ਇੰਗਲੈਂਡ ਦੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ 'ਤੇ ਹੋਏ ਹਮਲੇ ਦੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਨਿੰਦਾ

By  Shanker Badra May 26th 2020 11:38 AM

ਇੰਗਲੈਂਡ ਦੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ 'ਤੇ ਹੋਏ ਹਮਲੇ ਦੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਨਿੰਦਾ:ਅੰਮ੍ਰਿਤਸਰ : ਇੰਗਲੈਂਡ ਦੇ ਸ਼ਹਿਰ ਡਰਬੀ ਵਿਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ 'ਤੇ ਬੀਤੇ ਕੱਲ ਇਕ ਵਿਅਕਤੀ ਵੱਲੋਂ ਭੰਨਤੋੜ ਕੀਤੀ ਗਈ। ਇਸ ਘਟਨਾ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕਰੜੀ ਨਿੰਦਾ ਕੀਤੀ ਗਈ ਹੈ।ਉਨ੍ਹਾਂ ਨੇ ਇੰਗਲੈਂਡ ਦੀਆਂ ਗੁਰਦਵਾਰਾ ਕਮੇਟੀਆਂ ਨੂੰ ਉਕਤ ਵਿਅਕਤੀ ਖਿਲਾਫ਼ ਸਖਤ ਕਾਰਵਾਈ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ।

ਦਰਅਸਲ 'ਚ ਇੰਗਲੈਂਡ ਵਿਚ ਲੌਕਡਾਊਨ ਦੇ ਚੱਲਦਿਆਂ ਇਕ ਵਿਅਕਤੀ ਗੁਰਦੁਆਰਾ ਸਾਹਿਬ ਆਇਆ ਅਤੇ ਉਸ ਨੇ ਗੁਰਦੁਆਰਾ ਸਾਹਿਬ ਅੰਦਰ ਇੱਚਾਂ ਪੱਥਰ ਮਾਰਦੇ ਹੋਏ ਭੰਨ ਤੋੜ ਸ਼ੁਰੂ ਕਰ ਦਿੱਤੀ। ਇਹ ਸਾਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ਵਿਚ ਰਿਕਾਰਡ ਹੋ ਗਈ ਹੈ। ਜਿਸ ਨਾਲ ਗੁਰਦੁਆਰਾ ਸਾਹਿਬ ਵਿਚ ਲੱਗੇ ਸ਼ੀਸ਼ੇ ਦੇ ਦਰਵਾਜ਼ੇ ਤੇ ਹੋਰ ਨੁਕਸਾਨ ਪੁੱਜਾ ਹੈ।

ਇਸ ਨਫਰਤੀ ਹਮਲੇ ਵਿਚ ਗੁਰਦੁਆਰਾ ਸਾਹਿਬ ਦਾ ਹਜ਼ਾਰਾ ਪੌਂਡ ਦਾ ਨੁਕਸਾਨ ਹੋਇਆ ਹੈ। ਇਸ ਵਿਅਕਤੀ ਵਲੋਂ ਇਕ ਕਾਗਜ਼ ਉਤੇ ਅੰਗਰੇਜ਼ੀ ਨਾਲ ਇਕ ਹੱਥ ਲਿਖਤ ਸੰਦੇਸ਼ ਵੀ ਦਿੱਤਾ ਗਿਆ, ਜਿਸ ਵਿਚ ਉਸ ਨੇ ਇਹ ਇਸ਼ਾਰਾ ਦਿੱਤਾ ਕਿ ਕਸ਼ਮੀਰੀਆਂ ਦੀ ਮਦਦ ਕੀਤੀ ਜਾਵੇ। ਹਾਲਾਂਕਿ ਉਕਤ ਵਿਅਕਤੀ ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਸ ਘਟਨਾ ਤੋਂ ਬਾਅਦ ਗੁਰਦੁਆਰੇ ਵਲੋਂ ਬਿਆਨ ਜਾਰੀ ਕੀਤਾ ਗਿਆ ਹੈ ਕਿ ਅਜਿਹੀਆਂ ਘਟਨਾਵਾਂ ਨਾਲ ਨਾ ਤਾਂ ਰੋਜ਼ ਹੁੰਦਾ ਆਨਲਾਈਨ ਗੁਰਬਾਣੀ ਪ੍ਰਸਾਰਣ ਬੰਦ ਹੋਵੇਗਾ ਤੇ ਨਾ ਹੀ ਲੰਗਰ ਰਾਹੀਂ ਕੀਤੀ ਜਾ ਰਹੀ ਸੇਵਾ ਬੰਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਂਝ ਗੁਰਦੁਆਰਾ ਸਾਹਿਬ ਵਿਚ ਕੰਮ ਕਰਨ ਵਾਲੇ ਸਿੰਘਾਂ ਤੇ ਸੇਵਾ ਕਾਰਜਾਂ ਵਿਚ ਜੁੜੀਆਂ ਸੰਗਤਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ।

-PTCNews

Related Post