ਟੀ.ਐਸ. ਸ਼ੇਰਗਿੱਲ ਵੱਲੋਂ ਰੱਖਿਆ ਸੇਵਾਵਾਂ ਸਬੰਧੀ ਕਿਤਾਬਚਾ ਜਾਰੀ

By  Joshi November 24th 2017 08:06 PM

ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਰਿਟਾ.) ਤਜਿੰਦਰ ਸਿੰਘ ਸ਼ੇਰਗਿੱਲ ਨੇ ਵੀਰਵਾਰ ਦੀ ਸ਼ਾਮ ਨੂੰ ਸਾਬਕਾ ਫੌਜੀਆਂ ਦੀ ਭਲਾਈ ਸਕੀਮਾਂ ਬਾਰੇ ਇਕ ਕਿਤਾਬਚਾ ਜਾਰੀ ਕੀਤਾ।

ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਹੋਏ ਇਸ ਕਿਤਾਬਚੇ ਵਿਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਰੱਖਿਆ ਭਲਾਈ ਸਕੀਮਾਂ ਦੀ ਸੂਚੀ ਹੈ। ਇਸ ਕਿਤਾਬਚੇ ਨੂੰ ਰਲੀਜ਼ ਕਰਨ ਮੌਕੇ ਸੀ.ਐਮ.ਡੀ ਪੈਸਕੋ ਮੇਜਰ ਜਨਰਲ (ਰਿਟਾ.) ਐਸ.ਪੀ.ਐਸ. ਗਰੇਵਾਲ ਅਤੇ ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਬਿ੍ਰਗੇਡੀਅਰ (ਰਿਟਾ.) ਜੇ.ਐਸ. ਅਰੋੜਾ ਤੋਂ ਇਲਾਵਾ ਅਨੇਕਾਂ ਸੀਨੀਅਰ ਫੌਜ ਅਧਿਕਾਰੀ ਮੌਜੂਦ ਸਨ।

ਅੱਜ ਇੱਥੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਕਿਤਾਬਚਾ ਰੱਖਿਆ ਸੇਵਾਵਾਂ ਭਲਾਈ ਵਿਭਾਗ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ ਜਿਸ ਦਾ ਉਦੇਸ਼ ਮੁੱਖ ਰੂਪ ਵਿੱਚ ਸਾਬਕਾ ਫੌਜੀਆਂ, ਜੰਗੀ ਵਿਧਵਾਵਾਂ ਅਤੇ ਉਨਾਂ ਦੇ ਆਸ਼ਰਤਾਂ ਲਈ ਵੱਖ ਵੱਖ ਕਲਿਆਣਕਾਰੀ ਸਕੀਮਾਂ ਬਾਰੇ ਵਿਆਪਕ ਜਾਣਕਾਰੀ ਮੁਹੱਈਆ ਕਰਵਾਉਣਾ ਹੈ।

ਲੈਫਟੀਨੈਂਟ ਜਨਰਲ ਸ਼ੇਰਗਿੱਲ ਨੇ ਕਿਹਾ ਕਿ ਇਹ ਕਿਤਾਬਚਾ ਸਾਬਕਾ ਫੌਜੀਆਂ ਦੇ ਨਾਲ ਨਾਲ ਸੇਵਾ ਕਰ ਰਹੇ ਫੌਜੀਆਂ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਵਿਚ ਜਾਗਰੂਕਤਾ ਪੈਦਾ ਕਰੇਗਾ ਜਿਸ ਦੇ ਨਾਲ ਉਹ ਸੂਬਾਈ ਅਤੇ ਕੇਂਦਰ ਸਰਕਾਰ ਦੀਆਂ ਮੌਜੂਦਾ ਕਲਿਆਣਕਾਰੀ ਸਕੀਮਾਂ ਦਾ ਪੂਰਾ ਲਾਭ ਲੈਣ ਲਈ ਸਮਰੱਥ ਹੋਣਗੇ। ਉਨਾਂ ਆਸ ਪ੍ਰਗਟ ਕੀਤੀ ਕਿ ਭਵਿੱਖ ਵਿਚ ਸੂਬੇ ਦੇ ਬਹਾਦਰ ਫੌਜੀ ਸੇਵਾ ਦੌਰਾਨ ਨਿਰੰਤਰ ਆਪਣੀ ਵਚਨਬੱਧਤਾ ਨਿਭਾਉਂਦੇ ਰਹਿਣਗੇ ਅਤੇ ਉਹ ਆਪਣੀ ਮਾਤ ਭੂਮੀ ਦੀ ਅੰਦਰੂਨੀ ਅਤੇ ਬਾਹਰੀ ਹਲਿਆਂ ਤੋਂ ਪੂਰੇ ਸਮਰਪਣ, ਸੰਜੀਦਗੀ ਅਤੇ ਇਮਾਨਦਾਰੀ ਨਾਲ ਰੱਖਿਆ ਕਰਦੇ ਰਹਿਣਗੇ।

ਕਿਤਾਬਚੇ ਦਾ ਇਹ ਸੋਧਿਆ ਅਤੇ ਨਵਾਂ ਐਡੀਸ਼ਨ ਸੂਬੇ ਭਰ ਦੇ ਹਰ ਜ਼ਿਲੇ ਵਿਚ ਰੱਖਿਆ ਸੇਵਾਵਾਂ ਭਲਾਈ ਅਫਸਰ (ਡੀ.ਡੀ.ਐਸ.ਡਬਲਯੂ.ਓ) ਦੇ ਦਫਤਰਾਂ ਵਿਚ ਉਪਲਬਧ ਕਰ ਦਿੱਤਾ ਗਿਆ ਹੈ। ਸਾਬਕਾ ਸੈਨਿਕਾਂ ਨੂੰ ਡੀ.ਡੀ.ਐਸ.ਡਬਲਯੂ.ਓ ਦੇ ਦਫਤਰਾਂ ਤੋਂ ਮੁਫਤ ਕਿਤਾਬਚੇ ਦੀ ਇਕ ਕਾਪੀ ਮਿਲ ਸਕਦੀ ਹੈ।

—PTC News

Related Post