ਮੰਦਬੁੱਧੀ ਧੀ ਨੂੰ ਗ਼ਰੀਬ ਮਾਪੇ ਸੰਗਲ਼ ਪਾ ਕੇ ਬੰਨ੍ਹਣ ਲਈ ਮਜਬੂਰ, ਮਦਦ ਦੀ ਗੁਹਾਰ

By  Panesar Harinder September 1st 2020 03:23 PM -- Updated: September 1st 2020 04:23 PM

ਤਰਨ ਤਾਰਨ - ਇੱਕ ਤਾਂ ਅੱਤ ਦੀ ਗ਼ਰੀਬੀ ਤੇ ਉੱਪਰੋਂ ਰੱਬ ਦੀ ਕਰੋਪੀ ਦਾ ਸ਼ਿਕਾਰ ਹੋਈ ਜਵਾਨ ਧੀ ! ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਘਰਿਆਲਾ ਦੇ ਇੱਕ ਗ਼ਰੀਬ ਉੱਤੇ ਇਸ ਵੇਲੇ ਜਿਵੇਂ ਦੁਖਾਂ ਦਾ ਪਹਾੜ ਟੁੱਟ ਪਿਆ ਹੋਵੇ, ਕਿਉਂ ਕਿ ਇੱਕ ਤਾਂ ਘਰ ਦੀ ਆਰਥਿਕ ਹਾਲਤ ਕੋਈ ਬਹੁਤੀ ਚੰਗੀ ਨਹੀਂ, ਕੋਰੋਨਾ ਮਹਾਮਾਰੀ ਕਾਰਨ ਕੰਮ-ਕਾਰ 'ਚ ਪਹਿਲਾਂ ਨਾਲੋਂ ਵੱਧ ਦਿੱਕਤਾਂ ਅਤੇ ਇਲਾਜ ਕਰਵਾਉਣ ਦੀ ਸਮਰੱਥਾ ਨਾ ਹੋਣ ਕਰਕੇ ਜਵਾਨ ਧੀ ਨੂੰ ਮੌਤ ਦੇ ਮੂੰਹ ਵਿੱਚ ਜਾਂਦੇ ਦੇਖ, ਚਾਹੁੰਦੇ ਹੋਏ ਵੀ ਕੁਝ ਕਰ ਨਾ ਸਕਣ ਵਾਲੇ ਬੇਬਸ ਮਾਪੇ। Daughter tied with chains Tarn Taran ਗ਼ਰੀਬ ਪਰਿਵਾਰ ਦੀ ਇਸ ਰੋਗੀ ਧੀ ਵੀਰਪਾਲ ਕੌਰ ਦੇ ਪਿਤਾ ਦੇਸਾ ਸਿੰਘ ਨੇ ਦੱਸਿਆ ਕਿ 3 ਸਾਲ ਪਹਿਲਾਂ ਉਸ ਨੇ ਬੜੇ ਹੀ ਰੀਝਾਂ 'ਤੇ ਚਾਵਾਂ ਨਾਲ ਆਪਣੀ ਧੀ ਦਾ ਵਿਆਹ ਅੰਨਗੜ੍ਹ ਅੰਮ੍ਰਿਤਸਰ ਵਿਖੇ ਕੀਤਾ ਸੀ, ਪਰ ਵਿਆਹ ਦੇ 2 ਮਹੀਨੇ ਬਾਅਦ ਹੀ ਅਚਾਨਕ ਉਸ ਦੀ ਧੀ ਮੰਦਬੁੱਧੀ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਸਾਡੇ ਘਰ ਛੱਡ ਗਿਆ। ਇਸ ਦੀ ਦਿਮਾਗੀ ਹਾਲਤ ਐਨੀ ਖ਼ਰਾਬ ਹੈ ਕਿ ਸਾਂਭ-ਸੰਭਾਲ ਲਈ ਸਾਨੂੰ ਸੰਗਲਾਂ ਨਾਲ ਬੰਨ੍ਹ ਕੇ ਰਾਖੀ ਕਰਨੀ ਪੈਂਦੀ ਹੈ। ਮਾਂ-ਬਾਪ ਹੋਣ ਦੇ ਨਾਤੇ ਜਦੋਂ ਕਿਤੇ ਅਸੀਂ ਇਸ ਨੂੰ ਸੰਗਲ਼ਾਂ ਤੋਂ ਕੁਝ ਦੇਰ ਲਈ ਆਜ਼ਾਦੀ ਦੇ ਦਿੰਦੇ ਹਾਂ, ਤਾਂ ਉਹ ਭੱਜ ਜਾਂਦੀ ਹੈ, ਅਤੇ ਬੜੀ ਜੱਦੋ-ਜਹਿਦ ਨਾਲ ਇਸ ਨੂੰ ਲੱਭ ਕੇ ਲਿਆਉਣਾ ਪੈਂਦਾ ਹੈ, ਤੇ ਮੁੜ ਸੰਗਲ਼ਾਂ ਨਾਲ ਬੰਨ੍ਹਣਾ ਪੈਂਦਾ ਹੈ। Daughter tied with chains Tarn Taran ਬਿਮਾਰ ਲੜਕੀ ਦੀ ਮਾਂ ਰਾਣੀ ਕੌਰ ਨੇ ਦੱਸਿਆ ਕਿ ਉਸ ਦੇ 3 ਬੱਚੇ ਹਨ ਜਿਨ੍ਹਾਂ ਵਿੱਚ 2 ਮੁੰਡੇ ਤੇ 1 ਕੁੜੀ ਹੈ। ਉਸ ਨੇ ਕਿਹਾ ਕਿ ਇਸ ਦਿਮਾਗੀ ਬਿਮਾਰ ਧੀ ਦੇ ਇਲਾਜ ਲਈ ਅਸੀਂ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਏ ਪਏ ਹਾਂ। ਉਸ ਨੇ ਦੱਸਿਆ ਕਿ ਮੇਰਾ ਪਤੀ ਰਿਕਸ਼ਾ ਚਾਲਕ ਹੈ ਤੇ ਰਿਕਸ਼ਾ ਚਲਾਉਣ ਦੀ ਸੀਮਤ ਆਮਦਨੀ ਕਾਰਨ ਘਰ ਦਾ ਗੁਜ਼ਾਰਾ ਬਣੀ ਮੁਸ਼ਕਲ ਨਾਲ ਹੁੰਦਾ ਹੈ, ਅਤੇ ਇਨ੍ਹਾਂ ਹਾਲਾਤਾਂ 'ਚ ਅਸੀਂ ਇਸ ਕੁੜੀ ਦੇ ਦਵਾਈ ਦੇ ਬੋਝ ਥੱਲੇ ਦੱਬੇ ਪਏ ਹਾਂ। Daughter tied with chains Tarn Taran ਰਾਣੀ ਕੌਰ ਨੇ ਕਿਹਾ ਕਿ ਉਸ ਦੀ ਧੀ ਵੀਰਪਾਲ ਕੌਰ ਕਈ ਵਾਰ ਤਾਂ ਰੋਟੀ ਖਾ ਲੈਂਦੀ ਹੈ, ਪਰ ਬਹੁਤ ਵਾਰ ਉਹ ਕਈ-ਕਈ ਦਿਨ ਭੁੱਖੀ ਰਹਿੰਦੀ ਹੈ। ਦਿਮਾਗੀ ਤੌਰ 'ਤੇ ਗੰਭੀਰ ਰੋਗੀ ਵੀਰਪਾਲ ਕੌਰ ਦੇ ਮਾਪਿਆਂ ਦੀ ਸਰਕਾਰ, ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਹੈ ਕਿ ਗੰਭੀਰ ਮਾਨਸਿਕ ਰੋਗ ਦਾ ਸ਼ਿਕਾਰ ਹੋਈ ਉਨ੍ਹਾਂ ਦੀ ਧੀ ਦੇ ਇਲਾਜ ਲਈ ਮਦਦ ਕੀਤੀ ਜਾਵੇ।

Related Post