ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ ਇਸਾਈ ਮਿਸ਼ਨਰੀਆਂ ਵੱਲੋਂ 50 ਤੋਂ ਵੱਧ ਸਿੱਖ ਸਿਕਲੀਗਰ ਪਰਿਵਾਰਾਂ ਦਾ ਧਰਮ ਪਰਿਵਰਤਨ ਕਰਾਉਣ ਦਾ ਲਿਆ ਗੰਭੀਰ ਨੋਟਿਸ

By  Joshi February 26th 2018 05:44 PM

DSGMC strongly opposes conversion of more than 50 Sikh sikhligars families into Christianity by missionaries: ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ ਇਸਾਈ ਮਿਸ਼ਨਰੀਆਂ ਵੱਲੋਂ 50 ਤੋਂ ਵੱਧ ਸਿੱਖ ਸਿਕਲੀਗਰ ਪਰਿਵਾਰਾਂ ਦਾ ਧਰਮ ਪਰਿਵਰਤਨ ਕਰਾਉਣ ਦਾ ਲਿਆ ਗੰਭੀਰ ਨੋਟਿਸ

ਗਰੀਬ ਪਰਿਵਾਰਾਂ ਨੂੰ ਲਾਲਚ ਦੇ ਕੇ ਧਰਮ ਤਬਦੀਲੀ ਦਾ ਵਿਰੋਧ ਕਰਾਂਗੇ : ਸਿਰਸਾ

ਦਿੱਲੀ ਪੁਲਿਸ ਨੂੰ ਮਾਮਲੇ ਵਿਚ ਕਾਰਵਾਈ ਕਰਨ ਦੀ ਕੀਤੀ ਅਪੀਲ

ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਨੇ ਇਸਾਈ ਮਿਸ਼ਨਰੀਆਂ ਵੱਲੋਂ 50 ਤੋਂ ਵਧੇਰੇ ਸਿੱਖ ਸਿਕਲੀਗਰ ਪਰਿਵਾਰਾਂ ਦਾ ਧਰਮ ਪਰਿਵਰਤਨ ਕਰਵਾਉਣ ਦਾ ਜ਼ੋਰਦਾਰ ਵਿਰੋਧ ਕਰਦਿਆਂ ਮਿਸ਼ਨਰੀਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਗਰੀਬ ਪਰਿਵਾਰਾਂ ਨੂੰ ਗੁੰਮਰਾਹ ਕਰਨ ਤੋਂ ਬਾਜ ਆਉਣ ਨਹੀਂ ਤਾਂ ਉਹ ਇਹਨਾਂ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਮਜਬੂਰ ਹੋਵੇਗੀ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸੁਲਤਾਨਪੁਰ ਇਲਾਕੇ ਵਿਚ 50 ਤੋਂ ਵਧੇਰੇ ਸਿੱਖ ਸਿਕਲੀਗਰ ਪਰਿਵਾਰਾਂ ਨੂੰ ਰੱਬ ਤੋਂ ਮਦਦ ਦੇ ਨਾਮ 'ਤੇ ਗੁੰਮਰਾਹ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਧਿਆਨ ਵਿਚ ਆਇਆ ਹੈ ਕਿ ਇਸਾਈ ਮਿਸ਼ਨਰੀ ਇਕ ਤੈਅਸ਼ੁਦਾ ਯੋਜਨਾ ਤਹਿਤ ਕੰਮ ਕਰ ਰਹੇ ਹਨ ਜਿਸ ਤਹਿਤ ਗਰੀਬ ਤੇ ਲੋੜਵੰਦ ਪਰਿਵਾਰਾਂ ਤੇ ਕਿਸੇ ਬਿਮਾਰੀ ਤੋਂ ਪੀੜਤ ਵਿਅਕਤੀ ਕੋਲ ਪਹੁੰਚ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਫਿਰ ਰੱਬ ਦੇ ਨਾਮ 'ਤੇ ਇਹਨਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਮਿਸ਼ਨਰੀ ਇਹਨਾਂ ਨੂੰ ਰੱਬ ਤੋਂ ਹੋਰ ਮਦਦ ਹਾਸਲ ਕਰਨ ਵਾਸਤੇ ਇਸਾਈ ਧਰਮ ਅਪਣਾਉਣ ਲਈ ਗੁੰਮਰਾਹ ਕਰਦੇ ਹਨ।

ਸ੍ਰੀ ਸਿਰਸਾ ਨੇ ਕਿਹਾ ਕਿ ਇਹ ਮਿਸ਼ਨਰੀ ਇਹਨਾਂ ਦੀ ਮਾਸੂਮੀਅਤ ਦਾ ਨਜਾਇਜ਼ ਲਾਭ ਉਠਾਉਂਦਿਆਂ ਵੱਧ ਤੋਂ ਵੱਧ ਧਰਮ ਪਰਿਵਰਤਨ ਕਰਵਾ ਰਹੇ ਹਨ ਤੇ ਆਪਣੇ ਲੁਕਵੇਂ ਏਜੰਡੇ 'ਤੇ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਦੱਸਿਆ ਗਿਆ ਹੈ ਕਿ ਪੱਛਮੀ ਮੁਲਕ ਇਹਨਾਂ ਗਤੀਵਿਧੀਆਂ ਵਾਸਤੇ ਫੰਡ ਦੇ ਰਹੇ ਹਨ ਜੋ ਕਿ ਰਾਸ਼ਟਰੀ ਸੁਰੱਖਿਆ ਲਈ ਵੀ ਚਿੰਤਾ ਦਾ ਵਿਸ਼ਾ ਹੈ।

ਉਹਨਾਂ ਨੇ ਦਿੱਲੀ ਪੁਲਿਸ ਨੂੰ ਵੀ ਆਖਿਆ ਕਿ ਉਹ ਧਰਮ ਪਰਿਵਰਤਨ ਮਾਮਲਿਆਂ ਵਿਚ ਤੁਰੰਤ ਕਾਰਵਾਈ ਕਰੇ ਕਿਉਂਕਿ ਇਹ ਕਾਰਵਾਈਆਂ ਸਮਾਜਿਕ ਟਕਰਾਅ ਪੈਦਾ ਕਰ ਸਕਦੀਆਂ ਹਨ ਤੇ ਇਸ ਤੋਂ ਪਹਿਲਾਂ ਕਿ ਕੁਝ ਹੋਰ ਅਣਸੁਖਾਵਾਂ ਵਾਪਰੇ, ਅਜਿਹੇ ਧਰਮ ਪਰਿਵਰਤਨਾਂ ਲਈ ਦੋਸ਼ੀਆਂ ਨੁੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ।

ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਨੇ ਹੋਰ ਕਿਹਾ ਕਿ ਉਹਨਾਂ ਦੇ ਇਹ ਵੀ ਧਿਆਨ ਵਿਚ ਆਇਆ ਹੈ ਕਿ ਇਹ ਧਰਮ ਪਰਿਤਰਨ ਗਤੀਵਿਧੀਆਂ ਕਾਫੀ ਚਿਰ ਤੋਂ ਜਾਰੀ ਹਨ ਤੇ ਇਹਨਾਂ ਮਿਸ਼ਨਰੀਆਂ ਵੱਲੋਂ ਵੱਡੀ ਗਿਣਤੀ ਵਿਚ ਪਰਿਵਾਰਾਂ ਨੂੰ ਲਾਲਚ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਸਿਕਲੀਗਰ ਸਿੱਖ ਸਿੱਖ ਧਰਮ ਦਾ ਅਨਿਖੜਵਾਂ ਅੰਗ ਹਨ ਤੇ ਇਹਨਾਂ ਦੇ ਪੁਰਖਾਂ ਨੇ ਸਿੱਖ ਗੁਰੂ ਸਾਹਿਬਾਨ ਦੇ ਨਾਲ ਮਿਲ ਕੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਪਰ ਧਰਮ ਪਰਿਵਰਤਨ ਨਹੀਂ ਕੀਤਾ। ਉਹਨਾਂ ਕਿਹਾ ਕਿ ਇਕ ਭਾਈਚਾਰਾ ਜਿਸਦਾ ਇਸਲਾਮ ਲਈ ਧਰਤ ਪਰਿਵਰਤਨ ਵਾਸਤੇ ਵਿਰੋਧ ਕਰਨ ਦਾ ਇਤਿਹਾਸ ਹੋਵੇ, ਉਸਨੂੰ ਇਸਾਈ ਮਤ ਅਪਣਾਉਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਮੁਗਲਾਂ ਵੱਲੋਂ ਲੋਕਾਂ ਨੂੰ ਇਸਲਾਮ ਅਪਣਾਉਣ ਵਾਸਤੇ ਲਾਲਚ ਦਿੱਤੇ ਜਾਂਦੇ ਸਨ ਪਰ ਜੋ ਨਹੀਂ ਮੰਨਦੇ ਸਨ ਉਹਨਾਂ ਦਾ ਜਬਰੀ ਧਰਮ ਪਰਿਵਰਤਨ ਕਰਵਾਇਆ ਜਾਂਦਾ ਸੀ। ਉਹਨਾਂ ਕਿਹਾ ਕਿ ਇਹਨਾਂ ਕਾਰਵਾਈਆਂ ਦਾ ਗੁਰੂ ਸਾਹਿਬ ਨੇ ਜ਼ੋਰਦਾਰ ਵਿਰੋਧ ਕੀਤਾ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਦਿੱਤੀ ਜਦਕਿ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਜਬਰ ਦਾ ਡੱਟ ਕੇ ਟਾਕਰਾ ਕੀਤਾ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਹੁਣ ਸਿੱਖਾਂ ਨੂੰ ਵੀ ਇਸਾਈ ਮਿਸ਼ਨਰੀਆਂ ਨਾਲ ਅਜਿਹੀ ਹੀ ਲੜਾਈ ਲੜਨੀ ਪਵੇਗੀ।

ਉਹਨਾਂ ਕਿਹਾ ਕਿ ਇਹਨਾਂ ਗਰੀਬ ਪਰਿਵਾਰਾਂ ਨੂੰ ਇਸਾਈ ਮਤ ਨਾਲ ਜੋੜਨ ਵਾਸਤੇ ਇਹਨਾਂ ਨੂੰ ਗੁੰਮਰਾਹ ਕਰਨ ਤੇ ਲਾਲਚ ਦੇਣ ਦੀਆਂ ਗਤੀਵਿਧੀਆਂ ਦੀ ਤੁਰੰਤ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਰਾਸ਼ਟਰੀ ਸੁਰੱਖਿਆ ਨੂੰ ਵੀ ਵੱਡਾ ਨੁਕਸਾਨ ਪਹੁੰਚਾ ਸਕਦੀਆਂ ਹਨ। ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਇਸਾਈ ਮਿਸ਼ਨਰੀਆਂ ਦੀਆਂ ਕਾਰਵਾਈਆਂ ਰੋਕਣ ਵਾਸਤੇ ਲੋੜੀਂਦਾ ਹਰ ਉਪਰਾਲਾ ਕਰੇਗੀ।

—PTC News

Related Post