ਦਿੱਲੀ ਗੁਰਦੁਆਰਾ ਕਮੇਟੀ ਲਗਾਏਗੀ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਜੱਸਾ ਸਿੰਘ ਰਾਮਗੜੀਆ ਦੇ ਕਾਂਸੀ ਦੇ ਬਣੇ ਵੱਡੇ ਬੁੱਤ

By  Joshi September 23rd 2018 07:07 PM

ਦਿੱਲੀ ਗੁਰਦੁਆਰਾ ਕਮੇਟੀ ਲਗਾਏਗੀ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਜੱਸਾ ਸਿੰਘ ਰਾਮਗੜੀਆ ਦੇ ਕਾਂਸੀ ਦੇ ਬਣੇ ਵੱਡੇ ਬੁੱਤ

ਨਵੀਂ ਦਿੱਲੀ, 23 ਸਤੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਨੇ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਜੱਸਾ ਸਿੰਘ ਰਾਮਗੜੀਆ ਦੇ ਕਾਂਸੀ ਦੇ ਬਣੇ ਵੱਡੇ ਬੁੱਤ ਲਗਾਉਣ ਦਾ ਫੈਸਲਾ ਕੀਤਾ ਹੈ।

ਤਿੰਨਾਂ ਜਰਨੈਲਾਂ ਦਾ ਮਹਾਨ ਇਤਿਹਾਸ ਹੈ ਪਰ ਇਸ ਤੋਂ ਅਜੋਕੀ ਪੀੜੀ ਜਾਣੂ ਨਹੀਂ ਹੈ।

ਦੱਸਣਯੋਗ ਹੈ ਕਿ ਬਾਬਾ ਬਘੇਲ ਸਿੰਘ ਦੀ ਅਗਵਾਈ ਹੇਠ, ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜੀਆ ਤੇ ਹੋਰ ਸਿੱਖ ਜਰਨੈਲਾਂ ਨੇ 11 ਮਾਰਚ 1783 ਨੂੰ ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜੇ ਨੂੰ ਹਰਾ ਕੇ ਲਾਲ ਕਿਲੇ 'ਤੇ ਆਪਣਾ ਪਰਚਮ ਲਹਿਰਾਇਆ ਸੀ। ਇਹ ਵਿਦੇਸ਼ੀ ਸ਼ਾਸਕਾਂ 'ਤੇ ਭਾਰਤੀਆਂ ਦੀ ਪਹਿਲੀ ਜਿੱਤ ਸੀ ਜਿਸਦਾ ਹਰ ਪਾਸੇ ਸਵਾਗਤ ਹੋਇਆ ਸੀ।

ਇਹ ਵੀ ਦਿਲਚਸਪੀ ਵਾਲੀ ਗੱਲ ਹੈ ਕਿ ਦਿੱਲੀ ਵਿਚ ਕਈ ਥਾਵਾਂ ਇਸ ਜਿੱਤ ਦੀ ਗਵਾਹੀ ਭਰਦੀਆਂ ਹਨ ਜਿਸ ਵਿਚ ਤੀਸ ਹਜ਼ਾਰੀ ਕੋਰਟ ਜਿਥੇ ਸਿੱਖ ਫੌਜ ਦੇ 30000 ਘੋੜਸਵਾਰ ਖੜੇ ਹੁੰਦੇ ਹਨ, ਪੁੱਲ ਮਿਠਾਈ ਜਿਥੇ ਸਿੱਖ ਸੈਨਿਕ ਲੋਕਾਂ ਨੂੰ ਮਿਠਾਈ ਵੰਡਦੇ ਸਨ, ਮੋਰੀ ਗੇਟ ਉਹ ਮੋਰੀ ਵਾਲਾ ਖੇਤਰ ਜੋ ਲਾਲ ਕਿਲੇ ਵਿਚ ਸਿੱਖ ਸੈਨਿਕਾਂ ਨੇ ਕੱਢੀ ਸੀ ਤਾਂ ਕਿ ਅੰਦਰ ਦਾਖਲ ਹੋਇਆ ਜਾ ਸਕੇ।

ਸਿੱਖ ਫੌਜਾਂ ਦਿੱਲੀ ਵਿਚ 10 ਮਹੀਨੇ ਰਹੀਆਂ। ਬਾਬਾ ਬਘੇਲ ਸਿੰਘ ਨੇ ਦਿੱਲੀ ਵਿਚ ਸਿੱਖ ਗੁਰੂ ਸਾਹਿਬਾਨ ਦੇ ਨਾਲ ਜੁੜੀਆਂ ਥਾਵਾਂ ਲੱਭ ਕੇ ਉਹਨਾਂ ਥਾਵਾਂ 'ਤੇ ਇਤਿਹਾਸਕ ਗੁਰਧਾਮਾਂ ਦੀ ਉਸਾਰੀ ਕਰਵਾਈ ਜਿਹਨਾਂ ਵਿਚ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਰਕਾਬ ਗੰਜ ਸਾਹਿਬ ਤੇ ਗੁਰਦੁਆਰਾ ਸੀਸਗੰਜ ਸਾਹਿਬ ਆਦਿ ਸ਼ਾਮਲ ਹਨ।

ਮੁਗਲ ਕਾਲ, ਬਰਤਾਨਵੀ ਰਾਜ ਤੇ ਆਜ਼ਾਦੀ ਦੇ ਪਹਿਲਾਂ ਦੇ ਸਮੇਂ ਦੌਰਾਨ ਸਿਰਫ ਇਕ ਵਾਰ ਹੀ ਦਿੱਲੀ 'ਦੇ ਫਤਿਹ ਹਾਸਲ ਕੀਤੀ ਗਈ ਸੀ ਜੋ ਇਹਨਾਂ ਤਿੰਨ ਮਹਾਨ ਜਰਨੈਲਾਂ ਦੀ ਅਗਵਾਈ ਹੇਠ ਸਿੱਖ ਸੈਨਿਕਾਂ ਨੇ ਕੀਤੀ ਸੀ।

ਡੀ ਐਸ ਜੀ ਐਮ ਸੀ ਨੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ 300 ਸਾਲਾ ਜਨਮ ਦਿਵਸ ਮੌਕੇ ਇਹ ਬੁੱਤ ਦਿੱਲੀ ਵਿਚ ਲਾਉਣ ਦਾ ਫੈਸਲਾ ਕੀਤਾ ਹੈ।

ਡੀ ਐਸ ਜੀ ਐਮ ਸੀ ਲਾਲ ਕਿਲੇ 'ਤੇ ਹੁੰਦੇ ਲਾਈਟ ਐਂਡ ਸਾਉਂਡ ਸ਼ੌਅ ਵਿਚ ਵੀ ਇਹਨਾਂ ਜਰਨੈਲਾਂ ਦਾ ਇਤਿਹਾਸ ਸ਼ਾਮਲ ਕਰਵਾਉਣ ਲਈ ਯਤਨਸ਼ੀਲ ਹੈ। ਇਸਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਇਹ ਮਾਮਲਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕੋਲ ਉਠਾਇਆ ਹੈ। ਉਹਨਾਂ ਨੇ ਆਪਣੇ ਪੱਤਰ ਰਾਹੀਂ ਪ੍ਰਧਾਨ ਮੰਤਰੀ ਨੂੰ ਇਹਨਾਂ ਮਹਾਨ ਜਰਨੈਲਾਂ ਦਾ ਇਤਿਹਾਸ ਇਸ ਸ਼ੌਅ ਵਿਚ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ। ਇਸੇ ਪੱਤਰ ਵਿਚ ਹੀ ਇਹਨਾਂ ਜਰਨੈਲਾਂ ਦੇ ਬੁੱਤ ਲਾਉਣ ਦੀ ਗੱਲ ਵੀ ਕੀਤੀ ਗਈ।

ਹੁਣ ਇਹ ਬੁੱਤ ਲਾਉਣ ਲਈ ਬਣ ਕੇ ਤਕਰੀਬਨ ਤਿਆਰ ਹੋ ਗਏ ਹਨ। ਡੀ ਐਸ ਜੀ ਐਮ ਸੀ ਇਸ ਮੌਕੇ ਇਕ ਪ੍ਰਭਾਵਸ਼ਾਲੀ ਸਮਾਗਮ ਕਰ ਰਹੀ ਹੈ ਜਿਸ ਵਿਚ ਉਪ ਰਾਸ਼ਟਰਪਤੀ ਸ੍ਰੀ ਵੈਂਕਈਆ ਨਾਇਡੂ, ਕੇਂਦਰੀ ਕੈਬਨਿਟ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ, ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ, ਮੈਂਬਰ ਪਾਰਲੀਮਂਟ ਪਰਵੇਸ਼ ਵਰਮਾ ਤੇ ਹੋਰ ਪਤਵੰਤੇ ਸ਼ਾਮਲ ਹੋ ਰਹੇ ਹਨ।

ਇਹ ਬੁੱਤ ਲੋਕਾਂ ਨੂੰ ਸਾਡੇ ਸੁਨਹਿਰੀ ਇਤਿਹਾਸ ਤੋਂ ਜਾਣੂ ਕਰਵਾਉਣਗੇ : ਮਨਜਿੰਦਰ ਸਿੰਘ ਸਿਰਸਾ

ਡੀ ਐਸ ਜੀ ਐਮ ਸੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਇਹ ਬੁੱਤ ਲੋਕਾਂ ਨੂੰ ਸਾਡੇ ਸੁਨਹਿਰੀ ਇਤਿਹਾਸ ਤੋਂ ਜਾਣੂ ਕਰਵਾਉਣਗੇ। ਹਰੇਕ ਬੁੱਤ 12 ਫੁੱਟ ਉਚਾ ਹੈ ਤੇ 10 ਫੁੱਟ ਲੰਬਾ ਹੈ ਜਦਕਿ ਹੇਠਲੇ ਪਲੈਟਫਾਰਮ ਦੀ ਉਚਾਈ 5 ਫੁੱਟ ਹੈ। ਹਰ ਬੁੱਤ 1200 ਕਿਲੋਗ੍ਰਾਮ ਵਜ਼ਨ ਦਾ ਹੋਵੇਗਾ। ਉਹਨਾਂ ਨੇ ਮੈਂਬਰ ਪਾਰਲੀਮੈਂਟ ਪਰਵੇਸ਼ ਵਰਮਾ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਜਿਹਨਾਂ ਨੇ ਇਸ ਮਾਮਲੇ ਵਿਚ ਬਹੁਤ ਸਹਿਯੋਗ ਦਿੱਤਾ ਹੈ। ਉਹਨਾਂ ਦੱਸਿਆ ਕਿ ਇਹ ਬੁੱਤ ਸੁਭਾਸ਼ ਨਗਰ ਚੌਕ ਪਾਰਕ, ਰਾਜੌਰੀ ਗਾਰਡ ਦੇ ਪਾਰਕ ਵਿਚ ਲਗਾਏ ਜਾਣਗੇ ਜੋ ਕਿ ਮੈਟਰੋ ਤੇ ਨਜਫਗੜ ਰੋਡ 'ਤੇ ਪ੍ਰਮੁੱਖ ਸਥਾਨ ਹੈ ਅਤੇ ਪੰਜਾਬੀ ਵਸੋਂ ਵਾਲੀ ਇਸ ਥਾਂ 'ਤੇ ਰੋਜ਼ਾਨਾ 20 ਲੱਖ ਲੋਕਾਂ ਦੀ ਆਵਾਜਾਈ ਰਹਿੰਦੀ ਹੈ।

Related Post