ਡੇਰਾ ਬਾਬਾ ਨਾਨਕ : ਸ੍ਰੀ ਗੁਰੂ ਨਾਨਕ ਦੇਵ ਨੇ ਉਸ ਸਮੇਂ ਜ਼ੁਲਮ ਦੇ ਖਿਲਾਫ਼ ਆਵਾਜ਼ ਕੀਤੀ ਸੀ ਬੁਲੰਦ : ਪ੍ਰਕਾਸ਼ ਸਿੰਘ ਬਾਦਲ

By  Shanker Badra November 9th 2019 11:46 AM -- Updated: November 9th 2019 11:51 AM

ਡੇਰਾ ਬਾਬਾ ਨਾਨਕ : ਸ੍ਰੀ ਗੁਰੂ ਨਾਨਕ ਦੇਵ ਨੇ ਉਸ ਸਮੇਂ ਜ਼ੁਲਮ ਦੇ ਖਿਲਾਫ਼ ਆਵਾਜ਼ ਕੀਤੀ ਸੀ ਬੁਲੰਦ : ਪ੍ਰਕਾਸ਼ ਸਿੰਘ ਬਾਦਲ:ਡੇਰਾ ਬਾਬਾ ਨਾਨਕ : ਭਾਰਤ ਦੀਆਂ ਸਿੱਖ ਸੰਗਤਾਂ ਵੱਲੋਂ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਪਹਿਲੀ ਪਾਤਸ਼ਾਹੀ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਭਾਰਤ -ਪਾਕਿਸਤਾਨ ਵੱਲੋਂ ਖੋਲ੍ਹਿਆ ਜਾ ਰਿਹਾ ਹੈ, ਜਿਸਦੇ ਸਬੰਧ 'ਚ ਅੱਜ ਦੋਵੇਂ ਪਾਸੇ ਵੱਡੇ ਸਮਾਗਮ ਵੀ ਕਰਵਾਏ ਜਾ ਰਹੇ ਹਨ। ਅੱਜ ਜਦੋਂ ਭਾਰਤ ਤੋਂ ਸ਼ਰਧਾਲੂਆਂ ਦਾ ਪਹਿਲਾ ਜੱਥਾ ਰਵਾਨਾ ਹੋਵੇਗਾ ਤਾਂ 72 ਸਾਲਾਂ ਤੋਂ ਕੀਤੀ ਜਾ ਰਹੀ ਸਿੱਖਾਂ ਦੀ ਅਰਦਾਸ ਪੂਰੀ ਹੋ ਜਾਵੇਗੀ। ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜੇ ਗੁਰੂਧਾਮ ਦੇ ਦਰਸ਼ਨ ਕਰ ਕੇ ਉਨ੍ਹਾਂ ਦੇ ਨੇਤਰ ਨਿਹਾਲ ਹੋ ਸਕਣਗੇ।

ਇਸ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਪੁਰਖ ਦੀ ਕਿਰਪਾ ਨਾਲ ਸਿੱਖ ਸੰਗਤਾਂ ਦੀ ਅੱਜ ਅਰਦਾਸ ਪੂਰੀ ਹੋਣ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਇਹ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹ ਰਿਹਾ ਹੈ ,ਓਥੇ ਹੀ ਸ੍ਰੀ ਗੁਰੂ ਨਾਨਕ ਦੇਵ ਦਾ ਉਪਦੇਸ਼ ਅਪਨਾਉਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਦੇ ਹਾਕਮਾਂ ਵੱਲੋਂ ਲੋਕਾਂ 'ਤੇ ਬੜਾ ਜ਼ਾਬਰ -ਜ਼ੁਲਮ ਕੀਤਾ ਜਾ ਰਿਹਾ ਸੀ ਅਤੇ ਕੋਈ ਵੀ ਹਾਕਮਾਂ ਦੇ ਖਿਲਾਫ਼ ਆਵਾਜ਼ ਨਹੀਂ ਉਠਾ ਸਕਦਾ ਸੀ।

ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਨੇ ਜ਼ੁਲਮ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ ਸੀ ਅਤੇ ਉਸ ਦਾ ਵਿਰੋਧ ਕੀਤਾ ਸੀ। ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਬਾਬੇ ਨਾਨਕ ਨੇ ਕਿਰਤ ਕਰੋ ,ਵੰਡ ਸਕੋ ਦਾ ਸੁਨੇਹਾ ਲੋਕਾਂ ਨੂੰ ਦਿੱਤਾ ਸੀ। ਉਨ੍ਹਾਂ ਨੇ ਜ਼ੁਲਮ ਦੇ ਖਿਲਾਫ਼ ਲੜਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਸੀ ਅਤੇ ਸਾਰੇ ਧਰਮਾਂ ਦਾ ਸਤਿਕਾਰ ਅਤੇ ਆਪਸੀ ਪਿਆਰ ਬਣਾਕੇ ਰੱਖਣ ਲਈ ਕਿਹਾ ਸੀ।

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿਉਸ ਸਮੇਂ ਔਰਤਾਂ ਦਾ ਸਤਿਕਾਰ ਨਹੀਂ ਸੀ ਅਤੇ ਬਾਬੇ ਨਾਨਕ ਨੇ ਹੀ ਔਰਤਾਂ ਨੂੰ ਮਾਣ -ਸਨਮਾਨ ਦਿਵਾਇਆ ਸੀ। ਉਨ੍ਹਾਂ ਦੀ ਸਾਰੀ ਫਿਲਾਸਫੀ ਅਤੇ ਉਪਦੇਸ਼ ਅਪਨਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਅੱਜ ਵੀ ਆਪਣੇ ਧਰਮਾਂ ਪ੍ਰਤੀ ਲੋਕਾਂ ਵਿੱਚ ਲਕੀਰਾਂ ਪੈ ਜਾਂਦੀਆਂ ਹਨ ਪਰ ਖਤਮ ਹੋਣੀਆਂ ਚਾਹੀਦੀਆਂ ਹਨ। ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਬੇ ਨਾਨਕ ਦੇ ਰਸਤੇ 'ਤੇ ਚਲਦੇ ਹਨ ਅਤੇ ਪੰਜਾਬ ਦੇ ਹਰ ਮਸਲੇ 'ਤੇ ਗੰਭੀਰਤਾ ਨਾਲ ਵਿਚਾਰ ਕਰਕੇ ਮਸਲਾ ਹੱਲ ਕਰਦੇ ਹਨ।

ਇਸ ਮੌਕੇ ਸ਼ਿਕਾਰ ਮਾਛੀਆਂ ਵਿਖੇ ਹੋ ਰਹੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸੰਬੰਧੀ ਸਮਾਗਮ 'ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ , ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ , ਰਾਜਪਾਲ ਪੰਜਾਬ ਵੀ.ਪੀ .ਸਿੰਘ ਬਦਨੌਰ , ਗੁਰਦਾਸਪੁਰ ਤੋਂ ਸੰਸਦ ਮੈਂਬਰ ਸਨੀ ਦਿਓਲ ,  ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਮੌਜੂਦ ਹਨ।

ਜ਼ਿਕਰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇਤਿਹਾਸਕ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਅੱਜ ਭਾਰਤ ਤੇ ਪਾਕਿਸਤਾਨ ਦੋਵੇਂ ਪਾਸੇ ਹੋਣ ਜਾ ਰਿਹਾ ਹੈ। ਜਿਸ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਭਾਰਤ ਵਾਲੇ ਪਾਸੇ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਨ ਪੁੱਜੇ ਰਹੇ ਹਨ ਅਤੇ ਸ਼ਰਧਾਲੂਆਂ ਦਾ ਪਹਿਲਾਂ ਜਥਾ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਵੇਗਾ।

-PTCNews

Related Post