ਜਥੇਦਾਰ ਸੰਤੋਖ ਸਿੰਘ ਫਾਊਂਡੇਸ਼ਨ ਦੇ ਦਫ਼ਤਰ ਬਾਰੇ ਬੋਲਣ ਦਾ ਸਰਨਾ ਦਲ ਨੂੰ ਨੈਤਿਕ ਹੱਕ ਨਹੀਂ : ਦਿੱਲੀ ਕਮੇਟੀ

By  Joshi March 28th 2018 06:32 PM

• ਜਥੇਦਾਰ ਸੰਤੋਖ ਸਿੰਘ ਫਾਊਂਡੇਸ਼ਨ ਦੇ ਦਫ਼ਤਰ ਬਾਰੇ ਬੋਲਣ ਦਾ ਸਰਨਾ ਦਲ ਨੂੰ ਨੈਤਿਕ ਹੱਕ ਨਹੀਂ : ਦਿੱਲੀ ਕਮੇਟੀ ਜਥੇਦਾਰ ਸੰਤੋਖ ਸਿੰਘ ਵੱਲੋਂ ਕੀਤੇ ਗਏ ਕਾਰਜਾਂ ਦਾ ਮੁਕਾਬਲਾ ਸਰਨਾ ਭਰਾ ਕੱਦੇ ਵੀ ਨਹੀਂ ਕਰ ਸਕਦੇ : ਪਰਮਿੰਦਰ ਪਾਲ ਸਿੰਘ ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਸੰਤੋਖ ਸਿੰਘ ਫਾਊਂਡੇਸ਼ਨ ਦੇ ਤਜਵੀਜ਼ਸ਼ੁਦਾ ਦਫ਼ਤਰ ਬਾਰੇ ਵਿਰੋਧੀ ਧਿਰ ਵੱਲੋਂ ਕੀਤੀ ਗਈ ਬਿਆਨਬਾਜ਼ੀ ਨੂੰ ਗੁਮਰਾਹਕੁਨ ਕਰਾਰ ਦਿੱਤਾ ਹੈ। ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਮੀਡੀਆ ਨੂੰ ਜਾਰੀ ਆਪਣੇ ਬਿਆਨ ’ਚ ਦੱਸਿਆ ਹੈ ਕਿ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਬਣ ਚੁੱਕੇ ਫਾਊਂਡੇਸ਼ਨ ਦੇ ਦਫ਼ਤਰ ਲਈ ਥਾਂ ਦਿੱਲੀ ਕਮੇਟੀ ਦੇ ਅੰਤ੍ਰਿਗ ਬੋਰਡ ਵੱਲੋਂ ਮਨਜੂਰ ਕਰਕੇ ਦਿੱਤੀ ਗਈ ਹੈ ਅਤੇ ਇਸਦਾ ਸਾਰਾ ਖਰਚ ਫਾਊਂਡੇਸ਼ਨ ਵੱਲੋਂ ਨਿਜ਼ੀ ਪੱਧਰ ’ਤੇ ਕੀਤਾ ਗਿਆ ਹੈ ਤਾਂਕਿ ਲੋੜਵੰਦ ਬੱਚਿਆਂ ਨੂੰ ਹੁਨਰਮੰਦ ਕਰਨ ਵਾਸਤੇ ਫਾਊਂਡੇਸ਼ਨ ਆਪਣੇ ਪੱਧਰ ’ਤੇ ਕਾਰਜ ਕਰ ਸਕੇ। ਸਰਨਾ ਦਲ ਦੇ ਆਗੂਆਂ ਨੂੰ ਇਸ ਮਸਲੇ ’ਤੇ ਨੁਕਤਾਚੀਨੀ ਨਾ ਕਰਨ ਦੀ ਸਲਾਹ ਦਿੰਦੇ ਹੋਏ ਉਨ੍ਹਾਂ ਸਵਾਲ ਪੁੱਛਿਆ ਕਿ ਜੇਕਰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸਮੂਹ ਅਕਾਲੀ ਦਲਾਂ, ਸ਼੍ਰੋਮਣੀ ਕਮੇਟੀ, ਸਿੱਖ ਚੇਤਨਾ ਮਿਸ਼ਨ, ਕੇਂਦਰੀ ਸਿੰਘ ਸਭਾ, ਸਮਾਜ ਸੁਧਾਰ ਸੁਸਾਇਟੀ, ਵਿਮੇਨ ਔਰਗਨਾਇਜੇਸ਼ਨ ਅਤੇ ਚੀਫ਼ ਖਾਲਸਾ ਦੀਵਾਨ ਆਦਿਕ ਦੇ ਦਫ਼ਤਰ ਕੌਮ ਦੀ ਭਲਾਈ ਕਾਰਜਾਂ ਲਈ ਹੋ ਸਕਦੇ ਹਨ ਤਾਂ ਫਿਰ ਜਥੇਦਾਰ ਸੰਤੋਖ ਸਿੰਘ ਫਾਊਂਡੇਸ਼ਨ ਦੇ ਦਫ਼ਤਰ ’ਤੇ ਸਵਾਲ ਕਿਉਂ ? ਜਦਕਿ ਸਮਾਜ ਸੁਧਾਰ ਸੁਸਾਇਟੀ ਦੇ ਸੰਸਥਾਪਕ ਤੇ ਪਹਿਲੇ ਪ੍ਰਧਾਨ ਸ੍ਰ. ਤ੍ਰਿਲੋਚਨ ਸਿੰਘ ਸਰਨਾ ਸਨ ਜੋ ਕਿ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਦੇ ਪਿਤਾ ਸਨ।ਫਿਰ ਵੀ ਅਸੀਂ ਸਮਾਜ ਸੁਧਾਰ ਸੁਸਾਇਟੀ ਦੇ ਦਫ਼ਤਰ ਬਾਰੇ ਕਦੇ ਕਿੰਤੂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੌਮ ਦੀਆਂ ਜਗ੍ਹਾਂ-ਜਮੀਨਾਂ ਨੂੰ ਖੁਰਦ-ਬੁਰਦ ਕਰਨ ਵਾਲੇ ਮਾੜੇ ਪ੍ਰਬੰਧ ਦੇ ਪ੍ਰਤੀਕ ਰਹੇ ਸਰਨਾ ਦਲ ਦੇ ਆਗੂਆਂ ਦਾ ਨੈਤਿਕ ਤੌਰ ’ਤੇ ਇਸ ਗੱਲ ਬਾਰੇ ਬੋਲਣਾ ਹੀ ਠੀਕ ਨਹੀਂ ਹੈ। ਬਾਬਾ ਬਘੇਲ ਸਿੰਘ ਨੇ ਜੇਕਰ ਦਿੱਲੀ ਵਿਖੇ ਇਤਿਹਾਸਿਕ ਗੁਰੂਧਾਮਾਂ ਦੀ ਨਿਸ਼ਾਨਦੇਹੀ ਬੱਦਲੇ ਖਾਲਸਾ ਰਾਜ ਕੁਰਬਾਨ ਕੀਤਾ ਸੀ ਤਾਂ ਜਥੇਦਾਰ ਸੰਤੋਖ ਸਿੰਘ ਨੇ ਗੁਰੂਧਾਮਾਂ ਦੇ ਨਾਲ ਲਗਦੀਆਂ ਜਗ੍ਹਾਂ-ਜਮੀਨਾਂ ਨੂੰ ਕੌਮ ਦੇ ਨਾਂ ਕਰਕੇ ਇਤਿਹਾਸ ਰੱਚਿਆ ਸੀ। ਜਿਸ ਨੂੰ ਪੰਥਰਤਨ ਬਾਬਾ ਹਰਬੰਸ ਸਿੰਘ ਨੇ ਉਸਾਰ ਅਤੇ ਸਵਾਰ ਕੇ ਸੁੰਦਰ ਦਿੱਖ ’ਚ ਬਦਲਿਆ ਸੀ। ਜਦਕਿ ਸਰਨਾ ਦਲ ਦਾ ਮਾੜਾ ਪ੍ਰਬੰਧ ਗੁਜਰਾਵਾਲਾ ਟਾਊਨ ਦੇ ਵੱਡੇ ਪਲਾਟ ’ਤੇ ਸ਼ਰਾਰਤੀ ਅਨਸਰਾਂ ਦੇ ਕਬਜੇ, ਨਰੇਲਾ ਵਿਖੇ ਇੰਜੀਨੀਅਰਿੰਗ ਕਾਲਜ ਦੇ ਪਲਾਟ ਨੂੰ ਸਰਕਾਰ ਤੋਂ ਲੈਣ ’ਚ ਨਾਕਾਮਯਾਬੀ, ਬਾਲਾ ਸਾਹਿਬ ਹਸਪਤਾਲ ਨਿਜ਼ੀ ਹੱਥਾਂ ’ਚ ਦੇਣ ਅਤੇ ਬੰਗਲਾ ਸਾਹਿਬ ਦੀ ਕਾਰ ਪਾਰਕਿੰਗ ਐਨ.ਡੀ.ਐਮ.ਸੀ. ਨੂੰ ਦੇਣ ਵਾਲੇ ਲੱਚਰ ਪ੍ਰਬੰਧ ਦਾ ਪ੍ਰਤੀਕ ਸੀ। ਉਨ੍ਹ੍ਹਾਂ ਕਿਹਾ ਕਿ ਜਥੇਦਾਰ ਸੰਤੋਖ ਸਿੰਘ ਵੱਲੋਂ ਕੀਤੇ ਗਏ ਕਾਰਜਾਂ ਦਾ ਮੁਕਾਬਲਾ ਸਰਨਾ ਭਰਾ ਕੱਦੇ ਵੀ ਨਹੀਂ ਕਰ ਸਕਦੇ। ਇਸ ਕਰਕੇ ਸਿਆਸੀ ਤੌਰ ’ਤੇ ਜਥੇਦਾਰ ਸੰਤੋਖ ਸਿੰਘ ਦੇ ਖਿਲਾਫ਼ ਬੋਲਣਾ ਉਨ੍ਹਾਂ ਦੀ ਮਜਬੂਰੀ ਵੀ ਹੈ। ਜੇਕਰ ਜਥੇਦਾਰ ਸੰਤੋਖ ਸਿੰਘ ਵੱਲੋਂ ਕੀਤੇ ਗਏ ਕਾਰਜਾਂ ਨੂੰ ਦਿੱਲੀ ਦੀ ਸਿੱਖ ਸਿਆਸਤ ’ਚੋਂ ਬਾਹਰ ਕੱਢ ਦਿੱਤਾ ਜਾਵੇ ਤਾਂ ਸ਼ਾਇਦ ਸਾਡੇ ਕੋਲ ਵਿਖਾਉਣ ਵਾਸਤੇ ਕੁਝ ਵੀ ਨਹੀਂ ਬੱਚਦਾ। ਇਸ ਲਈ ਬਚਕਾਨੀ ਸਿਆਸਤ ਦੇ ਪੈਰੋਕਾਰਾਂ ਨੂੰ ਜਥੇਦਾਰ ਸੰਤੋਖ ਸਿੰਘ ਵੱਲੋਂ ਕੌਮ ਦੇ ਲਈ ਪ੍ਰਾਪਤ ਕੀਤੀਆਂ ਗਈਆਂ ਜਮੀਨਾਂ ਅਤੇ ਸਥਾਪਿਤ ਕੀਤੇ ਗਏ ਵਿੱਦਿਅਕ ਅਦਾਰਿਆਂ ਦੇ ਬਾਰੇ ਸੋਚਣ ਲਈ ਦਿਮਾਗ ਦੀ ਖਿੜਕੀ ਨੂੰ ਖੁਲ੍ਹਾ ਰੱਖਣਾ ਚਾਹੀਦਾ ਹੈ। ਉਨ੍ਹਾਂ ਸਲਾਹ ਦਿੱਤੀ ਕਿ ਦਿੱਲੀ ਦੀ ਸੰਗਤਾਂ ਵੱਲੋਂ ਬੀਤੀਆਂ 2 ਚੋਣਾਂ ’ਚ ਘਰ ਬਿਠਾ ਦਿੱਤੇ ਗਏ ਸਰਨਾ ਭਰਾਵਾਂ ਨੂੰ ਨੈਤਿਕਤਾ ਦਾ ਤਕਾਜ਼ਾ ਸਮਝਦੇ ਹੋਏ ਆਪਣੇ ਦਲ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਸਥਿਤ ਦਫ਼ਤਰ ਨੂੰ ਤੁਰੰਤ ਖਾਲੀ ਕਰਕੇ ਕਮੇਟੀ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ ਤਾਂਕਿ ਉਸ ਦਫ਼ਤਰ ਦੀ ਯੋਗ ਥਾਂ ’ਤੇ ਕਮੇਟੀ ਵਰਤੋਂ ਕਰ ਸਕੇ। —PTC News

Related Post