ਸ਼੍ਰੋਮਣੀ ਅਕਾਲੀ ਦਲ ਦੇ ਆਈ.ਟੀ. ਵਿੰਗ ਅਤੇ ਪੁਲਿਸ ਵੱਲੋਂ ਸਫ਼ਾਈ ਸੇਵਕਾਂ ਦਾ ਸਨਮਾਨ

By  Panesar Harinder April 7th 2020 05:50 PM

ਕੋਰੋਨਾ ਮਹਾਮਾਰੀ ਸਾਰੀ ਦੁਨੀਆ ਲਈ ਬੇਸ਼ੱਕ ਬਹੁਤ ਘਾਤਕ ਸਾਬਤ ਹੋ ਰਹੀ ਹੈ, ਪਰ ਇਸ ਦਾ ਇੱਕ ਪੱਖ ਇਹ ਵੀ ਹੈ ਕਿ ਹਰ ਆਮ ਤੇ ਖ਼ਾਸ ਨੂੰ ਹੁਣ ਆਪਣੀ ਅਤੇ ਆਲ਼ੇ-ਦੁਆਲੇ ਦੀ ਸਫ਼ਾਈ ਦੀ ਅਹਿਮੀਅਤ ਦਾ ਮਹੱਤਵ ਪਤਾ ਲੱਗ ਗਿਆ ਹੈ। ਇਸੇ ਗੱਲ ਨੂੰ ਮੁੱਖ ਰੱਖਦੇ ਹੋਏ ਨਵਾਂਸ਼ਹਿਰ ਅਤੇ ਬਰਨਾਲਾ ਵਿਖੇ ਸਫ਼ਾਈ ਕਰਮਚਾਰੀਆਂ ਦਾ ਸਨਮਾਨ ਕੀਤਾ ਗਿਆ।

ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪੁਲਿਸ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਹੈਲਪਿੰਗ ਹੈਂਡ ਸੰਸਥਾ ਵੱਲੋਂ ਐੱਸ.ਐੱਸ.ਪੀ. ਅਲਕਾ ਮੀਨਾ ਦੀ ਅਗਵਾਈ ਹੇਠ ਸਫ਼ਾਈ ਕਰਮਚਾਰੀਆਂ ਦਾ ਸਨਮਾਨ ਕੀਤਾ ਗਿਆ। ਸਥਾਨਕ ਨਗਰ ਕੌਂਸਲ ਦਫ਼ਤਰ ਵਿਖੇ ਕੀਤੇ ਗਏ 130 ਸਫ਼ਾਈ ਕਰਮਚਾਰੀਆਂ ਦੇ ਸਨਮਾਨ ਸਮਾਰੋਹ 'ਚ ਸਾਵਧਾਨੀਆਂ ਦਾ ਬਕਾਇਦਾ ਧਿਆਨ ਰੱਖਿਆ ਗਿਆ।

ਉਨ੍ਹਾਂ ਨੂੰ ਇੱਕ-ਇੱਕ ਮੀਟਰ ਦੇ ਬਰਾਬਰ ਫ਼ੈਸਲੇ ਦੇ ਖੜ੍ਹਾਇਆ ਗਿਆ ਤੇ ਸਭ ਦੇ ਗਲ਼ਾਂ ਵਿੱਚ ਹਾਰ ਪਾਏ ਗਏ। ਇਸ ਮੌਕੇ ਹਾਜ਼ਰ ਹੋਏ ਲੋਕਾਂ ਜਿਨ੍ਹਾਂ ਵਿੱਚ ਵਿਧਾਇਕ ਸ. ਅੰਗਦ ਸਿੰਘ ਸਮੇਤ ਹੋਰ ਵੀ ਸਿਆਸੀ ਹਸਤੀਆਂ ਮੌਜੂਦ ਸਨ, ਸਭ ਨੇ ਇੱਕ ਮਿੰਟ ਲਈ ਤਾੜੀਆਂ ਵਜਾ ਕੇ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ, ਹੌਸਲਾ ਅਫ਼ਜ਼ਾਈ ਕੀਤੀ ਗਈ। ਇਨ੍ਹਾਂ 130 ਸਫ਼ਾਈ ਮੁਲਾਜ਼ਮਾਂ ਵਿੱਚੋਂ ਹਰ ਇੱਕ ਨੂੰ ਇੱਕ-ਇੱਕ ਜੋੜਾ ਬੂਟਾਂ ਦਾ ਵੀ ਦਿੱਤਾ ਗਿਆ।

ਸੰਬੋਧਨ ਕਰਦੇ ਹੋਏ ਐੱਸ.ਐੱਸ.ਪੀ. ਅਲਕਾ ਮੀਨਾ ਨੇ ਕਿਹਾ ਕਿ ਸਫ਼ਾਈ ਕਰਮਚਾਰੀ ਇਸ ਔਖੇ ਸਮੇਂ 'ਚ ਬੜੀ ਵੱਡੀ ਜ਼ਿੰਮੇਵਾਰੀ ਨਿਭਾ ਰਹੇ ਹਨ ਅਤੇ ਉਨ੍ਹਾਂ ਦਾ ਕਾਰਜ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ Covid-19 ਤੋਂ ਬਚਾਅ ਅਤੇ ਇਸ ਦੀ ਰੋਕਥਾਮ ਲਈ ਸਫ਼ਾਈ ਮੁੱਢਲਾ ਤੱਤ ਹੈ ਅਤੇ ਹਸਪਤਾਲਾਂ ਤੇ ਆਈਸੋਲੇਸ਼ਨ ਵਾਰਡਾਂ ਵਿਖੇ ਸਫ਼ਾਈ ਦੇ ਪ੍ਰਬੰਧ ਬਣਾਏ ਰੱਖਣ ਸਦਕਾ ਇਨ੍ਹਾਂ ਦੀ ਭੂਮਿਕਾ ਬੜੀ ਅਹਿਮ ਹੈ ਅਤੇ ਇਨ੍ਹਾਂ ਉੱਦਮਾਂ ਲਈ ਜ਼ਿਲ੍ਹਾ ਪੁਲਿਸ ਨੇ ਇਨ੍ਹਾਂ ਦਾ ਇਹ ਸਨਮਾਨ ਕੀਤਾ ਹੈ।

ਵਿਧਾਇਕ ਸ. ਅੰਗਦ ਸਿੰਘ ਨੇ ਕਿਹਾ ਕਿ ਕੋਰੋਨਾ ਦੇ ਚੱਲਦਿਆਂ ਸਥਾਨਕ ਪ੍ਰਸ਼ਾਸਨ, ਸਫ਼ਾਈ ਸੇਵਕ ਅਤੇ ਪੁਲਿਸ ਵਿਭਾਗ ਜਿਸ ਤਨਦੇਹੀ ਨਾਲ ਆਪਣੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ, ਉਸ ਲਈ ਇਨ੍ਹਾਂ ਸਾਰਿਆਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਉਹ ਘੱਟ ਹੈ। ਵਿਵਸਥਾ ਬਣਾਈ ਰੱਖਣ ਦੇ ਨਾਲ ਨਾਲ ਲੰਗਰ ਤੇ ਰਾਸ਼ਨ ਪਹੁੰਚਾਉਣ ਦੀ ਸੇਵਾ ਲਈ ਪੁਲਿਸ ਮੁਲਾਜ਼ਮਾਂ ਦਾ ਸ਼ੁਕਰਾਨਾ ਕਰਦੇ ਹੋਏ, ਉਨ੍ਹਾਂ ਸਫ਼ਾਈ ਕਰਮਚਾਰੀਆਂ ਦੇ ਸਨਮਾਨ ਅਤੇ ਹੌਸਲਾ ਅਫ਼ਜ਼ਾਈ ਦੇ ਇਸ ਕਾਰਜ ਦੀ ਵੀ ਉਨ੍ਹਾਂ ਨੇ ਬੜੀ ਸ਼ਲਾਘਾ ਕੀਤੀ।

ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਆਈ.ਟੀ. ਵਿੰਗ ਵੱਲੋਂ ਵੀ ਬਰਨਾਲਾ ਵਿਖੇ ਸਫ਼ਾਈ ਮੁਲਾਜ਼ਮਾਂ ਦਾ ਸਨਮਾਨ ਕੀਤਾ ਗਿਆ। ਸਫ਼ਾਈ ਕਰਮਚਾਰੀਆਂ ਦੇ ਗਲ਼ਾਂ ਵਿੱਚ ਨੋਟਾਂ ਦੇ ਹਾਰ ਪਾਏ ਗਏ ਅਤੇ ਉਨ੍ਹਾਂ ਨੂੰ ਰਾਸ਼ਨ ਤੇ ਹੋਰ ਰਾਹਤ ਸਮੱਗਰੀ ਵੰਡੀ ਗਈ। ਸਫ਼ਾਈ ਸੇਵਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਅਤੇ ਧੰਨਵਾਦ ਕਰਦੇ ਹੋਏ ਉਨ੍ਹਾਂ ਆਪਣੀ ਜ਼ਿੰਮੇਵਾਰੀ 'ਚ ਹਰ ਪੱਖ ਤੋਂ ਪੂਰੇ ਉੱਤਰਨ ਦਾ ਨਿਸ਼ਚਾ ਦੁਹਰਾਇਆ।

Related Post