ਗਾਰਡ ਨੇ ਰੋਕਿਆ ਹਸਪਤਾਲ 'ਚ ਭੀੜ ਕਰਨ ਤੋਂ, ਭੜਕੇ ਨੌਜਵਾਨਾਂ ਨੇ ਕੁੱਟ ਸੁੱਟਿਆ, ਮੌਤ

By  Panesar Harinder July 13th 2020 02:59 PM

ਚੰਡੀਗੜ੍ਹ - ਚੰਡੀਗੜ੍ਹ ਦੇ ਗਵਰਮੈਂਟ ਮੈਡੀਕਲ ਕਾਲੇਜ ਐਂਡ ਹੌਸਪਿਟਲ ਸੈਕਟਰ 32 (GMCH-32) ਦੇ ਐਮਰਜੈਂਸੀ ਵਾਰਡ 'ਚ ਜ਼ਿਆਦਾ ਲੋਕਾਂ ਨੂੰ ਅੰਦਰ ਜਾਣ ਤੋਂ ਰੋਕਣਾ ਸਿਕਿਓਰਟੀ ਗਾਰਡ ਨੂੰ ਐਨਾ ਭਾਰੀ ਪਿਆ ਕਿ ਉਸ ਨੂੰ ਜਾਨ ਤੋਂ ਹੱਥ ਧੋਣੇ ਪਏ। ਕੁਝ ਭੜਕੇ ਨੌਜਵਾਨਾਂ ਨੇ ਸਿਕਿਓਰਟੀ ਗਾਰਡ ਦੀ ਏਨੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਕਿ ਉਸ ਨੂੰ ਵੈਂਟੀਲੇਟਰ 'ਤੇ ਰੱਖਣਾ ਪਿਆ, ਅਤੇ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ, ਸੋਮਵਾਰ ਸਵੇਰੇ ਉਸ ਨੇ ਦਮ ਤੋੜ ਦਿੱਤਾ। GMCH-32 security guard beaten up died Chandigarh

ਐਮਰਜੈਂਸੀ ਤੇ ਕੋਰੋਨਾ ਕਾਰਨ ਭੀੜ ਤੋਂ ਵਰਜਿਆ

ਮ੍ਰਿਤਕ ਸਿਕਿਓਰਟੀ ਗਾਰਡ ਦੀ ਪਛਾਣ 51 ਸਾਲਾ ਸ਼ਾਮ ਸੁੰਦਰ ਵਜੋਂ ਹੋਈ ਹੈ। ਥਾਣਾ ਸੈਕਟਰ-34 ਪੁਲਿਸ ਟੀਮ ਨੇ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਪੁਲਿਸ ਨੇ ਇਨ੍ਹਾਂ ਸਾਰਿਆਂ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਹੈ। ਸੁਰਿੰਦਰ ਕੁਮਾਰ ਨਾਂਅ ਦੇ ਇੱਕ ਹੋਰ ਸਿਕਿਓਰਟੀ ਗਾਰਡ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਹਸਪਤਾਲ 'ਚ ਇੱਕ ਐਕਸੀਡੈਂਟ ਕੇਸ ਆਇਆ ਸੀ। ਸੜਕ ਹਾਦਸੇ 'ਚ ਜ਼ਖ਼ਮੀ ਨੌਜਵਾਨ ਨੂੰ ਕਰੀਬ 8 ਤੋਂ 10 ਲੋਕ ਲਿਆਏ ਸਨ। ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਐਮਰਜੈਂਸੀ 'ਚ ਭੇਜਣ ਦੀ ਸਲਾਹ ਦਿੱਤੀ। ਜ਼ਖ਼ਮੀ ਨੌਜਵਾਨ ਦੇ ਨਾਲ ਆਏ ਸਾਰੇ ਨੌਜਵਾਨ ਜਦੋਂ ਐਮਰਜੈਂਸੀ 'ਚ ਵੜਨ ਲੱਗੇ ਤਾਂ ਉੱਥੇ ਤਾਇਨਾਤ ਸਿਕਿਓਰਟੀ ਗਾਰਡ ਨੇ ਉਨ੍ਹਾਂ ਨੂੰ ਐਮਰਜੈਂਸੀ 'ਚ ਭੀੜ ਕਰਨ ਤੋਂ ਮਨ੍ਹਾ ਕੀਤਾ ਅਤੇ ਬਾਕੀਆਂ ਨੂੰ ਬਾਹਰ ਉਡੀਕ ਕਰਨ ਲਈ ਕਿਹਾ। ਇਸ ਤੋਂ ਇਲਾਵਾ ਕੋਰੋਨਾ ਦੇ ਪ੍ਰਕੋਪ ਨੂੰ ਦੇਖਦੇ ਹੋਏ ਵੀ ਹਸਪਤਾਲ ਪ੍ਰਸ਼ਾਸਨ ਨੇ ਕਾਫ਼ੀ ਸਖ਼ਤੀ ਦੇ ਹੁਕਮ ਦਿੱਤੇ ਹੋਏ ਹਨ। ਇਸ ਲਈ ਕਿਹਾ ਗਿਆ ਕਿ ਦੋ ਤੋਂ ਤਿੰਨ ਲੋਕ ਜ਼ਖ਼ਮੀ ਨਾਲ ਅੰਦਰ ਜਾਣ। ਪਰ ਜ਼ਖਮੀ ਨਾਲ ਆਏ ਨੌਜਵਾਨ ਲੜਕੇ ਸਾਰਿਆਂ ਦੇ ਅੰਦਰ ਜਾਣ ਦੀ ਜ਼ਿੱਦ ਤੇ ਅੜ ਗਏ ਅਤੇ ਇਸੇ ਗੱਲ 'ਤੇ ਭੜਕ ਕੇ ਉਹ ਸਿਕਿਓਰਟੀ ਗਾਰਡ ਨਾਲ ਹੱਥੋਪਾਈ 'ਤੇ ਉੱਤਰ ਆਏ, ਅਤੇ ਕੁੱਟਮਾਰ ਕਰ ਦੇ ਹੋਏ ਉਸ ਨੂੰ ਘਸੀਟਦੇ ਹੋਏ ਬਾਹਰ ਲੈ ਗਏ। GMCH-32 security guard beaten up died Chandigarh

ਝਗੜੇ ਤੋਂ ਰੋਕਣਾ ਪਿਆ ਮਹਿੰਗਾ

ਇਸ ਦੌਰਾਨ ਐਮਰਜੈਂਸੀ ਦੇ ਬਾਹਰ ਡਿਊਟੀ 'ਤੇ ਤਾਇਨਾਤ ਸ਼ਾਮ ਸੁੰਦਰ ਨੇ ਕੁੱਟਮਾਰ ਕਰ ਰਹੇ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਭੜਕੇ ਨੌਜਵਾਨ ਐਮਰਜੈਂਸੀ ਦੇ ਅੰਦਰ ਡਿਊਟੀ ਕਰਦੇ ਗਾਰਡ ਨੂੰ ਜ਼ਖ਼ਮੀ ਛੱਡ ਕੇ ਬਚਾਅ ਕਰਨ ਆਏ ਸ਼ਾਮ ਸੁੰਦਰ 'ਤੇ ਟੁੱਟ ਪਏ। ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਸਾਰੇ ਦੋਸ਼ੀ ਨੌਜਵਾਨ ਉੱਥੋਂ ਭੱਜ ਨਿੱਕਲੇ। ਜ਼ਖਮੀ ਸ਼ਾਮ ਸੁੰਦਰ ਨੂੰ ਹੋਰਨਾਂ ਸਿਕਿਓਰਿਟੀ ਗਾਰਡਾਂ ਨੇ ਉਸ ਨੂੰ ਤੁਰੰਤ ਐਮਰਜੈਂਸੀ 'ਚ ਦਾਖ਼ਲ ਕਰਵਾਇਆ, ਜਿੱਥੇ ਉਸ ਨੂੰ ਵੈਂਟੀਲੇਟਰ 'ਤੇ ਸ਼ਿਫਟ ਕਰ ਦਿੱਤਾ ਗਿਆ। ਹਾਲਾਂਕਿ ਇਲਾਜ ਦੌਰਾਨ ਜ਼ਿਆਦਾ ਸੱਟਾਂ ਲੱਗਣ ਕਰਕੇ ਉਸ ਨੇ ਦਮ ਤੋੜ ਦਿੱਤਾ। GMCH-32 security guard beaten up died Chandigarh

ਬਾਕੀ ਦੋਸ਼ੀਆਂ ਦੀ ਤਲਾਸ਼ ਜਾਰੀ

ਸ਼ਾਮ ਸੁੰਦਰ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਅਤੇ ਹੋਰਨਾਂ ਸਿਕਿਓਰਿਟੀ ਗਾਰਡਾਂ ਨੇ ਇਸ ਮਸਲੇ ਨੂੰ ਲੈ ਕੇ ਜੰਮ ਕੇ ਹੰਗਾਮਾ ਕੀਤਾ। ਚੰਡੀਗੜ੍ਹ ਪੁਲਿਸ ਬਾਕੀ ਮੁਲਜ਼ਮਾਂ ਦੀ ਭਾਲ਼ 'ਚ ਲਗਾਤਾਰ ਜੁਟੀ ਹੋਈ ਹੈ। ਗ੍ਰਿਫ਼ਤਾਰ ਹੋਏ ਚਾਰ ਦੋਸ਼ੀਆਂ ਰਾਹੀਂ ਪੁਲਿਸ ਵੱਲੋਂ ਬਾਕੀ ਦੇ ਫ਼ਰਾਰ ਦੋਸ਼ੀਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਪੁਲਿਸ ਟੀਮਾਂ ਵੱਲੋਂ ਛਾਪੇਮਾਰੀ ਜਾਰੀ ਹੈ, ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਰੇ ਦੋਸ਼ੀਆਂ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Related Post