ਅੰਤਰਰਾਸ਼ਟਰੀ ਨਗਰ ਕੀਰਤਨ ਬਾਬਾ ਬਕਾਲਾ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ

By  Jashan A November 3rd 2019 03:05 PM

ਅੰਤਰਰਾਸ਼ਟਰੀ ਨਗਰ ਕੀਰਤਨ ਬਾਬਾ ਬਕਾਲਾ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਢਿੱਲਵਾਂ ਵਿਖੇ ਪੁੱਜਣ ’ਤੇ ਬੀਬੀ ਜਗੀਰ ਕੌਰ ਨੇ ਹਜ਼ਾਰਾਂ ਸੰਗਤਾਂ ਸਮੇਤ ਕੀਤਾ ਸਵਾਗਤ ਅੰਮ੍ਰਿਤਸਰ:ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਅੰਤਰਰਾਸ਼ਟਰੀ ਨਗਰ ਕੀਰਤਨ ਅੱਜ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਤੋਂ ਜੈਕਾਰਿਆਂ ਦੀ ਗੂੰਜ ਵਿਚ ਅਗਲੇ ਪੜਾਅ ਜਲੰਧਰ ਲਈ ਰਵਾਨਾ ਹੋ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਪੁੱਜੀਆਂ ਹੋਈਆਂ ਸਨ। ਜਿਉਂ ਹੀ ਨਗਰ ਕੀਰਤਨ ਦੀ ਰਵਾਨਗੀ ਹੋਈ ਤਾਂ ਸੰਗਤ ਨੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਅਤੇ ਫੁੱਲਾਂ ਦੀ ਵਰਖਾ ਨਾਲ ਸ਼ਰਧਾ ਪ੍ਰਗਟਾਈ। ਰਵਾਨਗੀ ਸਮੇਂ ਸਾਬਕਾ ਐਮ.ਐਲ.ਏ. ਮਲਕੀਅਤ ਸਿੰਘ ਏ.ਆਰ., ਸ਼੍ਰੋਮਣੀ ਕਮੇਟੀ ਦੇ ਮੈਂਬਰ ਬਲਜੀਤ ਸਿੰਘ ਜਲਾਲਉਸਮਾਂ, ਅਮਰਜੀਤ ਸਿੰਘ ਭਲਾਈਪੁਰ ਤੇ ਬਾਬਾ ਗੱਜਣ ਸਿੰਘ ਨੇ ਪੰਜ ਪਿਆਰੇ ਸਾਹਿਬਾਨ ਅਤੇ ਨਿਸ਼ਾਨਚੀ ਸਿੰਘਾਂ ਨੂੰ ਸਿਰਪਾਓ ਭੇਟ ਕੀਤੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਤੇਜਿੰਦਰ ਸਿੰਘ ਪੱਡਾ, ਮੈਨੇਜਰ ਸਤਿੰਦਰ ਸਿੰਘ ਬਾਜਵਾ, ਵਧੀਕ ਮੈਨੇਜਰ ਸਤਨਾਮ ਸਿੰਘ ਮਾਂਗਾਸਰਾਏ ਅਤੇ ਸੰਗਤਾਂ ਮੌਜੂਦ ਸਨ। ਇਸੇ ਦੌਰਾਨ ਸੰਗਤਾਂ ਵੱਲੋਂ ਵੱਖ-ਵੱਖ ਥਾਵਾਂ ਤੇ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ। ਨਗਰ ਕੀਰਤਨ ਦਾ ਢਿੱਲਵਾਂ ਵਿਖੇ ਪਹੁੰਚਣ ’ਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਭਰਵਾਂ ਸਵਾਗਤ ਕੀਤਾ। ਇਥੇ ਇਲਾਕੇ ਦੀਆਂ ਹਜ਼ਾਰਾਂ ਸੰਗਤਾਂ ਇਕੱਤਰ ਹੋਈਆਂ। ਇਸ ਮੌਕੇ ਬੀਬੀ ਜਗੀਰ ਕੌਰ ਨੇ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਪਹੁੰਚਣ ਦਾ ਸੱਦਾ ਦਿੱਤਾ। ਉਨ੍ਹਾਂ ਸੰਗਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ’ਤੇ ਚੱਲਣ ਦੀ ਪ੍ਰੇਰਣਾ ਵੀ ਕੀਤੀ। ਬੀਬੀ ਜਗੀਰ ਕੌਰ ਨੇ ਨਗਰ ਕੀਰਤਨ ਦਾ ਸਵਾਗਤ ਕਰਨ ਵਾਲੀਆਂ ਸੰਗਤਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਵੀ ਕੀਤਾ। ਢਿੱਲਵਾਂ ਵਿਖੇ ਸਵਾਗਤ ਕਰਨ ਵਾਲੀਆਂ ਸੰਗਤਾਂ ਵਿਚ ਸਾਬਕਾ ਚੇਅਰਮੈਨ ਯੁਵਰਾਜ ਭੁਪਿੰਦਰ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੀਬੀ ਰਜਨੀਤ ਕੌਰ ਤੇ ਸਾਬਕਾ ਪ੍ਰਧਾਨ ਢਿੱਲਵਾਂ ਗੁਰਦਿਆਲ ਸਿੰਘ ਆਦਿ ਮੌਜੂਦ ਸਨ। -PTC News

Related Post