ਅਫ਼ਗਾਨਿਸਤਾਨ ਜਾਵੇਗਾ SGPC ਦਾ ਉੱਚ ਪੱਧਰੀ ਵਫ਼ਦ- ਐਡਵੋਕੇਟ ਧਾਮੀ

By  Pardeep Singh June 27th 2022 05:13 PM

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਕ ਉੱਚ ਪੱਧਰੀ ਵਫ਼ਦ ਅਫ਼ਗਾਨਿਸਤਾਨ ਭੇਜਣ ਸਬੰਧੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਲੋੜੀਂਦੀ ਕਾਰਵਾਈ ਮੁਕੰਮਲ ਕਰਨ ਦੀ ਅਪੀਲ ਕੀਤੀ ਹੈ। ਸ਼੍ਰੋਮਣੀ ਕਮੇਟੀ ਇਹ ਵਫ਼ਦ ਜੁਲਾਈ 2022 ਵਿਚ ਅਫ਼ਗਾਨਿਸਤਾਨ ਭੇਜਣਾ ਚਾਹੁੰਦੀ ਹੈ, ਤਾਂ ਜੋ ਉਥੋਂ ਦੇ ਸਿੱਖਾਂ ਦੇ ਹਾਲਾਤਾਂ ਬਾਰੇ ਜਾਣਿਆ ਜਾ ਸਕੇ ਅਤੇ ਸਰਕਾਰ ਦੇ ਅਧਿਕਾਰੀਆਂ ਨਾਲ ਸਿੱਖਾਂ ਤੇ ਹਿੰਦੂਆਂ ਦੀ ਸੁਰੱਖਿਆ ਬਾਰੇ ਗੱਲਬਾਤ ਕੀਤੀ ਜਾ ਸਕੇ।

Advocate Harjinder Singh Dhami is new SGPC president; know more ਐਡਵੋਕੇਟ ਧਾਮੀ ਨੇ ਇਸ ਬਾਰੇ ਦੱਸਿਆ ਹੈ ਕਿ ਅਫ਼ਗਾਨਿਸਤਾਨ ਵਿਚ ਮੌਜੂਦਾ ਹਾਲਾਤਾਂ ਦੇ ਚੱਲਦਿਆਂ ਉਥੇ ਵੱਸਦੇ ਸਿੱਖ ਚਿੰਤਤ ਹਨ, ਲਿਹਾਜ਼ਾ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਉਨ੍ਹਾਂ ਦੀ ਮੁਸ਼ਕਲਾਂ ਜਾਣਨ ਲਈ ਅਫ਼ਗਾਨਿਸਤਾਨ ਜਾਣਾ ਚਾਹੁੰਦੀ ਹੈ। ਇਸ ਦੇ ਨਾਲ ਹੀ ਉਥੋਂ ਦੇ ਇਤਿਹਾਸਕ ਅਸਥਾਨਾਂ ਦੇ ਹਾਲਾਤਾਂ, ਲੋੜੀਂਦੀਆਂ ਕਾਰ ਸੇਵਾਵਾਂ ਅਤੇ ਸਾਂਭ-ਸੰਭਾਲ ਵੀ ਬੇਹੱਦ ਜ਼ਰੂਰੀ ਹੈ। ਐਡਵੋਕੇਟ ਧਾਮੀ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਵਫ਼ਦ ਅਫ਼ਗਾਨਿਸਤਾਨ ਦੇ ਸਿੱਖ ਆਗੂਆਂ ਤੋਂ ਇਲਾਵਾ ਉਥੋਂ ਦੀ ਸਰਕਾਰ ਦੇ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨੀ ਚਾਹੁੰਦਾ ਹੈ, ਤਾਂ ਜੋ ਉਥੇ ਵੱਸਦੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਵਿਚ ਸਿੱਖ ਵਿਰਾਸਤ ਅਤੇ ਗੁਰ-ਅਸਥਾਨਾਂ ਦੀ ਸਾਭ-ਸੰਭਾਲ ਦੀ ਜ਼ੁੰਮੇਵਾਰੀ ਵੀ ਸ਼੍ਰੋਮਣੀ ਕਮੇਟੀ ਨਿਭਾਉਣਾ ਚਾਹੁੰਦੀ ਹੈ ਅਤੇ ਇਸ ਦੇ ਨਾਲ ਹੀ ਬੀਤੇ ਦਿਨੀਂ ਅਫ਼ਗਾਨਿਸਤਾਨ ’ਚ ਆਏ ਭੂਚਾਲ ਦੇ ਪੀੜਤਾਂ ਦੀ ਮੱਦਦ ਲਈ ਵੀ ਤਿਆਰ ਹੈ। ਐਡਵੋਕੇਟ ਧਾਮੀ ਨੇ ਆਖਿਆ ਕਿ ਭਾਰਤ ਸਰਕਾਰ ਨੇ ਬੇਸ਼ੱਕ ਸੰਕਟ ਦੇ ਸਮੇਂ ’ਤੇ ਸਿੱਖਾਂ ਅਤੇ ਹਿੰਦੂਆਂ ਨੂੰ ਭਾਰਤ ਲਿਆਉਣ ਲਈ ਚੰਗਾ ਯਤਨ ਕੀਤਾ ਹੈ, ਪਰੰਤੂ ਜ਼ੁੰਮੇਵਾਰ ਸਿੱਖ ਸੰਸਥਾ ਹੁੰਦਿਆਂ ਸ਼੍ਰੋਮਣੀ ਕਮੇਟੀ ਦਾ ਫ਼ਰਜ਼ ਹੈ ਕਿ ਉਹ ਅਫ਼ਗਾਨਿਸਤਾਨ ’ਚ ਸਿੱਖਾਂ ਦੀ ਸਹਾਇਤਾ ਅਤੇ ਗੁਰ-ਅਸਥਾਨਾਂ ਦੀ ਸੰਭਾਲ ਲਈ ਕਾਰਜ ਕਰੇ। ਐਡਵੋਕੇਟ ਧਾਮੀ ਅਨੁਸਾਰ ਜੇਕਰ ਭਾਰਤ ਸਰਕਾਰ ਜਲਦ ਪ੍ਰਬੰਧ ਕਰਦੀ ਹੈ ਤਾਂ ਸ਼੍ਰੋਮਣੀ ਕਮੇਟੀ ਦਾ ਵਫ਼ਦ ਜੁਲਾਈ ਮਹੀਨੇ ਵਿਚ ਜਾਣਾ ਯਕੀਨੀ ਹੈ।

ਇਹ ਵੀ ਪੜ੍ਹੋ:Punjab Budget 2022: ਖੇਤੀਬਾੜੀ ਸੈਕਟਰ ਲਈ 11,560 ਕਰੋੜ ਰੁਪਏ ਦਾ ਐਲਾਨ

-PTC News

Related Post