱਚ ਨਹੀਂ ਆਉਣ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਜੇਲ੍ਹ ਨੂੰ ਸਮੇਂ ਸਮੇਂ ਤੇ ਸੈਨੇਟਾਇਜ਼ ਕੀਤਾ ਜਾ ਰਿਹਾ ਹੈ ਤਾਂ ਜੋ ਇਥੇ ਬੰਦ ਕੈਦੀਆਂ ਅਤੇ ਹਵਾਲਤੀਆਂ ਨੂੰ ਕੋਰੋਨਾ ਵਾਇਰਸ ਦੀ ਭਿਆਨਕ ਤੇ ਜਾਨਲੇਵਾ ਬਿਮਾਰੀ ਤੋਂ ਬਚਾ ਕੇ ਰੱਖਿਆ ਜਾ ਸਕੇ।

ਛੂਤ ਰਾਹੀਂ ਫ਼ੈਲਣ ਵਾਲੀ ਭਿਆਨਕ ਮਹਾਮਾਰੀ ਕੋਰੋਨਾ ਤੋਂ ਬਚਾਅ ਵਾਸਤੇ ਇਸ ਤੋਂ ਪਹਿਲਾਂ ਚੰਡੀਗੜ੍ਹ ਤੋਂ ਅਜਿਹੀ ਹੀ ਖ਼ਬਰ ਸਾਹਮਣੇ ਆਈ ਸੀ, ਜਿਸ 'ਚ ਪਤਾ ਲੱਗਿਆ ਸੀ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਖੇਡ ਸਟੇਡੀਅਮਾਂ ਨੂੰ ਆਰਜ਼ੀ ਤੌਰ 'ਤੇ ਜੇਲ੍ਹਾਂ ਵਿੱਚ ਤਬਦੀਲ ਕੀਤਾ ਗਿਆ ਸੀ। ਨਾਲ ਹੀ ਇੱਕ ਅਹਿਮ ਗੱਲ ਇਹ ਵੀ ਹੈ ਕਿ ਜਿੱਥੇ ਕੁਝ ਸੂਬਿਆਂ ਵੱਲੋਂ ਕੋਰੋਨਾ ਮੁਕਤ ਹੋਣ ਬਾਰੇ ਕਿਹਾ ਜਾ ਰਿਹਾ ਹੈ, ਉੱਥੇ ਹੀ ਅਨੇਕਾਂ ਥਾਵਾਂ ਤੋਂ ਕੋਰੋਨਾ ਦਾ ਪ੍ਰਕੋਪ ਲਗਾਤਾਰ ਵਧਣ ਬਾਰੇ ਵੀ ਖ਼ਬਰਾਂ ਮਿਲ ਰਹੀਆਂ ਹਨ।

ਪਹਿਲਾਂ ਗੋਆ ਵੱਲੋਂ ਕੋਰੋਨਾ ਮੁਕਤ ਹੋਣ ਦਾ ਐਲਾਨ ਕੀਤਾ ਗਿਆ ਅਤੇ ਫ਼ਿਰ ਮਣੀਪੁਰ ਦੇ ਕੋਰੋਨਾ ਕੇਸ ਸਿਰਫ਼ ਕਰ ਕੇ ਸੂਬੇ ਨੂੰ ਕੋਰੋਨਾ ਮੁਕਤ ਹੋਣ ਦੀ ਜਾਣਕਾਰੀ ਮਿਲੀ। ਹਾਲਾਂਕਿ ਕਿ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਇਸ ਦਾ ਪ੍ਰਕੋਪ ਜ਼ਿਆਦਾ ਤੇਜ਼ ਦੇਖਣ ਨੂੰ ਮਿਲਿਆ ਹੈ ਅਤੇ ਉਨ੍ਹਾਂ ਇਲਾਕਿਆਂ ਨੂੰ ਹੌਟਸਪੌਟ ਕਰਾਰ ਦੇ ਕੇ ਉੱਥੇ ਲੋਕਾਂ ਨੂੰ ਵੱਧ ਸਾਵਧਾਨੀਆਂ ਤੇ ਬਚਾਅ ਰੱਖਣ ਲਈ ਵਾਰ-ਵਾਰ ਪ੍ਰੇਰਿਆ ਜਾ ਰਿਹਾ ਹੈ।

Related Post